ਰਿਓ ਓਲੰਪਿਕ: ਮਹਿਲਾ ਹਾਕੀ ਤੋਂ
ਉਮੀਦਾਂ !
ਭਾਰਤੀ ਮਹਿਲਾ ਹਾਕੀ ਟੀਮ ਵਲੋਂ 35 ਸਾਲ ਬਾਅਦ ਓਲੰਪਿਕ ਖੇਡਾਂ (ਰਿਓ 2016) ਲਈ ਕੁਆਲੀਫਾਈ ਕਰਨ ਦੀ ਖਬਰ ਤੋਂ ਬਾਅਦ, ਭਾਰਤੀ ਹਾਕੀ ਦੇ ਚਾਹਵਾਨਾਂ ਚ ਖੁਸੀ ਦੀ ਲਹਿਰ ਮਹਿਸੂਸ ਕੀਤੀ ਜਾ ਸਕਦੀ ਹੈ| ਸਭ ਤੋਂ ਪਹਿਲਾਂ ਤਾਂ ਇਸਦੇ ਲਈ ਭਾਰਤੀ ਮਹਿਲਾ ਹਾਕੀ ਟੀਮ ਦੀਆਂ ਖਿਡਾਰਨਾਂ ਦੀ ਮਿਹਨਤ ਨੂੰ ਵੀ ਸਜਦਾ ਕਰਨਾ ਬਣਦਾ ਹੈ| ਪਰ ਨਾਲ ਹੀ ਇਸ ਗੱਲ ਦਾ ਅਹਿਸਾਸ ਹੋਣਾ ਜਰੂਰੀ ਹੈ ਕਿ ਓਲੰਪਿਕ ਖੇਡਾਂ ਚ ਆਪਣਾ ਸਰਵੋਤਮ ਪ੍ਰਦਰਸ਼ਨ ਦੇਣ ਲਈ ਤਿਆਰੀਆਂ ਵਜੋਂ ਅਜੇ ਭਾਰਤੀ ਟੀਮ ਵਲੋਂ ਕਾਫੀ ਕੁਝ ਕਰਨਾ ਬਾਕੀ ਹੈ|
ਯਾਦ ਰਹੇ ਕਿ ਰਿਓ ਦੀਆਂ ਓਲੰਪਿਕ ਖੇਡਾਂ ਦੀ ਸ਼ੁਰੁਆਤ ਹੋਣ ਚ ਹੁਣ ਇੱਕ ਸਾਲ ਤੋਂ ਵੀ ਘੱਟ ਦਾ ਸਮਾਂ ਬਾਕੀ ਹੈ| ਭਾਰਤੀ ਮਹਿਲਾ ਹਾਕੀ ਟੀਮ ਦੇ ਕੁਆਲੀਫਾਈ ਹੋਣ ਦੀਆਂ ਖਬਰਾਂ ਭਾਂਵੇ ਹਾਕੀ ਦੇ ਪ੍ਰਸ਼ਾਸਕਾਂ, ਪ੍ਰਸ਼ੰਸਕਾ ਅਤੇ ਖਿਡਾਰੀਆਂ ਲਈ ਕਾਫੀ ਸੁਖਾਂਤ ਵਾਲੀਆਂ ਹੋਣ, ਪਰ ਜੇਕਰ ਅਸੀਂ ਭਾਰਤੀ ਹਾਕੀ ਟੀਮ ਦੇ ਇਸ ਸਾਲ ਦੇ ਪ੍ਰਦਰਸ਼ਨ ਤੇ ਹੀ ਨਜ਼ਰ ਮਾਰੀਏ ਤਾਂ ਇਹ ਕਿਹਾ ਜਾ ਸਕਦਾ ਹੈ, ਕਿ ਸਾਨੂੰ ਅਜੇ ਬਹੁਤੇ ਆਸ਼ਾਵਾਦੀ ਨਹੀਂ ਹੋਣਾ ਚਾਹੀਦਾ|
ਭਾਰਤੀ ਟੀਮ ਨੇ ਸਾਲ 2015 ਦਾ ਪਹਿਲਾ ਦੌਰਾ ਸਪੇਨ ਦਾ ਕੀਤਾ (10 ਤੋਂ 24 ਫ਼ਰਵਰੀ), ਜਿਸ ਚ ਭਾਰਤੀ ਹਾਕੀ ਟੀਮ ਨੇ ਸਪੇਨ ਨਾਲ ਦੋ ਮੈਚ ਖੇਡੇ| ਇਨਾਂ ਦੋ ਮੈਚਾਂ ਚ ਭਾਰਤੀ ਟੀਮ ਨੂੰ ਇੱਕ ਮੈਚ ਜਿੱਤ ਹਾਸਿਲ ਹੋਈ ਅਤੇ ਇੱਕ ਚ ਬਿਨਾਂ ਕਿਸੇ ਗੋਲ ਤੋਂ ਬਰਾਬਰੀ ਨਾਲ ਹੀ ਸਬਰ ਕਰਨਾ ਪਿਆ| ਇਥੇ ਇਹ ਵੀ ਦੱਸਣਾ ਜਰੂਰੀ ਬਣ ਜਾਂਦਾ ਹੈ ਕਿ ਅੰਤਰਰਾਸ਼ਟਰੀ ਪੱਧਰ
ਤੇ ਸਪੇਨ ਟੀਮ ਦੀ ਰੈਂਕਿੰਗ ਭਾਰਤੀ ਟੀਮ ਨਾਲੋਂ ਇੱਕ ਸਥਾਨ ਹੇਠਾਂ ਹੈ| ਇਸ ਦੌਰੇ ਦੌਰਾਨ ਭਾਰਤੀ ਟੀਮ ਨੇ ਇੱਕ ਮੈਚ ਜਰਮਨ ਨਾਲ ਵੀ ਖੇਡਿਆ, ਜਿਸ ਚ ਭਾਰਤੀ ਟੀਮ ਨੇ ਜਿੱਤ ਹਾਸਿਲ ਕੀਤੀ|
7 ਮਾਰਚ ਤੋਂ ਲਈ ਕੇ 15 ਮਾਰਚ ਤੱਕ ਵਰਲਡ ਲੀਗ ਰਾਉਂਡ ਟੂ ਚ ਭਾਰਤੀ ਹਾਕੀ ਟੀਮ ਦਾ ਪ੍ਰਦਰਸ਼ਨ ਕਾਫੀ ਪ੍ਰਸ਼ੰਸ਼ਾਯੋਗ ਰਿਹਾ, ਜਿਸਦੇ ਮੁਕਾਬਲੇ ਦਿੱਲੀ ਚ ਖੇਡੇ ਗਏ ਸਨ | ਇਸ ਵਰਲਡ ਲੀਗ ਰਾਉਂਡ ਟੂ ਚ ਭਾਗ ਲੈਣ ਵਾਲੀਆਂ ਸਾਰੀਆਂ ਹੀ ਟੀਮਾਂ ਦੀ ਰੈਂਕਿੰਗ ਭਾਰਤੀ ਮਹਿਲਾ ਹਾਕੀ ਟੀਮ ਤੋਂ ਹੇਠਾਂ ਸੀ| ਫਾਇਨਲ ਮੁਕਾਬਲੇ ਚ ਭਾਰਤੀ ਟੀਮ ਨੇ 24ਵਾਂ ਸਥਾਨ ਹਾਸਿਲ ਪੋਲੈਂਡ ਦੀ ਟੀਮ ਨੂੰ 3-1 ਨਾਲ ਹਰਾਇਆ|
ਇਸਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ 11 ਤੋਂ 19 ਅਪ੍ਰੈਲ ਤੱਕ ਨਿਊਜੀਲੈਂਡ ਦੇ ਦੌਰੇ ਤੇ ਹਾਕਸ ਬੇ ਕੱਪ ਚ ਹਿੱਸਾ ਲੈਣ ਪਹੁੰਚੀ| ਇਸ ਮੁਕਾਬਲੇ ਚ ਭਾਰਤੀ ਹਾਕੀ ਟੀਮ ਤੋਂ ਇਲਾਵਾ ਚੀਨ, ਆਸਟਰੇਲੀਆ, ਅਮਰੀਕਾ, ਜਾਪਾਨ, ਅਰਜਨਟੀਨਾ, ਕੋਰੀਆ ਅਤੇ ਮੇਜ਼ਬਾਨ ਦੇਸ਼ ਨਿਊਜੀਲੈਂਡ ਸ਼ਾਮਿਲ ਸਨ| ਇਸ ਮੁਕਾਬਲੇ ਚ ਭਾਰਤੀ ਟੀਮ ਜਾਪਾਨ ਨੂੰ ਹਰਾ ਕੇ ਸੱਤਵੇਂ ਸਥਾਨ ਤੇ ਰਹੀ ਅਤੇ ਪੂਰੇ ਮੁਕਾਬਲੇ ਦੌਰਾਨ ਖੇਡੇ ਗਏ ਮੈਚਾਂ ਚ ਸਿਰਫ ਇੱਕ ਜਿੱਤ ਹਾਸਿਲ ਹੋਈ ਜਦਕਿ ਆਸਟਰੇਲੀਆ ਖਿਲਾਫ਼ ਮੈਚ ਬਿਨਾ ਕਿਸੇ ਗੋਲ ਤੋਂ ਬਰਾਬਰੀ ਤੇ ਰਿਹਾ ਸੀ, ਪਰ ਇਸਤੋਂ ਇਲਾਵਾ ਭਾਰਤੀ ਟੀਮ ਨੂੰ ਹਰ ਇੱਕ ਮੈਚ ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ|
ਜੂਨ 20 ਤੋਂ ਜੁਲਾਈ 05 ਤੱਕ ਬੇਲਜੀਅਮ ਚ ਖੇਡੀ ਗਈ ਵਰਲਡ ਹਾਕੀ ਲੀਗ ਦੇ ਸੈਮੀਫਾਇਨਲ ਮੁਕਾਬਲੇ ਚ ਭਾਰਤੀ ਹਾਕੀ ਟੀਮ ਕੁਝ ਖਾਸ ਨਹੀਂ ਕਰ ਸਕੀ| ਇਸ ਪੂਰੇ ਮੁਕਾਬਲੇ ਚ ਭਾਰਤੀ ਟੀਮ ਨੇ ਸੱਤ ਮੈਚ ਖੇਡੇ ਅਤੇ ਸਿਰਫ ਤਿੰਨ ਮੈਚਾਂ ਚ ਹੀ ਜਿੱਤ (ਇਟਲੀ, ਪੋਲੈਂਡ ਅਤੇ ਜਪਾਨ ਖਿਲਾਫ਼) ਹਾਸਿਲ ਹੋਈ| ਇਨਾਂ ਤਿੰਨ ਜਿੱਤਾਂ ਚੋਂ ਜਪਾਨ ਖਿਲਾਫ਼ ਦਰਜ ਕੀਤੀ ਗਈ ਜਿੱਤ ਖਾਸ ਸੀ, ਕਿਓਂਕਿ ਜਪਾਨ ਟੀਮ ਦੀ ਰੈਂਕਿੰਗ ਭਾਰਤੀ ਟੀਮ ਦੇ ਮੁਕਾਬਲੇ ਬਹਿਤਰ ਸੀ ਅਤੇ ਮੁਕਾਬਲਾ ਵੀ ਪੰਜਵੇਂ ਅਤੇ ਛੇਵੇਂ ਸਥਾਨ ਲਈ ਸੀ| ਇਸਤੋਂ ਇਲਾਵਾ ਮੁਕਾਬਲੇ ਚ ਸ਼ਾਮਿਲ ਹੋਰਨਾਂ ਵੱਡੀਆਂ ਟੀਮਾਂ ਕੋਲੋਂ ਭਾਰਤੀ ਟੀਮ ਕਾਫੀ ਬੁਰੇ ਤਰੀਕੇ ਨਾਲ ਮੈਚ ਹਾਰੀ ਸੀ|
ਭਾਰਤੀ ਟੀਮ ਦਾ ਪ੍ਰਦਰਸ਼ਨ ਬਹੁਤਾ
ਵਧੀਆ ਨਾਂ ਹੋਣ ਕਾਰਨ, ਓਲੰਪਿਕ ਚ ਦਾਖਿਲ ਹੋਣ ਲਈ ਭਾਰਤੀ ਮਹਿਲਾ ਹਾਕੀ ਟੀਮ ਨੂੰ ਇਸ ਵਾਰ ਹੋਰਨਾਂ
