ਕੀ ਦੱਸਾਂਗੇ ਕਬੱਡੀ ਵਿਸ਼ਵ ਕੱਪ ਵਾਰੇ ?
ਪੰਜਾਬ ਚ ਅਕਾਲੀ ਭਾਜਪਾ ਸਰਕਾਰ ਸੱਤਾ ਤੋਂ ਬਾਹਰ ਹੋ ਚੁੱਕੀ ਹੈ | ਅਕਾਲੀ ਭਾਜਪਾ ਸਕਰਾਰ ਵਲੋਂ ਪਿੱਛਲੇ ਕਈ ਸਾਲਾਂ ਤੋਂ ਕਬੱਡੀ ਵਿਸ਼ਵ ਕੱਪ ਕਰਵਾਇਆ ਜਾ ਰਿਹਾ ਸੀ, ਹਾਲਾਂਕਿ ਬੀਤੇ ਸਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਕੁਝ ਕੁ ਦੇਸ਼ਾਂ ਦੀਆਂ ਟੀਮਾਂ ਨੇ ਆਪਣੇ ਨਾਮ ਵਾਪਿਸ ਲੈ ਲਏ ਸਨ ਅਤੇ ਸਰਕਾਰ ਵਲੋਂ ਵੀ ਵਿਸ਼ਵ ਕੱਪ ਨਾ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ | ਸੱਤਾ ਚ ਤਬਦੀਲੀ ਆਉਣ ਤੋਂ ਬਾਅਦ ਹੁਣ ਸਵਾਲ ਉੱਠਦਾ ਹੈ, ਕੀ ਇਸ ਵਾਰ ਵਿਸ਼ਵ ਕੱਪ ਹੋਵੇਗਾ? ਕਬੱਡੀ ਵਿਸ਼ਵ ਕੱਪ ਦੀਆਂ ਸੰਭਾਵਨਾਵਾਂ ਇਸ ਵਾਰ ਬਿਲਕੁੱਲ ਨਾਂਹ ਦੇ ਬਰਾਬਰ ਹਨ, ਪਰ ਨਾਲ ਹੀ ਇਹ ਵੀ ਸਵਾਲ ਉੱਠਦਾ ਹੈ, ਕੇ ਇਸਨੂੰ ਲੈ ਕੇ ਅਸੀਂ ਵੱਖ-ਵੱਖ ਦੇਸ਼ਾਂ ਦੇ ਮੂਲ ਖਿੱਤੇ ਨਾਲ ਸਬੰਧਿਤ ਖਿਡਾਰੀਆਂ ਨੂੰ ਕੀ ਦੱਸਾਂਗੇ?
ਨਿਊਜ਼ੀਲੈਂਡ, ਡੈਨਮਾਰਕ ਦੀਆਂ ਮਹਿਲਾ ਕਬੱਡੀ ਟੀਮਾਂ 'ਚ ਖੇਡਦੀਆਂ ਉੱਥੋਂ ਦੀਆਂ ਮੂਲ ਖਿਡਾਰਨਾਂ ਜਾਂ ਫਿਰ ਪੁਰਸ਼ ਵਰਗ ਚ ਸੀਰੀਆ ਲਿਓਨ ਦੀ ਟੀਮ 'ਚ ਖੇਡਦੇ ਖਿਡਾਰੀਆਂ ਨੂੰ ਅਸੀਂ ਕੀ ਜਵਾਬ ਦੇਵਾਂਗੇ | ਸਵਾਲ ਉੱਠਣੇ ਲਾਜਮੀ ਨੇ | ਜੇਕਰ ਵਿਸ਼ਵ ਕੱਪ ਇਸ ਵਾਰ ਕਿਸੇ ਵੀ ਕਾਰਨ ਕਰਕੇ ਨਹੀਂ ਹੁੰਦਾ ਤਾਂ ਬਿਨਾਂ ਸ਼ੱਕ ਉਥੋਂ ਦੇ ਮੂਲ ਖਿਡਾਰੀਆਂ ਦਾ ਇਸ ਖੇਡ ਦੇ ਪ੍ਰਤੀ ਪਿਆਰ ਘਟੇਗਾ ਅਤੇ ਇਸਦਾ ਸਿੱਧਾ ਅਸਰ ਇਸ ਖੇਡ ਦੇ ਵਿਕਾਸ ਤੇ ਪੈਣਾ ਲਾਜਮੀ ਹੈ | ਇਹ ਵੀ ਹੋ ਸਕਦਾ ਹੈ, ਕਿ ਵੱਖ-ਵੱਖ ਦੇਸ਼ਾਂ ਦੇ ਮੂਲ ਖਿਡਾਰੀ ਕਬੱਡੀ ਤੋਂ ਪੂਰਨ ਰੂਪ ਵਜੋਂ ਹੀ ਕਿਨਾਰਾ ਕਰ ਲੈਣ | ਇਹ ਗੱਲ ਮੈਂ ਇਸ ਲਈ ਵੀ ਕਹਿ ਰਿਹਾ ਹਾਂ, ਕਿਓਂਕਿ ਨਿਊਜ਼ੀਲੈਂਡ ਦੀ ਕਬੱਡੀ ਟੀਮ 'ਚ ਖੇਡਦੀਆਂ ਕੁਝ ਖਿਡਾਰਨਾਂ ਉਥੋਂ ਦੀ ਰਗਬੀ ਲੀਗ ਦਾ ਵੀ ਹਿੱਸਾ ਸਨ ਅਤੇ ਆਪਣੇ ਲੰਬੇ ਖੇਡ ਕਰੀਅਰ ਲਈ ਕੋਈ ਵੀ ਖਿਡਾਰੀ ਇਨਾਂ ਹਲਾਤਾਂ (ਆਪਣੇ ਵਾਲਿਆਂ ਨੂੰ ਛੱਡ ਕੇ) 'ਚ ਕਬੱਡੀ ਨੂੰ ਕਰੀਅਰ ਦੇ ਰੂਪ ਵਜੋਂ ਅਪਨਾਉਣ ਵਾਰੇ ਨਹੀਂ ਸੋਚੇਗਾ |
ਵੋਟਾਂ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਅਕਸਰ ਇਹ ਬਿਆਨ ਆਉਂਦਾ ਸੀ, ਕਿ ਕਬੱਡੀ ਨੂੰ ਓਲੰਪਿਕ ਖੇਡਾਂ ਤੱਕ ਲਿਜਾਇਆ ਜਾਵੇਗਾ, ਪਰ ਉਸ ਨੂੰ ਲੈ ਕੇ ਕੀ ਕੰਮ ਕੀਤਾ ਗਿਆ ਇਸ ਵਾਰੇ ਕਦੇ ਵੀ ਕੋਈ ਜਾਣਕਾਰੀ ਦਿੱਤੀ ਨਹੀਂ ਗਈ | 2020 ਦੀਆਂ ਓਲੰਪਿਕ ਖੇਡਾਂ ਚ ਕਬੱਡੀ ਨੂੰ ਦੇਖਣ ਦਾ ਸੁਪਨਾ ਰੱਖਣ ਵਾਲੇ ਰਾਜਨੇਤਾ ਅੱਜ ਕਿੱਥੇ ਨੇ, ਕਿਓਂ ਨਹੀਂ ਕਬੱਡੀ ਵਿਸ਼ਵ ਕੱਪ ਨੂੰ ਲੈ ਕੇ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ? ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਇਸ ਖੇਡ ਲਈ ਕਿਓਂ ਨਹੀਂ ਯਤਨ ਕੀਤੇ ਜਾ ਰਹੇ, ਫਿਰ ਭਾਂਵੇ ਉਹ ਓਲੰਪਿਕ ਤੱਕ ਪਹੁੰਚਾਉਣ ਦੇ ਬਿਆਨ ਹੋਣ ਜਾਂ ਫਿਰ ਵਿਸ਼ਵ ਕੱਪ ਕਰਵਾਉਣਾ ? ਮਾਂ ਖੇਡ ਕਬੱਡੀ ਨੂੰ ਓਲੰਪਿਕ ਤੱਕ ਲਈ ਕੇ ਜਾਣ ਦਾ ਸੁਖਵੀਰ ਸਿੰਘ ਬਾਦਲ ਦਾ ਉਹ ਸੁਪਨਾ ਕਿੱਥੇ ਗਿਆ? ਹੁਣ ਸਮਰਥਕ ਇਹ ਸਵਾਲ ਵੀ ਉਠਾਉਣਗੇ ਕਿ ਅਕਾਲੀ ਭਾਜਪਾ ਸੱਤਾ ਚ ਨਹੀਂ, ਪਰ ਅਸਲ ਗੱਲ ਇਹ ਹੈ ਕੇ ਬੀਤੇ ਸਾਲਾਂ ਚ ਕਬੱਡੀ ਵਿਸ਼ਵ ਕੱਪ ਦੇ ਆਯੋਜਨ ਤੋਂ ਇਲਾਵਾ ਕਬੱਡੀ ਦੀ ਭਲਾਈ ਲਈ ਸਰਕਾਰ ਨੇ ਇੱਕ ਵੀ ਕੰਮ ਨਹੀਂ ਕੀਤਾ| ਨਾ ਤਾ ਸਰਕਾਰ ਵਲੋਂ ਕੋਈ ਅੰਤਰਰਾਸ਼ਟਰੀ ਕਬੱਡੀ ਦੀ ਸੰਸਥਾ ਬਣਾਈ ਗਈ, ਜਿਸਦੇ ਤਹਿਤ ਇਹ ਯਕੀਨੀ ਬਣਾਇਆ ਜਾ ਸਕਦਾ ਸੀ, ਕਿ ਸਰਕਾਰ ਭਾਂਵੇ ਕੋਈ ਵੀ ਆਵੇ ਪਰ ਅੰਤਰਰਾਸ਼ਟਰੀ ਸੰਸਥਾ ਦੇ ਸਹਿਯੋਗ ਨਾਲ ਕਬੱਡੀ ਵਿਸ਼ਵ ਕੱਪ ਹੁੰਦਾ ਰਹੇਗਾ, ਪਰ ਨਹੀਂ ਇਰਾਦੇ ਕੁਝ ਹੋਰ ਸਨ|
ਨਾ ਕੋਈ ਪੱਕੇ ਨਿਯਮ ਬਣਾਏ ਗਏ ਜਿਸ ਨਾਲ ਦੁਨੀਆ ਭਰ 'ਚ ਕਬੱਡੀ ਨੂੰ ਇੱਕੋ ਹੀ ਢਾਂਚੇ ਚ ਪਰੋਇਆ ਜਾ ਸਕੇ, ਜਿਵੇ ਕੇ ਹਰ ਖੇਡ ਚ ਹੈ | ਸੱਤਾ ਚ ਹੁੰਦਿਆਂ ਵਿਧਾਨਸਭਾ ਚ ਕੋਈ ਵੀ ਅਜਿਹਾ ਮਤਾ ਵੀ ਨਹੀਂ ਰੱਖਿਆ ਗਿਆ, ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਸੀ ਆਉਣ ਵਾਲੀ ਕੋਈ ਵੀ ਸਕਰਾਰ ਕਬੱਡੀ ਦਾ ਵਿਸ਼ਵ ਕੱਪ ਇਸੇ ਤਰਾਂ ਜਾਰੀ ਰੱਖੇ| ਕੋਈ ਵੀ ਸਰਕਾਰ ਅਕਸਰ ਕਿਸੇ ਵੀ ਪੱਖ ਦੇ ਵਿਕਾਸ ਲਈ ਬਜ਼ਟ 'ਚ ਉਸਦਾ ਰਾਖਵਾਂ ਹਿੱਸਾ ਜਰੂਰ ਰੱਖਦੀ ਹੈ, ਪਰ ਪੰਜਾਬ ਸਕਰਾਰ (ਫਿਰ ਭਾਂਵੇ ਉਹ ਅਕਾਲੀ ਭਾਜਪਾ ਸਰਕਾਰ ਹੋਵੇ ਜਾਂ ਮੌਜੂਦਾ ਸਰਕਾਰ) ਦੇ ਜਾਰੀ ਕੀਤੇ ਗਏ ਬਜ਼ਟ 'ਚ ਕਦੇ ਵੀ ਕਬੱਡੀ ਲਈ ਇਸ ਤਰਾਂ ਦੀ ਕੋਈ ਵੀ ਯੋਜਨਾ ਦੇਖਣ ਨੂੰ ਨਹੀਂ ਮਿਲੀ| ਕਬੱਡੀ ਵਿਸ਼ਵ ਕੱਪ ਦੇ ਆਯੋਜਨ 'ਚ ਰੁਪਏ ਖਰਚ ਕਰਨ ਵਾਲੀ ਇੱਕ ਕੰਪਨੀ ਦਾ ਕਥਿਤ ਤੌਰ ਤੇ ਵੱਡੇ ਘਪਲਿਆਂ ਚ ਨਾਮਜਦ ਹੋਣਾ ਵੀ ਕਬੱਡੀ ਦੇ ਹਿੱਤ ਚ ਨਹੀਂ ਭੁਗਤਦਾ|
