Thursday, 11 April 2019

ਜੋਸ਼ ਅਤੇ ਜਨੂਨ ਨਾਲ ਭਰਪੂਰ ਹੈ ਆਸਟ੍ਰੇਲੀਅਨ ਫੁੱਟਬਾਲ


ਫੂਟੀ ਜਾਂ ਆਸਟ੍ਰੇਲੀਅਨ ਫੁੱਟਬਾਲ, ਇੱਕ ਅਜਿਹੀ ਖੇਡ ਹੈ ਜਿਸਨੂੰ ਆਸਟ੍ਰੇਲੀਆ ਵਿੱਚ ਕ੍ਰਿਕੇਟ ਜਾਂ ਕਿਸੇ ਵੀ ਹੋਰ ਖੇਡ ਨਾਲੋਂ ਵਧੇਰੇ ਪਿਆਰ ਮਿਲਦਾ ਹੈ | ਇਹ ਖੇਡ ਇੱਕ ਤਰਾਂ ਰਗਬੀ, ਕ੍ਰਿਕੇਟ ਅਤੇ ਫੁੱਟਬਾਲ ਦਾ ਸੁਮੇਲ ਹੈ | ਸਰਦ ਰੁੱਤ ਚ ਆਸਟ੍ਰੇਲੀਆ ਚ ਖੇਡੀ ਜਾਂਦੀ ਇਸ ਖੇਡ ਦੀ ਗੱਲ ਕਰੇ ਬਿਨਾ ਸ਼ਾਇਦ ਹੀ ਕੋਈ ਆਸਟ੍ਰੇਲੀਅਨ ਵਾਂਝਾ ਰਹਿੰਦਾ ਹੋਵੇ | ਜੋਸ਼ ਅਤੇ ਜਨੂਨ ਨਾਲ ਖੇਡੀ ਅਤੇ ਦੇਖੀ ਜਾਂਦੀ ਇਸ ਖੇਡ ਦੀ ਖੁਮਾਰੀ ਆਸਟ੍ਰੇਲੀਆ 'ਚ ਹਰ ਇੱਕ ਖੇਡ ਪ੍ਰੇਮੀ ਨਾਲ ਗੱਲ ਕੀਤਿਆਂ ਮਹਿਸੂਸ ਕੀਤੀ ਜਾ ਸਕਦੀ ਹੈ |

ਕਿਵੇਂ ਸ਼ੁਰੂ ਹੋਈ ਫੂਟੀ: 1857 ਵਿਚ, ਆਸਟ੍ਰੇਲੀਅਨ ਫੁੱਟਬਾਲ ਦੇ ਬਾਨੀ ਟੌਮ ਵਿਲਸ, ਇੰਗਲੈਂਡ ਵਿਚ ਸਕੂਲੀ ਪੜ੍ਹਾਈ ਤੋਂ ਬਾਅਦ ਆਸਟ੍ਰੇਲੀਆ ਵਾਪਸ ਆ ਗਏ | ਉਹ ਰਗਬੀ ਸਕੂਲ ਦਾ ਫੁੱਟਬਾਲ ਕਪਤਾਨ ਅਤੇ ਇਕ ਸ਼ਾਨਦਾਰ ਕ੍ਰਿਕਟਰ ਸੀ | ਸ਼ੁਰੂਆਤੀ ਦਿਨਾਂ ਵਿੱਚ, ਉਸਨੇ ਫੁੱਟਬਾਲ ਨੂੰ ਸਰਦੀ ਰੁੱਤ ਦੀ ਖੇਡ ਬਣਾਉਣ ਦੀ ਵਕਾਲਤ ਕੀਤੀ, ਕਿਉਂਕਿ ਉਹ ਇਸਨੂੰ ਆਫ ਸੀਜ਼ਨ ਵਿੱਚ ਕ੍ਰਿਕੇਟਰਾਂ ਨੂੰ ਫਿੱਟ ਰੱਖਣ ਦਾ ਇੱਕ ਚੰਗਾ ਤਰੀਕਾ ਸਮਝਦੇ ਸਨ | ਨਵੀਂ ਖੇਡ ਵਿਲਸ ਦੁਆਰਾ ਬਣਾਈ ਗਈ ਸੀ ਅਤੇ ਉਸ ਵਲੋਂ ਉਸਦੇ ਚਚੇਰੇ ਭਰਾ ਐਚ ਸੀ ਏ. ਹੈਰਿਸਨ, ਡਬਲਯੂ. ਜੇ. ਹੈਮਰਸਲੀ ਅਤੇ ਜੇ.ਬੀ. ਥਾਮਸਨ ਨੇ ਮਿਲ ਕੇ  ਮੈਲਬੋਰਨ ਫੁੱਟਬਾਲ ਕਲੱਬ ਦੀ ਸਥਾਪਨਾ 7 ਅਗਸਤ, 1858 ਨੂੰ ਕੀਤੀ | ਇਸੇ ਹੀ ਸਾਲ ਸਕੌਚ ਕਾਲਜ ਅਤੇ ਮੇਲਬੋਰਨ ਗ੍ਰਾਮਰ ਸਕੂਲ ਵਿਚਕਾਰ ਆਸਟ੍ਰੇਲੀਅਨ ਫੁੱਟਬਾਲ ਦਾ ਪਹਿਲਾ ਮੈਚ ਖੇਡਿਆ ਗਿਆ ਅਤੇ ਇਸ ਤੋਂ ਬਾਅਦ ਇਹ ਖੇਡ ਬਹੁਤ ਤੇਜੀ ਨਾਲ ਵਧਣ ਲੱਗੀ ਅਤੇ ਲੋਕਾਂ ਵਿਚਕਾਰ ਵੀ ਕਾਫੀ ਘੱਟ ਸਮੇਂ ਚ ਹਰਮਨਪਿਆਰੀ ਬਣ ਗਈ | ਜਿਲੌਂਗ ਫੁੱਟਬਾਲ ਕਲੱਬ ਦੀ ਸਥਾਪਨਾ 1859 ਵਿਚ ਹੋਈ ਸੀ ਅਤੇ 1866 ਵਿਚ ਨਵੇਂ ਨਿਯਮਾਂ ਤਹਿਤ ਪਹਿਲਾ ਮੁਕਾਬਲਾ ਕਰਵਾਇਆ ਗਿਆ |

1896 ਵਿੱਚ ਵਿਕਟੋਰੀਆ ਫੁੱਟਬਾਲ ਲੀਗ ਦੀ ਸਥਾਪਨਾ ਕੀਤੀ ਗਈ ਅਤੇ ਅਗਲੇ ਸਾਲ ਲੀਗ ਦੀਆਂ ਪਹਿਲੀਆਂ ਖੇਡਾਂ ਵਿਚ ਫਾਉਂਡੇਸ਼ਨ ਕਲੱਬਾਂ ਨੇ ਹਿੱਸਾ ਲਿਆ, ਜਿਸ ਵਿਚ  ਕਾਰਲਟਨ, ਕੋਲਿੰਗਵੁਡ, ਏਸੰਡਨ, ਫਿੱਟਜੋਰਾਏ, ਜਿਲੋਂਗ, ਮੈਲਬੌਰਨ, ਸੇਂਟ ਕਿਲਡਾ ਅਤੇ ਦੱਖਣੀ ਮੈਲਬੌਰਨ ਸ਼ਾਮਿਲ ਸਨ | 1908 ਵਿੱਚ, ਰਿਚਮੰਡ ਅਤੇ ਯੂਨੀਵਰਸਿਟੀ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ, ਪਰ 1914 ਦੇ ਸੀਜ਼ਨ ਤੋਂ ਬਾਅਦ ਯੂਨੀਵਰਸਿਟੀ ਨੇ ਲੀਗ ਛੱਡ ਦਿੱਤੀ |  1925 ਵਿੱਚ, ਫੁੱਟਸਕਰੇ (ਹੁਣ ਵੈਸਟਰਨ ਬੁਲਡੋਗ), ਹੌਥੋਰਨ ਅਤੇ ਨਾਰਥ ਮੈਲਬੌਰਨ ਨੇ ਵਿਕਟੋਰੀਆ ਫੁੱਟਬਾਲ ਲੀਗ ਵਿੱਚ ਹਿੱਸਾ ਲਿਆ |

1987 ਤੱਕ ਇਸ ਲੀਗ ਵਿੱਚ ਕੋਈ ਬਦਲਾਅ ਨਹੀਂ ਆਇਆ ਅਤੇ ਇਸਤੋਂ ਬਾਅਦ ਇਸ ਖੇਡ ਨੇ ਵਿਕਟੋਰੀਆ ਤੋਂ ਬਾਹਰ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਅਤੇ ਵੈਸਟ ਕੋਸਟ ਈਗਲਜ਼ ਅਤੇ ਬ੍ਰਿਸਬੇਨ ਬੀਅਰਸ ਦੇ ਨਾਮ ਨਾਲ ਦੋ ਹੋਰ ਟੀਮਾਂ ਇਸ ਲੀਗ ਚ ਸ਼ਾਮਿਲ ਹੋਈਆਂ | 1997 ਤੱਕ 16 ਕਲੱਬ ਸ਼ਾਮਲ ਹੋ ਚੁੱਕੇ ਸਨ, ਐਡੀਲੇਡ (1991 ਵਿੱਚ), ਫਰੀਮੈਂਟਲ (1995 ਵਿੱਚ) ਅਤੇ ਪੋਰਟ ਐਡੀਲੇਡ (1997 ਵਿੱਚ) ਵਿੱਚ, 1996 ਦੇ ਸੀਜਨ ਤੋਂ ਬਾਅਦ ਫਿੱਟਜੋਰਾਏ ਅਤੇ ਬ੍ਰਿਜਬੇਨ ਬੀਅਰਸ ਕਲੱਬਾਂ ਦਾ ਆਪਸੀ ਮੇਲ ਹੋਇਆ ਅਤੇ ਬ੍ਰਿਸਬੇਨ ਲਾਇਨਜ਼ ਹੇਂਠ ਨਵਾਂ ਕਲੱਬ ਹੋਂਦ ਚ ਆਇਆ | 2011 ਵਿਚ ਗੋਲਡ ਕੋਸਟ ਸਨਜ਼ ਨੇ ਇਸ ਮੁਕਾਬਲੇ ਵਿਚ ਹਿੱਸਾ ਲਿਆ, ਜਿਸ ਤੋਂ ਬਾਅਦ ਗਰੇਟਰ ਵੈਸਟਨ ਸਿਡਨੀ ਜਾਇੰਟਸ ਕਲੱਬ ਸ਼ਾਮਿਲ ਹੋਇਆ  ਅਤੇ ਕੁੱਲ 18 ਟੀਮਾਂ ਦਾ ਕੌਮੀ ਮੁਕਾਬਲਾ ਸਾਡੇ ਸਾਹਮਣੇ ਆਇਆ ਜੋ ਅਸੀਂ ਅੱਜ ਦੇਖਦੇ ਹਾਂ|

