Saturday, 29 August 2015




ਰਿਓ ਓਲੰਪਿਕ: ਮਹਿਲਾ ਹਾਕੀ ਤੋਂ ਉਮੀਦਾਂ !





ਭਾਰਤੀ ਮਹਿਲਾ ਹਾਕੀ ਟੀਮ ਵਲੋਂ 35 ਸਾਲ ਬਾਅਦ ਓਲੰਪਿਕ ਖੇਡਾਂ (ਰਿਓ 2016) ਲਈ ਕੁਆਲੀਫਾਈ ਕਰਨ ਦੀ ਖਬਰ ਤੋਂ ਬਾਅਦ, ਭਾਰਤੀ ਹਾਕੀ ਦੇ ਚਾਹਵਾਨਾਂ ਚ ਖੁਸੀ ਦੀ ਲਹਿਰ ਮਹਿਸੂਸ ਕੀਤੀ ਜਾ ਸਕਦੀ ਹੈ| ਸਭ ਤੋਂ ਪਹਿਲਾਂ ਤਾਂ ਇਸਦੇ ਲਈ ਭਾਰਤੀ ਮਹਿਲਾ ਹਾਕੀ ਟੀਮ ਦੀਆਂ ਖਿਡਾਰਨਾਂ ਦੀ ਮਿਹਨਤ ਨੂੰ ਵੀ ਸਜਦਾ ਕਰਨਾ ਬਣਦਾ ਹੈ| ਪਰ ਨਾਲ ਹੀ ਇਸ ਗੱਲ ਦਾ ਅਹਿਸਾਸ ਹੋਣਾ ਜਰੂਰੀ ਹੈ ਕਿ ਓਲੰਪਿਕ ਖੇਡਾਂ ਚ ਆਪਣਾ ਸਰਵੋਤਮ ਪ੍ਰਦਰਸ਼ਨ ਦੇਣ ਲਈ ਤਿਆਰੀਆਂ ਵਜੋਂ ਅਜੇ ਭਾਰਤੀ ਟੀਮ ਵਲੋਂ ਕਾਫੀ ਕੁਝ ਕਰਨਾ ਬਾਕੀ ਹੈ|

ਯਾਦ ਰਹੇ ਕਿ ਰਿਓ ਦੀਆਂ ਓਲੰਪਿਕ ਖੇਡਾਂ ਦੀ ਸ਼ੁਰੁਆਤ ਹੋਣ ਚ ਹੁਣ ਇੱਕ ਸਾਲ ਤੋਂ ਵੀ ਘੱਟ ਦਾ ਸਮਾਂ ਬਾਕੀ ਹੈ| ਭਾਰਤੀ ਮਹਿਲਾ ਹਾਕੀ ਟੀਮ ਦੇ ਕੁਆਲੀਫਾਈ ਹੋਣ ਦੀਆਂ ਖਬਰਾਂ ਭਾਂਵੇ ਹਾਕੀ ਦੇ ਪ੍ਰਸ਼ਾਸਕਾਂ, ਪ੍ਰਸ਼ੰਸਕਾ ਅਤੇ ਖਿਡਾਰੀਆਂ ਲਈ ਕਾਫੀ ਸੁਖਾਂਤ ਵਾਲੀਆਂ ਹੋਣ, ਪਰ ਜੇਕਰ ਅਸੀਂ ਭਾਰਤੀ ਹਾਕੀ ਟੀਮ ਦੇ ਇਸ ਸਾਲ ਦੇ ਪ੍ਰਦਰਸ਼ਨ ਤੇ ਹੀ ਨਜ਼ਰ ਮਾਰੀਏ ਤਾਂ ਇਹ ਕਿਹਾ ਜਾ ਸਕਦਾ ਹੈ, ਕਿ ਸਾਨੂੰ ਅਜੇ ਬਹੁਤੇ ਆਸ਼ਾਵਾਦੀ ਨਹੀਂ ਹੋਣਾ ਚਾਹੀਦਾ|

 ਭਾਰਤੀ ਟੀਮ ਨੇ ਸਾਲ 2015 ਦਾ ਪਹਿਲਾ ਦੌਰਾ ਸਪੇਨ ਦਾ ਕੀਤਾ (10 ਤੋਂ 24 ਫ਼ਰਵਰੀ), ਜਿਸ ਚ ਭਾਰਤੀ ਹਾਕੀ ਟੀਮ ਨੇ ਸਪੇਨ ਨਾਲ ਦੋ ਮੈਚ ਖੇਡੇ| ਇਨਾਂ ਦੋ ਮੈਚਾਂ ਚ ਭਾਰਤੀ ਟੀਮ ਨੂੰ ਇੱਕ ਮੈਚ ਜਿੱਤ ਹਾਸਿਲ ਹੋਈ ਅਤੇ ਇੱਕ ਚ ਬਿਨਾਂ ਕਿਸੇ ਗੋਲ ਤੋਂ ਬਰਾਬਰੀ ਨਾਲ ਹੀ ਸਬਰ ਕਰਨਾ ਪਿਆ| ਇਥੇ ਇਹ ਵੀ ਦੱਸਣਾ ਜਰੂਰੀ ਬਣ ਜਾਂਦਾ ਹੈ ਕਿ ਅੰਤਰਰਾਸ਼ਟਰੀ ਪੱਧਰ  ਤੇ ਸਪੇਨ ਟੀਮ ਦੀ ਰੈਂਕਿੰਗ ਭਾਰਤੀ ਟੀਮ ਨਾਲੋਂ ਇੱਕ ਸਥਾਨ ਹੇਠਾਂ ਹੈ| ਇਸ ਦੌਰੇ ਦੌਰਾਨ ਭਾਰਤੀ ਟੀਮ ਨੇ ਇੱਕ ਮੈਚ ਜਰਮਨ ਨਾਲ ਵੀ ਖੇਡਿਆ, ਜਿਸ ਚ ਭਾਰਤੀ ਟੀਮ ਨੇ ਜਿੱਤ ਹਾਸਿਲ ਕੀਤੀ|