ਦੇਸ਼ਾਂ ਤੇ ਨਿਰਭਰ ਹੋਣਾ ਪਿਆ| ਇੱਕ ਪਾਸੇ ਜਿਥੇ ਮੇਜ਼ਬਾਨ ਦੇਸ਼ ਬ੍ਰਾਜੀਲ ਨੂੰ ਓਲੰਪਿਕ ਦੇ ਹਾਕੀ ਮੁਕਾਬਲਿਆਂ
ਚ ਸ਼ਾਮਿਲ ਨਹੀਂ ਕੀਤਾ ਗਿਆ (ਆਇਓਸੀ ਅਤੇ ਏਫ਼ਆਈਏਚ ਦੀਆਂ ਸ਼ਰਤਾਂ ਨਾਂ ਪੂਰੀਆਂ ਹੋਣ ਕਾਰਣ) ਉੱਥੇ ਦੂਸਰੇ
ਪਾਸੇ ਯੂਰਪੀਅਨ ਦੇਸ਼ਾਂ ਦੇ ਹੋਏ ਮੁਕਾਬਲੇ ਚ ਸਪੇਨ ਦੀ ਬ੍ਰਿਟੇਨ ਹਥੋਂ ਹਾਰ ਨੇ ਵੀ ਭਾਰਤੀ ਹਾਕੀ ਟੀਮ
ਦੀ ਰਿਓ ਓਲੰਪਿਕ ਖੇਡਾਂ ਲਈ ਟਿਕਟ ਕਟਵਾਉਣ ਚ ਮਦਦ ਕੀਤੀ| ਸਪੇਨ ਦੀ ਹਾਰ ਨਾਲ ਰੈਂਕਿੰਗ ਦੇ ਅਧਾਰ ਤੇ
ਭਾਰਤੀ ਟੀਮ ਨੂੰ ਰਿਓ ਓਲੰਪਿਕ ਦੀ ਟਿਕਟ ਮਿਲੀ|
ਸੋ ਹੁਣ ਮੁਲਾਂਕਣ ਵਜੋਂ ਇਹ ਵੀ
ਕਿਹਾ ਜਾ ਸਕਦਾ ਹੈ, ਕਿ ਭਾਰਤੀ ਟੀਮ ਦਾ ਇਸ ਵਰ੍ਹੇ ਦਾ ਪ੍ਰਦਰਸ਼ਨ ਕੋਈ ਜਿਆਦਾ ਵਧੀਆ ਨਹੀਂ ਰਿਹਾ, ਪਰ
ਇਸਦੇ ਬਾਵਜੂਦ ਵੀ ਹੋਰਨਾਂ ਦੇਸ਼ਾਂ ਦੇ ਵਧੀਆ ਪ੍ਰਦਰਸ਼ਨ ਦੇ ਅਧਾਰ ਤੇ ਭਾਰਤੀ ਹਾਕੀ ਟੀਮ ਨੂੰ ਰਿਓ ਓਲੰਪਿਕ
ਖੇਡਾਂ ਚ ਦਾਖਲਾ ਜਰੂਰ ਮਿਲਿਆ ਹੈ| ਭਾਰਤੀ ਹਾਕੀ ਟੀਮ ਦੀ ਓਲੰਪਿਕ ਖੇਡਾਂ ਚ ਸ਼ਮੂਲੀਅਤ ਤੋਂ ਬਾਅਦ ਹੁਣ
ਹਾਕੀ ਮਾਹਿਰਾਂ ਦੀ ਨਜ਼ਰ ਭਾਰਤੀ ਹਾਕੀ ਟੀਮ ਦੀਆਂ ਓਲੰਪਿਕ ਖੇਡਾਂ ਚ ਆਪਣੇ ਪ੍ਰਦਰਸ਼ਨ ਨੂੰ ਸੁਧਾਰਨ ਲਈ
ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਵੱਲ ਜਰੂਰ ਰਹੇਗੀ|
ਜੇਕਰ ਅਸੀਂ ਭਾਰਤੀ ਮਹਿਲਾ ਹਾਕੀ ਟੀਮ ਦੇ ਓਲੰਪਿਕ ਇਤਿਹਾਸ ਤੇ ਨਜ਼ਰ ਮਾਰੀਏ ਤਾਂ, ਅਜੇ ਤੱਕ ਭਾਰਤੀ ਮਹਿਲਾ ਹਾਕੀ ਟੀਮ ਵਲੋਂ ਸਭ ਤੋਂ ਵੱਡੀ ਸਫਲਤਾ ਲੰਬਾ ਅਰਸਾ ਪਹਿਲਾਂ