ਭਾਰਤੀ ਸ਼ਮੂਲੀਅਤ: ਭਾਰਤ 'ਚ ਇਸ ਖੇਡ ਨੂੰ ਵਿਕਸਿਤ ਕਰਨ ਲਈ ਸਾਲ 2008 ਤੋਂ ਯਤਨ ਜਾਰੀ ਹਨ | ਇਸੇ ਤਹਿਤ ਸਾਲ 2014 ਏਐੱਫਐੱਲ ਇੰਡੀਆ ਦੀ ਸਥਾਪਨਾ ਕੀਤੀ ਗਈ ਅਤੇ ਇਸੇ ਸਾਲ ਏਐੱਫਐੱਲ ਇੰਡੀਆ ਚੈਪੀਅਨਸ਼ਿਪ ਕਰਵਾਈ ਗਈ, ਜਿਸ ਵਿੱਚ ਬੰਗਾਲ ਦੀ ਟੀਮ ਜੇਤੂ ਰਹੀ | 2014 ਵਿੱਚ ਏਐੱਫਐੱਲ ਇੰਡੀਆ ਦੀ ਸਥਾਪਨਾ ਤੋਂ ਬਾਅਦ ਹੁਣ ਇਹ ਖੇਡ ਬੰਗਾਲ, ਝਾਰਖੰਡ, ਉੜੀਸਾ, ਬਿਹਾਰ, ਰਾਜਸਥਾਨ, ਮਹਾਂਰਾਸ਼ਟਰ, ਕੇਰਲ, ਤਾਮਿਲਨਾਡੂ, ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਚ ਖੇਡੀ ਜਾਂ ਰਹੀ ਹੈ ਜਦਕਿ ਦਿੱਲੀ ਅਤੇ ਪੰਜਾਬ ਵਿੱਚ ਵੀ ਇਸ ਖੇਡ ਦੇ ਵਿਕਾਸ ਲਈ ਕੋਸ਼ਿਸ਼ਾਂ ਜਾਰੀ ਹਨ |

ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਹਿਊਮ ਬੋਮਬਰਸ ਨਾਮ ਦੇ ਇੱਕ ਕਲੱਬ 'ਚ ਭਾਰਤੀ ਮੂਲ ਦੇ ਬੱਚੇ ਵੀ ਇਸ ਖੇਡ ਨੂੰ ਆਪਣਾ ਰਹੇ ਹਨ ਅਤੇ ਸਾਲ 2018 ਚ ਇਨਾਂ ਬੱਚਿਆਂ ਨੇ ਬਹੁਤ ਹੀ ਚੰਗੀ ਖੇਡ ਦਿਖਾਈ ਅਤੇ ਇਸੇ ਹੀ ਸਾਲ ਇਸ ਕਲੱਬ ਦੀ ਸ਼ੁਰੂਆਤ ਹੋਈ | ਹੁਣ ਤੱਕ ਇਸ ਕਲੱਬ ਚ ਕੁੱਲ 47 ਬੱਚੇ ਫੂਟੀ ਖੇਡ ਰਹੇ ਹਨ ਅਤੇ ਇਸ ਕਲੱਬ ਦੀ ਸਫਲਤਾ ਤੋਂ ਬਾਅਦ ਹੁਣ ਇਸ ਸਾਲ ਕਾਫੀ ਬੱਚੇ ਫੂਟੀ ਨੂੰ ਅਪਨਾ ਰਹੇ ਹਨ | ਪਰ ਇਸਤੋਂ ਪਹਿਲਾਂ ਸਾਲ 2013-14 ਚ ਔਸ-ਕਿੱਕ ਅਭਿਆਨ ਦੇ ਤਹਿਤ ਕਰੇਗੀਬਰਨ ਵਿਖੇ ਜੂਨੀਅਰ ਕਲੱਬ ਸ਼ੁਰੂ ਕਰ ਦਿੱਤਾ ਗਿਆ ਸੀ | ਖ਼ਬਰਾਂ ਇਹ ਵੀ ਨੇ ਕੇ ਬਹੁਤ ਜਲਦ ਭਾਰਤੀ ਮੂਲ ਨਾਲ ਸਬੰਧਿਤ ਇੱਕ ਖਿਡਾਰੀ ਮਹਿਲਾ ਵਰਗ ਦੀ ਏਐੱਫਐੱਲ ਵਿੱਚ ਮੈਦਾਨ ਤੇ ਉੱਤਰ ਸਕਦੀ ਹੈ |

ਖੇਡ ਦੇ ਕੁਝ ਤੱਥ:
- 80 ਮਿੰਟ ਦੀ ਕੁੱਲ ਖੇਡ 'ਚ 20 ਮਿੰਟ ਦੇ ਚਾਰ ਕੁਆਟਰ ਖੇਡੇ ਜਾਂਦੇ ਹਨ |
- ਜਿਸ ਬਾਲ ਨਾਲ ਖੇਡ ਖੇਡੀ ਜਾਂਦੀ ਹੈ, ਉਸਦਾ ਆਕਾਰ ਵੀ ਅੰਡੇ ਜਿਹਾ ਹੁੰਦਾ ਹੈ |
- ਇੱਕ ਟੀਮ 'ਚ ਮੈਚ ਦੌਰਾਨ ਮੈਦਾਨ ਤੇ ਖਿਡਾਰੀਆਂ ਦੀ ਗਿਣਤੀ 18 ਰਹਿੰਦੀ ਹੈ |
- ਖੇਡ ਮੈਦਾਨ ਦਾ ਆਕਾਰ ਆਂਡੇ ਦੇ ਆਕਾਰ ਜਿਹਾ ਹੁੰਦਾ ਹੈ |
- ਖੇਡ ਮੈਦਾਨ ਕ੍ਰਿਕਟ ਅਤੇ ਫੁੱਟਬਾਲ ਦੇ ਮੁਕਾਬਲੇ ਵੱਡਾ ਹੁੰਦਾ ਹੈ |
- ਖੇਡ ਦੌਰਾਨ ਖਿਡਾਰੀ ਆਪਣੇ ਹੱਥ ਜਾਂ ਪੈਰ ਦੋਵਾਂ ਨਾਲ ਖੇਡ ਸਕਦਾ ਹੈ |
- ਖੇਡ ਦਾ ਸਭ ਤੋਂ ਮਜ਼ੇਦਾਰ ਹਿੱਸਾ "ਮਾਰਕ" ਮੰਨਿਆ ਜਾਂਦਾ ਹੈ, ਜਿਸ ਚ ਦੋਵੇਂ ਟੀਮਾਂ ਦੇ ਖਿਡਾਰੀ ਉੱਛਲੇ ਹੋਏ ਬਾਲ ਨੂੰ ਜੰਪ ਲਗਾ ਕੇ ਹਥਿਆਉਣ ਦੀ ਕੋਸ਼ਿਸ਼ ਕਰਦੇ ਹਨ |
- ਹਾਰ ਅਤੇ ਜਿੱਤ ਦਾ ਫੈਸਲਾ ਟੀਮਾਂ ਵਲੋਂ ਕੀਤੇ ਗਏ ਗੋਲਾਂ ਦੇ ਅਧਾਰ ਤੇ ਹੁੰਦਾ ਹੈ |
- ਗੋਲ ਕਰਨ ਲਈ 4 ਗੋਲ ਪੋਸਟ ਹੁੰਦੀਆਂ ਹਨ | ਵਿਚਕਾਰ ਵਾਲੀਆਂ ਵੱਡੀਆਂ ਦੋ ਪੋਸਟ ਦੇ ਵਿਚਕਾਰੋਂ ਫੂਟੀ ਬਾਲ ਨਿਕਲਣ ਤੇ 6 ਅੰਕ ਮਿਲਦੇ ਨੇ ਜਿਸਨੂੰ ਗੋਲ ਕਿਹਾ ਜਾਂਦਾ ਹੈ | ਸਾਈਡ ਵਾਲੀ ਛੋਟੀ ਪੋਸਟ ਅਤੇ ਵਿਚਕਾਰ ਵਾਲੀ ਵੱਡੀ ਪੋਸਟ ਦੇ ਵਿਚਕਾਰੋਂ ਫੂਟੀ ਬਾਲ ਨਿਕਲਣ ਤੇ 1 ਅੰਕ ਮਿਲਦਾ ਹੈ, ਜਿਸਨੂੰ ਬਿਹਾਈਂਡ ਕਿਹਾ ਜਾਂਦਾ ਹੈ |



ਅਮਰਿੰਦਰ ਗਿੱਦਾ