7 ਮਾਰਚ ਤੋਂ ਲਈ ਕੇ 15 ਮਾਰਚ ਤੱਕ ਵਰਲਡ ਲੀਗ ਰਾਉਂਡ ਟੂ ਚ ਭਾਰਤੀ ਹਾਕੀ ਟੀਮ ਦਾ ਪ੍ਰਦਰਸ਼ਨ ਕਾਫੀ ਪ੍ਰਸ਼ੰਸ਼ਾਯੋਗ ਰਿਹਾ, ਜਿਸਦੇ ਮੁਕਾਬਲੇ ਦਿੱਲੀ ਚ ਖੇਡੇ ਗਏ ਸਨ | ਇਸ ਵਰਲਡ ਲੀਗ ਰਾਉਂਡ ਟੂ ਚ ਭਾਗ ਲੈਣ ਵਾਲੀਆਂ ਸਾਰੀਆਂ ਹੀ ਟੀਮਾਂ ਦੀ ਰੈਂਕਿੰਗ ਭਾਰਤੀ ਮਹਿਲਾ ਹਾਕੀ ਟੀਮ ਤੋਂ ਹੇਠਾਂ ਸੀ| ਫਾਇਨਲ ਮੁਕਾਬਲੇ ਚ ਭਾਰਤੀ ਟੀਮ ਨੇ 24ਵਾਂ ਸਥਾਨ ਹਾਸਿਲ ਪੋਲੈਂਡ ਦੀ ਟੀਮ ਨੂੰ 3-1 ਨਾਲ ਹਰਾਇਆ|

ਇਸਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ 11 ਤੋਂ 19 ਅਪ੍ਰੈਲ ਤੱਕ ਨਿਊਜੀਲੈਂਡ ਦੇ ਦੌਰੇ ਤੇ ਹਾਕਸ ਬੇ ਕੱਪ ਚ ਹਿੱਸਾ ਲੈਣ ਪਹੁੰਚੀ| ਇਸ ਮੁਕਾਬਲੇ ਚ ਭਾਰਤੀ ਹਾਕੀ ਟੀਮ ਤੋਂ ਇਲਾਵਾ ਚੀਨ, ਆਸਟਰੇਲੀਆ, ਅਮਰੀਕਾ, ਜਾਪਾਨ, ਅਰਜਨਟੀਨਾ, ਕੋਰੀਆ ਅਤੇ ਮੇਜ਼ਬਾਨ ਦੇਸ਼ ਨਿਊਜੀਲੈਂਡ ਸ਼ਾਮਿਲ ਸਨ| ਇਸ ਮੁਕਾਬਲੇ ਚ ਭਾਰਤੀ ਟੀਮ ਜਾਪਾਨ ਨੂੰ ਹਰਾ ਕੇ ਸੱਤਵੇਂ ਸਥਾਨ ਤੇ ਰਹੀ ਅਤੇ ਪੂਰੇ ਮੁਕਾਬਲੇ ਦੌਰਾਨ ਖੇਡੇ ਗਏ ਮੈਚਾਂ ਚ ਸਿਰਫ ਇੱਕ ਜਿੱਤ ਹਾਸਿਲ ਹੋਈ ਜਦਕਿ ਆਸਟਰੇਲੀਆ ਖਿਲਾਫ਼ ਮੈਚ ਬਿਨਾ ਕਿਸੇ ਗੋਲ ਤੋਂ ਬਰਾਬਰੀ ਤੇ ਰਿਹਾ ਸੀ, ਪਰ ਇਸਤੋਂ ਇਲਾਵਾ ਭਾਰਤੀ ਟੀਮ ਨੂੰ ਹਰ ਇੱਕ ਮੈਚ ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ|

ਜੂਨ 20 ਤੋਂ ਜੁਲਾਈ 05 ਤੱਕ ਬੇਲਜੀਅਮ ਚ ਖੇਡੀ ਗਈ ਵਰਲਡ ਹਾਕੀ ਲੀਗ ਦੇ ਸੈਮੀਫਾਇਨਲ ਮੁਕਾਬਲੇ ਚ ਭਾਰਤੀ ਹਾਕੀ ਟੀਮ ਕੁਝ ਖਾਸ ਨਹੀਂ ਕਰ ਸਕੀ| ਇਸ ਪੂਰੇ ਮੁਕਾਬਲੇ ਚ ਭਾਰਤੀ ਟੀਮ ਨੇ ਸੱਤ ਮੈਚ ਖੇਡੇ ਅਤੇ ਸਿਰਫ ਤਿੰਨ ਮੈਚਾਂ ਚ ਹੀ ਜਿੱਤ (ਇਟਲੀ, ਪੋਲੈਂਡ ਅਤੇ ਜਪਾਨ ਖਿਲਾਫ਼) ਹਾਸਿਲ ਹੋਈ| ਇਨਾਂ ਤਿੰਨ ਜਿੱਤਾਂ ਚੋਂ ਜਪਾਨ ਖਿਲਾਫ਼ ਦਰਜ ਕੀਤੀ ਗਈ ਜਿੱਤ ਖਾਸ ਸੀ, ਕਿਓਂਕਿ ਜਪਾਨ ਟੀਮ ਦੀ ਰੈਂਕਿੰਗ ਭਾਰਤੀ ਟੀਮ ਦੇ ਮੁਕਾਬਲੇ ਬਹਿਤਰ ਸੀ ਅਤੇ ਮੁਕਾਬਲਾ ਵੀ ਪੰਜਵੇਂ ਅਤੇ ਛੇਵੇਂ ਸਥਾਨ ਲਈ ਸੀ| ਇਸਤੋਂ ਇਲਾਵਾ ਮੁਕਾਬਲੇ ਚ ਸ਼ਾਮਿਲ ਹੋਰਨਾਂ ਵੱਡੀਆਂ ਟੀਮਾਂ ਕੋਲੋਂ ਭਾਰਤੀ ਟੀਮ ਕਾਫੀ ਬੁਰੇ ਤਰੀਕੇ ਨਾਲ ਮੈਚ ਹਾਰੀ ਸੀ|

ਭਾਰਤੀ ਟੀਮ ਦਾ ਪ੍ਰਦਰਸ਼ਨ ਬਹੁਤਾ ਵਧੀਆ ਨਾਂ ਹੋਣ ਕਾਰਨ, ਓਲੰਪਿਕ ਚ ਦਾਖਿਲ ਹੋਣ ਲਈ ਭਾਰਤੀ ਮਹਿਲਾ ਹਾਕੀ ਟੀਮ ਨੂੰ ਇਸ ਵਾਰ ਹੋਰਨਾਂ ਦੇਸ਼ਾਂ ਤੇ ਨਿਰਭਰ ਹੋਣਾ ਪਿਆ| ਇੱਕ ਪਾਸੇ ਜਿਥੇ ਮੇਜ਼ਬਾਨ ਦੇਸ਼ ਬ੍ਰਾਜੀਲ ਨੂੰ ਓਲੰਪਿਕ ਦੇ ਹਾਕੀ ਮੁਕਾਬਲਿਆਂ ਚ ਸ਼ਾਮਿਲ ਨਹੀਂ ਕੀਤਾ ਗਿਆ (ਆਇਓਸੀ ਅਤੇ ਏਫ਼ਆਈਏਚ ਦੀਆਂ ਸ਼ਰਤਾਂ ਨਾਂ ਪੂਰੀਆਂ ਹੋਣ ਕਾਰਣ) ਉੱਥੇ ਦੂਸਰੇ ਪਾਸੇ ਯੂਰਪੀਅਨ ਦੇਸ਼ਾਂ ਦੇ ਹੋਏ ਮੁਕਾਬਲੇ ਚ ਸਪੇਨ ਦੀ ਬ੍ਰਿਟੇਨ ਹਥੋਂ ਹਾਰ ਨੇ ਵੀ ਭਾਰਤੀ ਹਾਕੀ ਟੀਮ ਦੀ ਰਿਓ ਓਲੰਪਿਕ ਖੇਡਾਂ ਲਈ ਟਿਕਟ ਕਟਵਾਉਣ ਚ ਮਦਦ ਕੀਤੀ| ਸਪੇਨ ਦੀ ਹਾਰ ਨਾਲ ਰੈਂਕਿੰਗ ਦੇ ਅਧਾਰ ਤੇ ਭਾਰਤੀ ਟੀਮ ਨੂੰ ਰਿਓ ਓਲੰਪਿਕ ਦੀ ਟਿਕਟ ਮਿਲੀ|