ਹਾਸਿਲ ਕੀਤੀ ਗਈ ਸੀ| ਸਾਲ 1980 ਦੀਆਂ ਓਲੰਪਿਕ ਖੇਡਾਂ ਚ ਭਾਰਤੀ ਟੀਮ ਨੂੰ ਚੌਥਾ ਸਥਾਨ ਹਾਸਿਲ ਹੋਇਆ ਸੀ ਅਤੇ ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਮਹਿਲਾ ਹਾਕੀ ਦੀ ਰੈਂਕਿੰਗ ਸੂਚੀ ਚ ਮੌਜੂਦਾ ਸਮੇਂ ਦੌਰਾਨ 13ਵੇਂ ਸਥਾਨ ਤੇ ਕਾਬਿਜ ਹੈ| ਹੁਣ ਇਨਾਂ ਹਲਾਤਾਂ ਚ, ਭਾਰਤੀ ਹਾਕੀ ਦੇ ਪ੍ਰਸ਼ੰਸਕਾ ਦਾ, ਹਾਕੀ ਦੇ ਪ੍ਰਸ਼ਾਸਕਾਂ ਦਾ ਅਤੇ ਖੁਦ ਖਿਡਾਰੀਆਂ ਨੂੰ ਸੱਚ ਤੋਂ ਵਾਕਿਫ਼ ਹੋਣਾ ਜਰੂਰੀ ਹੈ, ਤਾਂ ਕਿ ਇੱਕ ਸਾਲ ਦੇ ਸੀਮਤ ਸਮੇਂ ਦੌਰਾਨ ਵੀ ਸਖ਼ਤ ਮਿਹਨਤ ਅਤੇ ਯੋਜਨਾ ਨਾਲ ਰਿਓ ਓਲੰਪਿਕ ਖੇਡਾਂ ਚ ਵੱਡੀ ਸਫ਼ਲਤਾ ਹਾਸਿਲ ਕੀਤੀ ਜਾ ਸਕੇ|
ਭਾਰਤੀ ਹਾਕੀ ਦੇ ਬਾਕੀ ਪ੍ਰਸ਼ੰਸਕਾ ਵਾਂਗ ਮੈਂ ਵੀ ਇਹ ਆਸ ਕਰਦਾ ਹਾਂ ਕਿ ਭਾਰਤੀ ਹਾਕੀ ਟੀਮ ਰਿਓ ਓਲੰਪਿਕ ਖੇਡਾਂ ਚ ਜਰੂਰ ਬਿਹਤਰ ਪ੍ਰਦਰਸ਼ਨ ਕਰੇਗੀ ਪਰ ਮੇਰੇ ਮੁਤਾਬਿਕ ਪਹਿਲੀਆਂ ਛੇ ਟੀਮਾਂ ਚ ਆਉਣਾ ਹੀ ਭਾਰਤੀ ਮਹਿਲਾ ਹਾਕੀ ਟੀਮ ਲਈ ਇੱਕ ਵੱਡੀ ਪ੍ਰਾਪਤੀ ਹੋਵੇਗੀ| ਖੈਰ ਉਮੀਦ ਨੂੰ ਬਰਕਰਾਰ ਰੱਖਦਿਆਂ ਕਹਿਣਾ ਚਾਹਾਂਗਾ ਕਿ
ਭਾਰਤੀ ਟੀਮ ਆਪਣੀ ਮਿਹਨਤ ਨਾਲ ਤਮਗਾ ਹਾਸਿਲ ਕਰਨ ਲਈ ਜੋਰ ਜਰੂਰ ਲਗਾਏ, ਤਾਂਕਿ ਮਹਿਲਾ ਹਾਕੀ ਨੂੰ ਭਾਰਤ ਚ ਹੋਰ ਹੁੰਗਾਰਾ ਮਿਲ ਸਕੇ|
ਅਮਰਿੰਦਰ ਸਿੰਘ ਗਿੱਦਾ