Saturday, 7 September 2013

ਕਬੱਡੀ ਵਿਸ਼ਵ ਕੱਪ ਅਤੇ ਓਲੰਪਿਕ ਦਾ ਲੌਲੀਪੋਪ

​​
ਬੀਤੇ ਦਿਨਾਂ ਦੀਆਂ ਖਬਰਾਂ ਦੇ ਦੌਰਾਨ ਪਿੰਡ ਪੱਧਰੀ ਕਬੱਡੀ ਵਿਸ਼ਵ ਕੱਪ ਦੇ ਐਲਾਨ ਦੀ ਇੱਕ ਖ਼ਬਰ ਵੀ ਸਾਹਮਣੇ ਆਈ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਇਸ ਵਿਸ਼ਵ ਕੱਪ ਦੇ ਜੇਤੂਆਂ ਨੂੰ ਵੀ ਰਿਕਾਰਡ ਤੋੜ ਇਨਾਮੀ ਰਾਸ਼ੀ ਦਿੱਤੀ ਜਾਵੇਗੀ| ਇਸਦੇ ਨਾਲ-ਨਾਲ ਇਸ ਗੱਲ ਦਾ ਦਾਅਵਾ ਵੀ ਕੀਤਾ ਗਿਆ ਕਿ ਪੰਜਾਬ ਸਰਕਾਰ ਕਬੱਡੀ ਨੂੰ 2020 ਦੀਆਂ ਓਲੰਪਿਕ ਖੇਡਾਂ ਵਿੱਚ ਸ਼ਾਮਿਲ ਕਰਵਾਉਣ ਲਈ ਵੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਪਰ 2020 ਦੀਆਂ ਓਲੰਪਿਕ ਖੇਡਾਂ ਵਿੱਚ ਕਬੱਡੀ ਨੂੰ ਸ਼ਾਮਿਲ ਕਰਵਾਉਣ ਦੀਆਂ ਕੋਸ਼ਿਸ਼ਾਂ ਸਿਰਫ ਇੱਕ ਲੌਲੀਪੋਪ ਤੋਂ ਜਿਆਦਾ ਕੁਝ ਵੀ ਨਹੀਂ ਪਰ ਇਹ ਲੌਲੀਪੋਪ ਲਗਾਤਾਰ ਛੋਟੇ ਅਤੇ ਵੱਡੇ ਬਾਦਲ ਦੇ ਨਾਲ ਨਾਲ ਹੁਣ ਮਜੀਠੀਆ ਵੀ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਨੇ| ਹੁਣ ਆਪਣੇ ਇਸ ਤਰਕ ਨੂੰ ਸੱਚ  ਸਾਬਿਤ ਕਰਨ ਲਈ ਹਾਲ ਦੀਆਂ ਘਟਨਾਵਾਂ ਦਾ ਹਵਾਲਾ ਜਰੂਰ ਦੇਣਾ ਚਾਹਾਂਗਾ ਤਾਂਕਿ ਪੰਜਾਬ ਸਰਕਾਰ ਸਾਡੀ ਮਾਂ ਖੇਡ ਦੇ ਨਾਮ ਤੇ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰ ਸਕੇ ਜੋਕਿ ਨਿਰੰਤਰ ਪਿਛਲੇ ਸਾਲਾਂ ਦੌਰਾਨ ਹੋ ਰਿਹਾ ਹੈ|