ਸੋ ਹੁਣ ਮੁਲਾਂਕਣ ਵਜੋਂ ਇਹ ਵੀ ਕਿਹਾ ਜਾ ਸਕਦਾ ਹੈ, ਕਿ ਭਾਰਤੀ ਟੀਮ ਦਾ ਇਸ ਵਰ੍ਹੇ ਦਾ ਪ੍ਰਦਰਸ਼ਨ ਕੋਈ ਜਿਆਦਾ ਵਧੀਆ ਨਹੀਂ ਰਿਹਾ, ਪਰ ਇਸਦੇ ਬਾਵਜੂਦ ਵੀ ਹੋਰਨਾਂ ਦੇਸ਼ਾਂ ਦੇ ਵਧੀਆ ਪ੍ਰਦਰਸ਼ਨ ਦੇ ਅਧਾਰ ਤੇ ਭਾਰਤੀ ਹਾਕੀ ਟੀਮ ਨੂੰ ਰਿਓ ਓਲੰਪਿਕ ਖੇਡਾਂ ਚ ਦਾਖਲਾ ਜਰੂਰ ਮਿਲਿਆ ਹੈ| ਭਾਰਤੀ ਹਾਕੀ ਟੀਮ ਦੀ ਓਲੰਪਿਕ ਖੇਡਾਂ ਚ ਸ਼ਮੂਲੀਅਤ ਤੋਂ ਬਾਅਦ ਹੁਣ ਹਾਕੀ ਮਾਹਿਰਾਂ ਦੀ ਨਜ਼ਰ ਭਾਰਤੀ ਹਾਕੀ ਟੀਮ ਦੀਆਂ ਓਲੰਪਿਕ ਖੇਡਾਂ ਚ ਆਪਣੇ ਪ੍ਰਦਰਸ਼ਨ ਨੂੰ ਸੁਧਾਰਨ ਲਈ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਵੱਲ ਜਰੂਰ ਰਹੇਗੀ|

ਜੇਕਰ ਅਸੀਂ ਭਾਰਤੀ ਮਹਿਲਾ ਹਾਕੀ ਟੀਮ ਦੇ ਓਲੰਪਿਕ ਇਤਿਹਾਸ ਤੇ ਨਜ਼ਰ ਮਾਰੀਏ ਤਾਂ, ਅਜੇ ਤੱਕ ਭਾਰਤੀ ਮਹਿਲਾ ਹਾਕੀ ਟੀਮ ਵਲੋਂ ਸਭ ਤੋਂ ਵੱਡੀ ਸਫਲਤਾ ਲੰਬਾ ਅਰਸਾ ਪਹਿਲਾਂ  ਹਾਸਿਲ ਕੀਤੀ ਗਈ ਸੀ| ਸਾਲ 1980 ਦੀਆਂ ਓਲੰਪਿਕ ਖੇਡਾਂ ਚ ਭਾਰਤੀ ਟੀਮ ਨੂੰ ਚੌਥਾ ਸਥਾਨ ਹਾਸਿਲ ਹੋਇਆ ਸੀ ਅਤੇ ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਮਹਿਲਾ ਹਾਕੀ ਦੀ ਰੈਂਕਿੰਗ ਸੂਚੀ ਚ ਮੌਜੂਦਾ ਸਮੇਂ ਦੌਰਾਨ 13ਵੇਂ ਸਥਾਨ ਤੇ ਕਾਬਿਜ ਹੈ| ਹੁਣ ਇਨਾਂ ਹਲਾਤਾਂ ਚ, ਭਾਰਤੀ ਹਾਕੀ ਦੇ ਪ੍ਰਸ਼ੰਸਕਾ ਦਾ, ਹਾਕੀ ਦੇ ਪ੍ਰਸ਼ਾਸਕਾਂ ਦਾ ਅਤੇ ਖੁਦ ਖਿਡਾਰੀਆਂ ਨੂੰ ਸੱਚ ਤੋਂ ਵਾਕਿਫ਼ ਹੋਣਾ ਜਰੂਰੀ ਹੈ, ਤਾਂ ਕਿ ਇੱਕ ਸਾਲ ਦੇ ਸੀਮਤ ਸਮੇਂ ਦੌਰਾਨ ਵੀ ਸਖ਼ਤ ਮਿਹਨਤ ਅਤੇ ਯੋਜਨਾ ਨਾਲ ਰਿਓ ਓਲੰਪਿਕ ਖੇਡਾਂ ਚ ਵੱਡੀ ਸਫ਼ਲਤਾ ਹਾਸਿਲ ਕੀਤੀ ਜਾ ਸਕੇ|

ਭਾਰਤੀ ਹਾਕੀ ਦੇ ਬਾਕੀ ਪ੍ਰਸ਼ੰਸਕਾ ਵਾਂਗ ਮੈਂ ਵੀ ਇਹ ਆਸ ਕਰਦਾ ਹਾਂ ਕਿ ਭਾਰਤੀ ਹਾਕੀ ਟੀਮ ਰਿਓ ਓਲੰਪਿਕ ਖੇਡਾਂ ਚ ਜਰੂਰ ਬਿਹਤਰ ਪ੍ਰਦਰਸ਼ਨ ਕਰੇਗੀ ਪਰ ਮੇਰੇ ਮੁਤਾਬਿਕ ਪਹਿਲੀਆਂ ਛੇ ਟੀਮਾਂ ਚ ਆਉਣਾ ਹੀ ਭਾਰਤੀ ਮਹਿਲਾ ਹਾਕੀ ਟੀਮ ਲਈ ਇੱਕ ਵੱਡੀ ਪ੍ਰਾਪਤੀ ਹੋਵੇਗੀ| ਖੈਰ ਉਮੀਦ ਨੂੰ ਬਰਕਰਾਰ ਰੱਖਦਿਆਂ ਕਹਿਣਾ ਚਾਹਾਂਗਾ ਕਿ  ਭਾਰਤੀ ਟੀਮ ਆਪਣੀ ਮਿਹਨਤ ਨਾਲ ਤਮਗਾ ਹਾਸਿਲ ਕਰਨ ਲਈ ਜੋਰ ਜਰੂਰ ਲਗਾਏ, ਤਾਂਕਿ ਮਹਿਲਾ ਹਾਕੀ ਨੂੰ ਭਾਰਤ ਚ ਹੋਰ ਹੁੰਗਾਰਾ ਮਿਲ ਸਕੇ|