ਹੁਣ ਜਦੋਂ ਕਬੱਡੀ ਦੇ ਇਸ ਟੂਰਨਾਮੈਂਟ ਦਾ ਆਯੋਜਨ ਸ਼ੱਕ ਚ ਹੈ, ਤਾਂ ਖੇਡਾਂ ਨੂੰ ਆਪਣਾ ਕਿੱਤਾ ਬਣਾਉਣ ਵਾਲੇ ਖਿਡਾਰੀ ਇਸਤੋਂ ਜਰੂਰ ਮੁੱਖ ਮੋੜ ਲੈਣਗੇ, ਕਿਓਂਕਿ ਅਸੀਂ ਇਸਦੇ ਵਿਕਾਸ ਲਈ ਕੁਝ ਨਹੀਂ ਕਰ ਸਕੇ | ਪਰ ਹੁਣ ਸਵਾਲ ਇਹ ਹੈ ਕੇ ਇਨਾਂ ਬੀਤੇ ਸਾਲਾਂ ਦੇ ਦੌਰਾਨ ਜਿਨ੍ਹਾਂ ਖਿਡਾਰੀਆਂ ਨੇ ਇਸ ਟੂਰਨਾਮੈਂਟ ਵੱਲ ਦੇਖਕੇ ਇਸ ਖੇਡ ਨੂੰ ਅਪਣਾਇਆ, ਉਨਾਂ ਨੂੰ ਕੌਣ ਜਵਾਬ ਦੇਵੇਗਾ | ਕੀ ਇਹ ਦੱਸਿਆ ਜਾਂ ਫਿਰ ਕਿਹਾ ਜਾ ਸਕੇਗਾ, ਕੇ ਇਹ ਟੂਰਨਾਮੈਂਟ ਸਿਰਫ ਰਾਜਨੀਤਿਕ ਫਾਇਦੇ ਲਈ ਹੀ ਸੀ? ਜੇਕਰ ਨਹੀਂ ਤਾ ਫਿਰ ਅਸੀਂ ਉਨਾਂ ਵੱਖ-ਵੱਖ ਦੇਸ਼ਾਂ ਤੋਂ ਹਿੱਸਾ ਲੈਣ ਆਏ ਉਥੋਂ ਦੀ ਵਸੋਂ ਦੇ ਮੂਲ ਲੋਕਾਂ ਚੋ ਨਿੱਕਲੇ ਖਿਡਾਰੀਆਂ ਨੂੰ ਕੀ ਜਵਾਬ ਦੇਵਾਂਗੇ? ਕੀ ਮੌਜੂਦਾ ਕਾਂਗਰਸ ਸਰਕਾਰ ਕਬੱਡੀ ਵਿਸ਼ਵ ਕੱਪ ਕਰਵਾਏਗੀ? ਇਸ ਸਬੰਧੀ ਵੱਖ-ਵੱਖ ਦੇਸ਼ ਚ ਕਬੱਡੀ ਦੀਆਂ ਪ੍ਰਬੰਧਕੀ ਟੀਮਾਂ ਕੀ ਕਰਨਗੀਆਂ? ਇਹ ਸਾਰੇ ਸਵਾਲ ਜਵਾਬ ਮੰਗਦੇ ਨੇ, ਪਰ ਇਨਾਂ ਦਾ ਜਵਾਬ ਉਸ ਸਮੇਂ ਮਿਲੇਗਾ ਜਦ ਖੇਡਾਂ 'ਚੋਂ ਰਾਜਨੀਤੀ ਅਤੇ ਰਾਜਨੀਤਕ ਹਸਤੀਆਂ ਦੇ ਚਾਪਲੂਸ ਖੇਡਾਂ ਚੋਂ ਬਾਹਰ ਹੋਣਗੇ | ਉਮੀਦ ਹੈ, ਕਬੱਡੀ ਨੂੰ ਜਲਦ ਕੋਈ ਨਵਾਂ ਹੁੰਗਾਰਾ ਮਿਲੇਗਾ ਪਰ ਯਾਦ ਰੱਖੀਏ ਖੇਡਾਂ ਨੂੰ ਰਾਜਨੀਤਕ ਫਾਇਦੇ ਲਈ ਨਾ ਵਰਤ ਹੋਣ ਦੇਈਏ | ਧੰਨਵਾਦ !!!
ਅਮਰਿੰਦਰ ਗਿੱਦਾ