ਅਮਰਿੰਦਰ ਸਿੰਘ ਗਿੱਦਾ




Friday, 17 April 2015


ਛੋਟੀਆਂ ਟੀਮਾਂ ਨੂੰ ਨਕਾਰਨਾਂ ਕ੍ਰਿਕੇਟ ਦੇ ਹਿੱਤ ਵਿੱਚ ਨਹੀਂ


ਕ੍ਰਿਕਟ ਵਿਸ਼ਵ ਕੱਪ ਵਿੱਚ ਛੋਟੀਆਂ ਟੀਮਾਂ ਵਲੋਂ ਕੀਤੇ ਗਏ ਵੱਡੇ ਪ੍ਰਦਰਸ਼ਨ ਨੂੰ ਹਰ ਇੱਕ ਕ੍ਰਿਕਟ ਪ੍ਰੇਮੀ ਯਾਦ ਜਰੂਰ ਰੱਖਣਾ ਚਾਹੇਗਾ, ਪਰ ਇਸ ਪ੍ਰਦਰਸ਼ਨ ਦੇ ਨਾਲ ਆਉਣ ਵਾਲੇ ਵਿਸ਼ਵ ਕੱਪ ਵਿੱਚ ਆਈਸੀਸੀ ਵਲੋਂ ਟੀਮਾਂ ਦੀ ਗਿਣਤੀ ਚ ਵਾਧਾ ਕੀਤਾ ਜਾਵੇਗਾ ਕੇ ਨਹੀਂ, ਇਹ ਸਿਰਫ ਆਉਣ ਵਾਲਾ ਸਮਾਂ ਹੀ ਦੱਸ ਸਕੇਗਾ| ਆਈਸੀਸੀ ਦੇ ਇਸ ਫੈਸਲੇ ਨਾਲ ਇੱਕ ਪਾਸੇ ਕ੍ਰਿਕਟ ਪ੍ਰੇਮੀ ਵੀ ਕਾਫੀ ਪ੍ਰੇਸ਼ਾਨ ਹਨ, ਦੂਸਰੇ ਪਾਸੇ ਛੋਟੀਆਂ ਟੀਮਾਂ ਵਲੋਂ ਵੀ ਆਈਸੀਸੀ ਦੇ ਇਸ ਫੈਸਲੇ ਦੇ ਪ੍ਰਤੀ ਨਰਾਜਗੀ ਪ੍ਰਗਟ ਕੀਤੀ ਜਾ ਚੁੱਕੀ ਹੈ| ਆਈਸੀਸੀ ਵਲੋਂ ਲਿਆ ਗਿਆ ਇਹ ਫੈਸਲਾ ਜਿਥੇ ਇਨਾਂ ਟੀਮਾਂ ਦੇ ਹੱਕ ਚ ਬਿਲਕੁਲ ਵੀ ਨਹੀਂ ਭੁਗਤਦਾ ਦਿਖਾਈ ਦਿੰਦਾ, ਉਥੇ ਨਾਲ ਹੀ ਖੇਡ ਦੇ ਵਿਕਾਸ ਨੂੰ ਲੈ ਕੇ ਆਈਸੀਸੀ ਦੀਆਂ ਨੀਤੀਆਂ ਤੇ ਵੀ ਸਵਾਲੀਆ ਨਿਸ਼ਾਨ ਲਾਉਣ ਲਈ ਮਜਬੂਰ ਕਰਦਾ ਹੈ|

1975 ਤੋਂ ਲੈ ਕੇ 1983 ਤੱਕ ਦੇ ਸਮੇਂ ਚ ਹੋਏ ਵਿਸ਼ਵ ਕੱਪ ਚ ਭਾਗ ਲੈਣ ਵਾਲੀਆਂ ਟੀਮਾਂ ਦੀ ਗਿਣਤੀ 6 ਤੋਂ 8 ਦੇ ਵਿਚਕਾਰ ਰਹੀ| ਇਸ ਸਮੇਂ ਦੌਰਾਨ ਭਾਰਤੀ ਟੀਮ ਨੂੰ ਸਿਰਫ 1983 ਵਿੱਚ ਹੀ ਸਫਲਤਾ ਮਿਲੀ, ਜਿਸ ਤੋਂ ਬਾਅਦ ਭਾਰਤ ਵਿੱਚ ਇਸ ਖੇਡ ਪ੍ਰਤੀ ਹਰ ਇਕ ਦਾ ਨਜ਼ਰੀਆ ਬਦਲਿਆ ਅਤੇ ਉਸਦੇ ਨਤੀਜੇ ਅਸੀਂ ਅੱਜ ਵੀ ਦੇਖ ਰਹੇਂ ਹਾਂ| ਹੁਣ ਜੇਕਰ ਇਸ ਸਮੇਂ ਦੌਰਾਨ ਵੀ ਭਾਰਤੀ ਟੀਮ ਨੂੰ ਵਿਸ਼ਵ ਕੱਪ ਚ ਸ਼ਾਮਿਲ ਨਾ ਕੀਤਾ ਜਾਂਦਾ, ਤਾਂ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗਾ ਕੇ ਭਾਰਤੀ ਕ੍ਰਿਕਟ ਦੇ ਹਾਲਾਤ ਵੀ ਅੱਜ ਅਰਸ਼ਾਂ ਤੇ ਨਾ ਹੁੰਦੇ| ਇਹ ਕਹਿਣਾ ਵੀ ਬਿਲਕੁਲ ਗਲਤ ਨਹੀਂ ਹੋਵੇਗਾ ਕੇ ਭਾਰਤੀ ਟੀਮ ਦੀ ਸਥਿਤੀ ਵੀ ਉਸ ਸਮੇਂ ਦੇ ਕ੍ਰਿਕਟ ਜਗਤ ਵਿਚ ਅੱਜ ਦੀਆਂ ਕਮਜੋਰ ਟੀਮਾਂ ਦੇ ਬਰਾਬਰ ਹੀ ਸੀ| 

ਇਸੇ ਹੀ ਤਰਾਂ ਸ਼੍ਰੀਲੰਕਾ ਨੂੰ ਵੀ 1979 ਚ ਵਿਸ਼ਵ ਕੱਪ ਚ ਭਾਗ ਲੈਣ ਦਾ ਮੌਕਾ ਮਿਲਿਆ, ਭਾਂਵੇ ਉਸ ਸਮੇਂ ਸ਼੍ਰੀਲੰਕਾ ਟੈਸਟ ਮੈਚ ਖੇਡਾਂ ਵਾਲੇ ਦੇਸ਼ਾਂ ਵਿਚ ਸ਼ਾਮਿਲ ਨਹੀਂ ਸੀ, ਪਰ ਇਸੇ ਹੀ ਦੇਸ਼ ਦੇ ਹਰਫਨਮੌਲਾ ਖਿਡਾਰੀਆਂ ਵਲੋਂ 1996 ਵਿਚ ਵਿਸ਼ਵ ਕੱਪ ਜਿੱਤਿਆ ਗਿਆ| ਹੁਣ ਜੇਕਰ ਅਸੀਂ ਇਨਾ ਦੋ ਉਦਾਹਰਣਾਂ ਤੇ ਹੀ ਨਜ਼ਰ ਮਾਰੀਏ ਤਾਂ ਅਸੀਂ ਉਨਾਂ ਟੀਮਾਂ ਦੀ ਗੱਲ ਕਰ ਰਹੇਂ ਹਨ, ਜਿਨਾ ਵਲੋਂ ਲਗਾਤਾਰ ਅੰਤਰਰਾਸ਼ਟਰੀ ਕ੍ਰਿਕਟ ਵਿਚ ਵੱਡੀਆਂ ਮੱਲਾਂ ਮਾਰੀਆਂ ਗਈਆਂ ਹਨ ਅਤੇ ਇਹ ਤਾਂ ਹੀ ਸੰਭਵ ਹੋ ਸਕਿਆ ਹੈ, ਕਿਓਂਕਿ ਇਨਾਂ ਟੀਮਾਂ ਨੂੰ ਸਮੇਂ ਅਨੁਸਾਰ ਵੱਡੀਆਂ ਟੀਮਾਂ ਨਾਲ ਵੱਡੇ ਮੁਕਾਬਲਿਆਂ ਚ ਭਾਗ ਲੈਣ ਦਾ ਮੌਕਾ ਮਿਲਿਆ| ਇਨਾਂ ਟੀਮਾਂ ਦੇ ਵਿਸ਼ਵ ਕੱਪ ਵਿੱਚ ਭਾਗ ਲੈਣ ਤੋਂ ਬਾਅਦ ਸਚਿਨ, ਰਾਹੁਲ, ਗਾਂਗੁਲੀ, ਸੰਗਕਾਰਾ, ਜੈਵਰਧਨੇ, ਮੁਰਲੀਧਰਨ ਵਰਗੇ ਖਿਡਾਰੀ ਦੇਖਣ ਨੂੰ ਮਿਲੇ, ਜਿਨਾਂ ਵਲੋਂ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਗਏ|

ਕੁਝ ਖੇਡ ਮਾਹਿਰ ਇਸ ਗੱਲ ਦਾ ਤਰਕ ਵੀ ਦਿੰਦੇ ਹਨ, ਕਿ ਵਿਸ਼ਵ ਕੱਪ ਵਿੱਚ ਟੀਮਾਂ ਦੀ ਗਿਣਤੀ ਘੱਟ ਕਰਨਾ ਇਸ ਲੈ ਵੀ ਸਹੀ ਹੈ, ਕਿਓਂਕਿ ਫੁੱਟਬਾਲ ਵਿਸ਼ਵ ਕੱਪ ਵਿੱਚ ਵੀ ਸਾਰੇ ਵਿਸ਼ਵ ਕੱਪ ਖੇਡਾਂ ਵਾਲੇ ਦੇਸ਼ ਹਿੱਸਾ ਨਹੀਂ ਲੈਂਦੇ| ਸਭ ਤੋਂ ਪਹਿਲਾਂ ਤਾਂ ਇਹ ਸਾਫ਼ ਕੇਰ ਦੇਣਾ ਜਰੂਰੀ ਹੈ, ਕਿ ਖੇਡ ਜਗਤ ਵਿੱਚ ਫੁੱਟਬਾਲ ਸਭ ਤੋਂ ਵੱਧ ਖੇਡੀ ਅਤੇ ਦੇਖੇ ਜਾਂ ਵਾਲੀ ਖੇਡ ਹੈ ਅਤੇ ਕ੍ਰਿਕੇਟ ਨੂੰ ਅਜੇ ਇਹ ਸਥਾਨ ਹਾਸਿਲ ਕਰਨ ਲੰਬਾ ਪੈਂਡਾ ਤਹਿ ਕਰਨਾ ਪਵੇਗਾ| 1930 ਤੋਂ ਜਦੋਂ ਫੁੱਟਬਾਲ ਵਿਸ਼ਵ ਕੱਪ ਦੀ ਸ਼ੁਰੁਆਤ ਹੋਈ ਤਾਂ ਉਸ ਸਮੇਂ 13 ਟੀਮਾਂ ਵਲੋਂ ਇਸ ਵਿੱਚ ਭਾਗ ਲਿਆ ਗਿਆ ਸੀ ਜੋ ਕਿ ਆਈਸੀਸੀ ਵਲੋਂ ਆਉਣ ਵਾਲੇ ਕ੍ਰਿਕੇਟ ਵਿਸ਼ਵ ਕੱਪ ਵਿੱਚ ਨਿਰਧਾਰਿਤ ਕੀਤੀਆਂ ਗਈਆਂ 10 ਟੀਮਾਂ ਨਾਲੋਂ ਵੀ ਵੱਧ ਹੈ| ਅਜੋਕੇ ਫੁੱਟਬਾਲ ਵਿਸ਼ਵ ਕੱਪ ਵਿੱਚ 32 ਟੀਮਾਂ ਨੂੰ ਭਾਗ ਲੈਣ ਦਾ ਮੌਕਾ ਮਿਲਦਾ ਹੈ, ਹਾਲਾਂਕਿ ਇਸਤੋਂ ਇਲਾਵਾ ਭਾਰਤ ਵਰਗੀਆਂ ਕਮਜੋਰ ਟੀਮਾਂ ਅਜੇ ਵੀ ਫੁੱਟਬਾਲ ਵਿਸ਼ਵ ਕੱਪ ਦਾ ਕੁਆਲੀਫਾਈ ਰਾਉਂਡ ਖੇਡਦੀਆਂ ਹਨ| ਖੇਡ ਦੇ ਵਿਕਾਸ ਲਈ ਛੋਟੀਆਂ ਟੀਮਾਂ ਨੂੰ ਬਰਾਬਰ ਦੇ ਮੌਕੇ ਦੇਣੇ ਜਰੂਰੀ ਹਨ|

ਆਈਸੀਸੀ ਵਲੋਂ ਅਗਲੇ ਵਿਸ਼ਵ ਕੱਪ ਚ ਟੀਮਾਂ ਦੀ ਗਿਣਤੀ ਘਟਾਉਣ ਦਾ ਫੈਸਲਾ, ਛੋਟੀਆਂ ਟੀਮਾਂ ਵਲੋਂ ਵੀ ਲਗਭਗ ਰੱਦ ਹੀ ਕੀਤਾ ਜਾ ਰਿਹਾ ਹੈ| ਇਸ ਸਬੰਧੀ ਇੱਕ ਘਟਨਾਕ੍ਰਮ ਵੀ ਸਾਂਝਾ ਕੀਤਾ ਜਾ ਸਕਦਾ ਹੈ, ਜੋ ਸਾਨੂ ਇਸੇ ਹੀ ਵਿਸ਼ਵ ਕੱਪ ਚ ਦੇਖਣ ਨੂੰ ਮਿਲਿਆ| ਆਇਰਲੈਂਡ ਦੀ ਟੀਮ ਦਾ ਵਿਸ਼ਵ ਕੱਪ ਚੋਣ ਬਾਹਰ ਹੋ ਜਾਂ ਤੋਂ ਬਾਅਦ, ਆਈਸੀਸੀ ਵਲੋਂ ਸ਼ੋਸ਼ਲ ਮੀਡੀਆ ਤੇ ਆਇਰਲੈਂਡ ਦੀ ਟੀਮ ਲੈ ਕੁਝ ਪ੍ਰਸ਼ੰਸਾ ਵਾਲੇ ਸ਼ਬਦ ਲਿਖੇ ਗਏ ਅਤੇ ਨਾਲ ਇਹ ਵੀ ਲਿਖਿਆ ਦੇਖਣਾ ਹੋਵੇਗਾ ਕਿ ਇਸ ਸਬੰਧੀ ਆਇਰਲੈਂਡ ਟੀਮ ਦੇ ਕਪਤਾਨ ਦਾ ਕਿ ਕਹਿਣਾ ਹੈ| ਇਸਦੇ ਜਵਾਬ ਵਿਚ ਆਇਰਲੈਂਡ ਟੀਮ ਦੇ ਕਪਤਾਨ ਨੇ ਵੀ ਆਈਸੀਸੀ ਵਲੋਂ ਅਗਲੇ ਵਿਸ਼ਵ ਕੱਪ ਚ ਟੀਮਾਂ ਦੀ ਗਿਣਤੀ ਘੱਟ ਕਰੇ ਜਾਣ ਦੇ ਫੈਸਲੇ ਦੇ ਖਿਲਾਫ਼ ਟਿੱਪਣੀ ਕੀਤੀ ਅਤੇ ਨਾਲ ਹੀ ਆਈਸੀਸੀ ਵਲੋਂ ਇਸ ਖੇਡ ਪ੍ਰਤੀ ਅਪਨਾਈ ਜਾ ਰਹੀ ਨੀਤੀ ਪ੍ਰਤੀ ਵੀ ਸਵਾਲ ਖੜਾ ਕੀਤਾ| ਆਇਰਲੈਂਡ ਦੀ ਟੀਮ ਵਲੋਂ ਨਾ ਸਿਰਫ ਇਸ ਵਿਸ਼ਵ ਕੱਪ ਚ, ਬਲਕਿ ਇਸਤੋਂ ਪਹਿਲਾਂ ਹੋਏ ਦੋ ਹੋਰਨਾਂ ਵਿਸ਼ਵ ਕੱਪ ਮੁਕਾਬਲਿਆਂ ਵਿਚ ਵੀ ਵਧੀਆ ਪ੍ਰਦਰਸ਼ਨ ਕੀਤਾ ਗਿਆ| 2015 ਦੇ ਵਿਸ਼ਵ ਕੱਪ ਚ ਆਇਰਲੈਂਡ ਦੀ ਟੀਮ ਤੋਂ ਇਲਾਵਾ ਅਫਗਾਨਿਸਤਾਨ ਦੀ ਟੀਮ ਵਲੋਂ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਸਕਾਟਲੈਂਡ ਦੀ ਟੀਮ ਉੱਤੇ ਜਿੱਤ ਦਰਜ ਕਰਕੇ ਇਤਿਹਾਸ ਰਚਿਆ|



ਅਸਲ ਵਿੱਚ ਛੋਟੀਆਂ ਟੀਮਾਂ ਪ੍ਰਤੀ ਨਕਾਰਾਤਮਕ ਵਤੀਰੇ ਨੂੰ ਬਦਲਣ ਨਾਲ ਹੀ ਕ੍ਰਿਕੇਟ ਦਾ ਵਿਕਾਸ ਇਨਾਂ ਦੇਸ਼ਾਂ ਵਿੱਚ ਸੰਭਵ ਹੋ ਸਕੇਗਾ| ਵਿਸ਼ਵ ਕੱਪ ਦੇ ਦੌਰਾਨ ਛੋਟੀਆਂ ਟੀਮਾਂ ਵਲੋਂ ਕੀਤੇ ਗਏ ਪ੍ਰਦਰਸ਼ਨ ਦੇ ਅਧਾਰ ਤੇ ਆਈਸੀਸੀ ਵਲੋਂ ਆਪਣੇ ਵਲੋਂ ਨਿਰਧਾਰਿਤ ਕੀਤੇ ਜਾ ਚੁੱਕੇ ਫੈਸਲੇ ਨੂੰ ਮੁੜ ਤੋਂ ਵਿਚਾਰਨ ਦੀ ਜਰੂਰਤ ਹੈ, ਪਰ ਅਜੇ ਸ਼ਾਇਦ ਇਹ ਮਾਮਲਾ ਠੰਡੇ ਬਸਤੇ ਚ ਹੀ ਰਹੇਗਾ, ਤੇ ਇਸਦੇ ਕਈ ਕਾਰਨ ਨੇ ਜਿਨਾਂ ਵਿੱਚ ਆਈਸੀਸੀ ਦੇ ਪ੍ਰਸ਼ਾਸ਼ਕੀ ਪੱਧਰ ਤੇ ਹੋ ਘਮਾਸਾਨ ਮੁੱਖ ਕਾਰਨ ਜਰੂਰ ਕਿਹਾ ਜਾ ਸਕਦਾ ਹੈ|

ਅਮਰਿੰਦਰ ਸਿੰਘ ਗਿੱਦਾ