2020
ਦੀਆਂ ਓਲੰਪਿਕ ਖੇਡਾਂ ਦੀ ਸੂਚੀ ਲਗਭਗ ਤਿਆਰ:

ਇਸ ਗੱਲ ਨੂੰ ਅਸੀਂ ਸਾਰੇ ਭਲੀ ਭਾਂਤ ਜਾਣਦੇ ਹਾਂ ਕਿ 2020 ਦੀਆਂ ਓਲੰਪਿਕ ਖੇਡਾਂ ਚੋਂ ਕੁਸ਼ਤੀ ਬਾਹਰ ਦਾ ਰਾਸਤਾ ਦਿਖਾਇਆ ਜਾ ਰਿਹਾ ਸੀ, ਜਿਸਤੋਂ ਤੋਂ ਬਾਅਦ ਵਿਸ਼ਵ ਭਰ ਵਿੱਚ ਕਾਫੀ ਵਿਰੋਧ ਦੇਖਣ ਨੂੰ ਮਿਲਿਆ ਅਤੇ ਨਾਲ ਹੀ ਕੁਸ਼ਤੀ ਨੂੰ ਵਾਪਿਸ ਓਲੰਪਿਕ ' ਸ਼ਾਮਿਲ ਕਰਵਾਉਣ ਲਈ ਯਤਨ ਵੀ ਦੇਖੇ ਗਏ, ਪਰ ਕਬੱਡੀ ਲਈ ਕਿਸੇ ਨੇ ਕੋਈ ਖ਼ਬਰ ਨਹੀਂ ਪੜੀ ਹੋਣੀ, ਕਿਓਂਕਿ ਇਹ ਖ਼ਬਰ ਪੰਜਾਬ ਸਰਕਾਰ ਜੁੱਤੀ ਦੇ ਜੋਰ ਨਾਲ ਨਹੀਂ ਲਗਵਾ ਸਕਦੀ| ਮਈ ਮਹੀਨੇ ਦੇ ਆਖਿਰ ਵਿੱਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਇਕ ਮੀਟਿੰਗ ਹੋਈ ਜਿਸ ਵਿੱਚ 2020 ਦੀਆਂ ਓਲੰਪਿਕ ਖੇਡਾਂ ਲਈ ਅੱਠ ਖੇਡਾਂ ਵਿਚੋਂ ਤਿੰਨ ਖੇਡਾਂ ਨੂੰ ਅਗਲੀ ਚੋਣ ਲਈ ਚੁਣਿਆ ਗਿਆ, ਇਨਾਂ ਅੱਠ ਵਿੱਚ ਜੋ ਖੇਡਾਂ ਸਨ ਉਨਾਂ ਵਿੱਚ ਕਰਾਟੇ, ਰੋਲਰ ਸਪੋਰਟਸ, ਕਲਾਈਮਬਿੰਗ, ਵੇਕਬੋਰਡਿੰਗ, ਵੁਸ਼ੋ, ਕੁਸ਼ਤੀ, ਬੇਸਬਾਲ ਅਤੇ ਸਕੁਏਸ਼ ਸ਼ਾਮਿਲ ਸਨ ਅਤੇ ਇਨਾਂ ਅੱਠ ਖੇਡਾਂ ਚੋਂ ਹੁਣ ਤਿੰਨ ਖੇਡਾਂ (ਕੁਸ਼ਤੀ, ਬੇਸਬਾਲ ਅਤੇ ਸਕੁਏਸ਼) ਅਗਲੀ ਚੋਣ ਲਈ ਚੁਣੀਆਂ ਗਈਆਂ ਅਤੇ ਇਨਾਂ ਤਿੰਨ ਖੇਡਾਂ ਚੋਂ ਸਿਰਫ ਇਕ ਹੀ ਖੇਡ ਚੁਣੀ ਜਾਵੇਗੀ, ਜਿਸਦਾ ਐਲਾਨ ਸਤੰਬਰ ਵੋਟਿੰਗ ਤੋਂ ਬਾਅਦ ਹੋਵੇਗਾ| ਇਸ ਸਾਰੇ ਘਟਨਾਕ੍ਰਮ ਦੌਰਾਨ ਅਸੀਂ ਕੁਸ਼ਤੀ ਸੰਘਾਂ ਦੇ ਅਧਿਕਾਰੀਆਂ ਨੂੰ ਉੱਦਮ ਕਰਦੇ ਦੇਖਿਆ, ਪਰ ਕਬੱਡੀ ਦਾ ਨਾਮ ਦੂਰ-ਦੂਰ ਕਿਤੇ ਵੀ ਨਜਰ ਨਹੀਂ ਆਉਂਦਾ ਅਤੇ ਨਾਂ ਹੀ ਨਜਰ ਆਏ ਕਬੱਡੀ ਨੂੰ ਰਾਜਨੀਤੀ ਨਾਲ ਪਰੋਸ ਕੇ ਵੇਚਣ ਵਾਲਿਆਂ ਵਲੋਂ ਕਿਤੇ ਗਏ ਯਤਨ, ਜੇਕਰ ਇਨਾਂ ਨੇਤਾਵਾਂ ਦੇ ਬਿਆਨ ਥੋੜੀ ਜਿਹੀ ਵੀ ਸੱਚਾਈ ਹੁੰਦੀ ਤਾਂ ਕਬੱਡੀ ਓਲੰਪਿਕ ਖੇਡਾਂ ਦੀਆਂ ਉਨਾਂ ਅੱਠ ਖੇਡਾਂ ਜਰੂਰ ਸ਼ਾਮਿਲ ਹੁੰਦੀ ਜਿਨਾਂ ਵਿਚੋਂ ਤਿੰਨ ਖੇਡਾਂ ਨੂੰ ਆਖਰੀ ਚੋਣ ਲਈ ਚੁਣਿਆ ਜਾ ਚੁੱਕਾ ਹੈ| ਸਤੰਬਰ ਦੇ ਮਹੀਨੇ ਆਖਰੀ ਤਿੰਨ ਖੇਡਾਂ ਚੋਂ ਸਿਰਫ ਇੱਕ ਖੇਡ ਚੁਣ ਲਈ ਜਾਵੇਗੀ ਪਰ ਇਸ ਸਾਰੇ ਘਟਨਾਕ੍ਰਮ ਦੇ ਬਾਵਜੂਦ ਵੀ ਕਬੱਡੀ ਵਿਸ਼ਵ ਕੱਪ ਦੇ ਐਲਾਨ ਦੇ ਮੌਕੇ ਕੁਝ ਕੁ ਨੇਤਾਵਾਂ ਵਲੋਂ ਇਹ ਬਿਆਨ ਦਿੱਤਾ ਗਿਆ ਕਿ ਪੰਜਾਬ ਸਰਕਾਰ ਕਬੱਡੀ ਨੂੰ 2020 ਦੀਆਂ ਓਲੰਪਿਕ ਖੇਡਾਂ ਸ਼ਾਮਿਲ ਕਰਵਾਉਣ ਦੀਆਂ ਗੱਲਾਂ ਨਾਲ ਆਮ ਲੋਕਾਂ ਅਤੇ ਖੇਡ ਜਗਤ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ| ਜਿਸ ਨੇਤਾ ਵਲੋਂ ਇਹ ਬਿਆਨ ਦਿੱਤਾ ਗਿਆ ਉਨਾਂ ਇਹ ਵੀ ਆਖਿਆ ਕਿ ਓਨਾਂ ਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਬੂਰ ਜਰੂਰ ਪਵੇਗਾ, ਪਰ ਖੇਡਾਂ ਦੇ ਇਸ ਸ਼ੁਭਚਿੰਤਕ ਨੇਤਾ ਨੂੰ ਇੱਕ ਗੱਲ ਜਰੂਰ ਦੱਸ ਦੇਣੀ ਚਾਹੁੰਦਾ ਹਾਂ, ਕਿ ਆਪਜੀ ਵਲੋਂ ਦਿੱਤੇ ਗਏ ਇਸ ਬਿਆਨ ਤੋਂ ਪਹਿਲਾਂ ਹੀ 2020 ਦੀਆਂ ਓਲੰਪਿਕ ਖੇਡਾਂ ਸ਼ਾਮਿਲ ਹੋਣ ਲਈ ਆਖਰੀ ਤਿੰਨ ਖੇਡਾਂ ਦੀ ਚੋਣ ਹੋ ਚੁੱਕੀ ਸੀ, ਜਿਸ ਸਬੰਧੀ ਬਹੁਤੀਆਂ ਭਾਰਤੀ ਅਖਬਾਰਾਂ ਵਲੋਂ ਇਹ ਖ਼ਬਰ ਵੀ ਮੁੱਖ ਪੰਨਿਆਂ ਤੇ ਪ੍ਰਕਾਸ਼ਿਤ ਕੀਤੀ ਗਈ ਸੀ, ਪਰ ਇਨਾਂ ਵਲੋਂ ਸ਼ਾਇਦ ਨਾ ਦੇਖੀ ਗਈ ਹੋਵੇ, ਕਿਓਂਕਿ ਰਾਜਨੀਤਿਕ ਭੁੱਖ ਨੂੰ ਪੂਰਾ ਕਰਨ ਲਈ ਉਨਾਂ ਲਈ, ਉਨਾਂ ਵਲੋਂ ਜਾਂ ਫਿਰ ਉਨਾਂ ਦੀ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਵਿਸ਼ਵ ਕੱਪ ਹੀ ਕਾਫੀ ਹੈ|

ਰਾਜਨੇਤਾਵਾਂ ਨੂੰ ਮੁੱਕੇਬਾਜੀ ਕਾਰਣ ਫ਼ਤਵਾ:

ਜੇਕਰ ਅਸੀਂ ਹਾਲ ਦੀਆਂ ਘਟਨਾਵਾਂ ਤੇ ਨਜਰ ਮਾਰੀਏ ਤਾਂ ਇਹ ਗੱਲ ਕਹੀ ਜਾ ਸਕਦੀ ਹੈ ਕਿ, ਛੋਟੇ ਬਾਦਲ ਦੀ ਸਰਪ੍ਰਸਤੀ ਥੱਲੇ ਕਬੱਡੀ ਓਲੰਪਿਕ ਤੱਕ ਨਹੀਂ ਸਕਦੀ, ਕਿਓਂਕਿ ਇਸਦੇ ਦੋ ਕਾਰਣ ਨੇ| ਪਹਿਲਾ, ਅੰਤਰਰਾਸ਼ਟਰੀ ਮੁੱਕੇਬਾਜੀ ਸੰਸਥਾ ਵਲੋਂ ਭਾਰਤੀ ਮੁੱਕੇਬਾਜੀ ਸੰਘ ਨੂੰ ਵੀ ਓਲੰਪਿਕ ਅਤੇ ਨਾਲ ਹੀ ਹੋਰਨਾਂ ਵੱਕਾਰੀ ਮੁਕਾਬਲਿਆਂ ਚੋਂ ਬਾਹਰ ਕਰ ਦਿੱਤਾ ਗਿਆ ਸੀ, ਕਿਓਂਕਿ ਮੁੱਕੇਬਾਜੀ ' ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦਾ ਰੁਝਾਨ ਵੀ ਕਾਫੀ ਜਿਆਦਾ ਸੀ, ਜਿਸ ਤਰਾਂ ਕਿ ਸਾਡੇ ਉੱਪ ਮੁੱਖ ਮੰਤਰੀ ਦਾ ਕਬੱਡੀ ਨੂੰ ਲੈ ਕੇ ਹੈ| ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਸ ਤਰਾਂ ਮੁੱਕੇਬਾਜੀ ਓਲੰਪਿਕ ਵਿੱਚ ਸ਼ਾਮਿਲ ਹੋਣ ਦੇ ਬਾਵਜੂਦ ਵੀ, ਭਾਰਤ ਤੇ ਓਲੰਪਿਕ ਦੇ ਮੁੱਕੇਬਾਜੀ ਮੁਕਾਬਲਿਆਂ ਖੇਡਣ ਤੇ ਰੋਕ ਲੱਗ ਗਈ ਸੀ, ਠੀਕ ਇਸੇ ਹੀ ਅਧਾਰ ਤੇ ਕਬੱਡੀ ਨੂੰ ਓਲੰਪਿਕ ਵਿੱਚ ਦਾਖਲਾ ਨਹੀਂ ਮਿਲ ਸਕਦਾ| ਹੁਣ ਜੇਕਰ ਮੌਜੂਦਾ ਪ੍ਰਬੰਧਕਾ ਨੂੰ ਇਸ ਗੱਲ ਦਾ ਗਿਆਨ ਹੋਵੇ ਜਾਂ ਫਿਰ ਓਲੰਪਿਕ ਕਮੇਟੀ ਦੇ ਓਲੰਪਿਕ ' ਕਿਸੇ ਖੇਡ ਨੂੰ ਸ਼ਾਮਿਲ ਕਰਨ ਲਈ ਦਿੱਤੀਆਂ ਗਈਆਂ ਸ਼ਰਤਾਂ ਦਾ ਪਤਾ ਹੋਵੇ ਫਿਰ ਤਾਂ ਕਬੱਡੀ ਨੂੰ ਅਸੀਂ ਓਲੰਪਿਕ ਤੱਕ ਜਾਣ ਦਾ ਸਫ਼ਰ ਤਹਿ ਕਰਦੇ ਦੇਖ ਸਕਦੇ ਹਾਂ, ਪਰ ਅਜਿਹਾ ਹੋਵੇਗਾ ਨਹੀਂ ਕਿਓਂਕਿ ਪਹਿਲਾਂ ਤਾਂ ਇਹ ਕਬੱਡੀ ਵਿਸ਼ਵ ਕੱਪ ਸੱਤਾ ਦੇ ਬਦਲਣ ਨਾਲ ਹੀ ਖਤਮ ਹੋ ਜਾਣਾ ਤੇ ਇਸਨੂੰ ਓਲੰਪਿਕ ਤੱਕ ਲੈ ਕੇ ਜਾਣ ਦੇ ਦਾਅਵੇ ਵੀ, ਦੂਸਰਾ ਕਬੱਡੀ ਨੂੰ ਸਿਰਫ ਰਾਜਨੀਤਿਕ ਫਾਇਦੇ ਲਈ ਉਦੋਂ ਤੱਕ ਹੀ ਇਸਤੇਮਾਲ ਕੀਤਾ ਜਾ ਸਕਦਾ ਜਦੋਂ ਤੱਕ ਇਹ ਓਲੰਪਿਕ ਤੋਂ ਬਾਹਰ ਹੈ, ਉਸਤੋਂ ਬਾਅਦ ਨਹੀਂ|

ਦੂਸਰਾ ਕਾਰਣ ਵੀ ਬਹੁਤ ਖਾਸ ਹੈ, ਕਿਓਂਕਿ ਓਹ ਪਹਿਲੇ ਦੱਸੇ ਗਏ ਕਾਰਣ ਨਾਲੋਂ ਵੀ ਜਿਆਦਾ ਮਹੱਤਵਪੂਰਨ ਹੈ| ਭਾਰਤ ਵਿੱਚ ਹਾਕੀ ਦੀਆਂ ਦੋ ਸੰਸਥਾਵਾਂ ਬਣਨ ਦੇ ਕਾਰਣ, ਭਾਰਤ ਦੀ ਕਿਰਕਿਰੀ ਪੂਰੇ ਵਿਸ਼ਵ ਵਿੱਚ ਹੋ ਚੁੱਕੀ ਹੈ ਅਤੇ ਨਾਲ ਹੀ ਅੰਤਰ ਰਾਸ਼ਟਰੀ ਹਾਕੀ ਸੰਸਥਾ ਵਲੋਂ ਵੀ ਸਿਰਫ ਇੱਕੋ ਹੀ ਭਾਰਤੀ ਹਾਕੀ ਸੰਸਥਾ ਨਾਲ ਕੰਮ ਕਰਨ ਦੀ ਗੱਲ ਸਭ ਦੇ ਸਾਹਮਣੇ ਹੈ| ਹੁਣ ਇਸ ਫਲਸਫੇ ਦੇ ਅਧਾਰ ਤੇ ਕਬੱਡੀ ਦੀਆਂ ਓਲੰਪਿਕ ਤੱਕ ਜਾਣ ਦੀਆਂ ਸੰਭਾਵਨਾਵਾਂ ਦੀ ਗੱਲ ਕਰਦੇ ਹਾਂ| ਏਮਚੁਏਰ ਕਬੱਡੀ ਫੇੱਡਰੇਸ਼ਨ ਆਫ਼ ਇੰਡੀਆ ਵਲੋਂ ਭਾਰਤ ਵਿੱਚ ਅਤੇ ਇਸੇ ਹੀ ਬੈਨਰ ਥੱਲੇ ਵਿਸ਼ਵ ਭਰ ਵਿੱਚ ਸਰਕਲ ਸਟਾਇਲ (ਪੰਜਾਬ ਸਟਾਇਲ) ਕਬੱਡੀ ਨੂੰ ਵੀ ਪੇਸ਼ ਕੀਤਾ ਗਿਆ ਹੈ, ਅਤੇ ਇਹੋ ਸੰਸਥਾ ਹੀ ਭਾਰਤੀ ਓਲੰਪਿਕ ਸੰਘ ਵਲੋਂ ਮਾਨਤਾ ਪ੍ਰਾਪਤ ਵੀ ਹੈ| ਹੁਣ ਜੇਕਰ ਅਜਿਹੇ ਹਾਲਾਤਾਂ ਵਿੱਚ ਪੰਜਾਬ ਵਿੱਚ ਇੱਕ ਹੋਰ ਅੰਤਰਰਾਸ਼ਟਰੀ ਕਬੱਡੀ ਸੰਘ ਬਣਦਾ ਹੈ ਤਾਂ ਸਵਾਲ ਇਹ ਹੋਵੇਗਾ, ਕੀ ਏਮਚੁਏਰ ਕਬੱਡੀ ਫੇੱਡਰੇਸ਼ਨ ਆਫ਼ ਇੰਡੀਆ ਇਸਦਾ ਵਿਰੋਧ ਭਾਰਤੀ ਓਲੰਪਿਕ ਸੰਘ ਕੋਲ ਨਹੀਂ ਕਰੇਗੀ, ਕੀ ਓਲੰਪਿਕ ਕਮੇਟੀ ਨੂੰ ਇਸਦੀ ਜਾਣਕਾਰੀ ਨਹੀਂ ਮਿਲੇਗੀ? ਇਸਦਾ ਜਵਾਬ ਹਰ ਕੋਈ ਜਾਣਦਾ ਹੈ ਤੇ ਮੇਰੇ ਖਿਆਲ ਅਨੁਸਾਰ ਕਬੱਡੀ ਵਿਸ਼ਵ ਕੱਪ ਦੇ ਕਰਤਾ ਧਰਤਾ ਵੀ| ਹੁਣ ਜਦੋਂ ਸਰਕਲ ਸਟਾਇਲ ਕਬੱਡੀ ਪਹਿਲਾਂ ਤੋਂ ਹੀ ਏਮਚੁਏਰ ਕਬੱਡੀ ਫੇੱਡਰੇਸ਼ਨ ਆਫ਼ ਇੰਡੀਆ ਦੇ ਯਤਨਾਂ ਨਾਲ ਸੈਫ਼ ਖੇਡਾਂ ਅਤੇ ਏਸ਼ੀਅਨ ਖੇਡਾਂ ਵਿੱਚ ਖੇਡੀ ਜਾ ਚੁੱਕੀ ਹੈ ਅਤੇ ਕਾਫੀ ਏਸ਼ੀਅਨ ਦੇਸ਼ਾਂ ਵਲੋਂ ਇਸ ਵਿੱਚ ਹਿੱਸਾ ਲਿਆ ਗਿਆ, ਤਾਂ ਕੀ ਅਜਿਹੇ ਹਾਲਾਤਾਂ ਏਮਚੁਏਰ ਕਬੱਡੀ ਫੇੱਡਰੇਸ਼ਨ ਆਫ਼ ਇੰਡੀਆ ਸਰਕਲ ਸਟਾਇਲ ਕਬੱਡੀ ਨੂੰ ਕਬੱਡੀ ਦਾ ਬਦਲ ਬਣਨ ਦੇਵੇਗੀ? ਬਿਲਕੁਲ ਨਹੀਂ, ਹਾਲਾਂਕਿ ਏਮਚੁਏਰ ਕਬੱਡੀ ਫੇੱਡਰੇਸ਼ਨ ਆਫ਼ ਇੰਡੀਆ ਆਪਣੀ ਵੇੱਬਸਾਇਟ ਤੇ ਸਰਕਲ ਸਟਾਇਲ ਕਬੱਡੀ ਵਾਰੇ ਵੀ ਜਾਣਕਾਰੀ ਦੇ ਰਹੀ ਹੈ| ਏਮਚੁਏਰ ਕਬੱਡੀ ਫੇੱਡਰੇਸ਼ਨ ਆਫ਼ ਇੰਡੀਆ ਪਹਿਲਾਂ ਤੋਂ ਹੀ ਭਾਰਤੀ ਓਲੰਪਿਕ ਸੰਘ ਦਾ ਹਿੱਸਾ ਹੈ, ਪਰ ਪੰਜਾਬ ਦਾ ਵਿਸ਼ਵ ਕੱਪ ਨਹੀਂ| ਏਮਚੁਏਰ ਕਬੱਡੀ ਫੇੱਡਰੇਸ਼ਨ ਆਫ਼ ਇੰਡੀਆ ਪਹਿਲਾਂ ਤੋਂ ਹੀ ਏਸ਼ੀਅਨ ਕਬੱਡੀ ਸੰਸਥਾ ਦਾ ਵੀ ਹਿੱਸਾ ਹੈ, ਪਰ ਪੰਜਾਬ ਦਾ ਵਿਸ਼ਵ ਕੱਪ ਨਹੀਂ ਅਤੇ ਨਾ ਹੀ ਪੰਜਾਬ ਸਟਾਇਲ ਕਬੱਡੀ ਦੀ ਪੰਜਾਬ ਤੋਂ ਕੋਈ ਸੰਸਥਾ| ਹੁਣ ਅਜਿਹੇ ਹਾਲਾਤਾਂ ਵਿੱਚ ਕਬੱਡੀ ਓਲੰਪਿਕ ਤੱਕ ਜਾ ਸਕਦੀ ਹੈ ਕਿ ਨਹੀਂ, ਇਹ ਕਾਫੀ ਹੱਦ ਤੱਕ ਸਾਫ਼ ਹੈ|

ਓਲੰਪਿਕ ਖੇਡਾਂ ਨੂੰ ਸ਼ਾਮਿਲ ਕਰਨ ਦੀ ਵਿਧੀ:

ਓਲੰਪਿਕ ਖੇਡਾਂ ਵਿੱਚ ਕਿਸੇ ਖੇਡ ਨੂੰ ਸ਼ਾਮਿਲ ਕਰਨ ਲਈ ਸਿਰਫ ਗੱਲਾਂ ਦਾ ਕੜਾਹ ਹੀ ਕਾਫੀ ਨਹੀਂ, ਜੋਕਿ ਸਾਡੇ ਨੇਤਾ ਕਬੱਡੀ ਨੂੰ ਓਲੰਪਿਕ ਤੱਕ ਪਹੁੰਚਾਉਣ ਲਈ ਕਰ ਰਹੇ ਨੇ| ਓਲੰਪਿਕ ਵਿੱਚ ਕਿਸੇ ਖੇਡ ਨੂੰ ਆਪਣਾ ਨਾਮ ਸ਼ਾਮਿਲ ਕਰਨ ਲਈ ਉਸ ਖੇਡ ਨਾਲ ਸਬੰਧਿਤ ਖੇਡ ਸੰਸਥਾਵਾਂ ਨੂੰ ਕਾਫੀ ਕੰਮ ਕਰਨ ਦੀ ਜਰੂਰਤ ਹੁੰਦੀ ਹੈ ਅਤੇ ਇਸ ਲਈ ਹਰ ਸਾਲ ਇੱਕ ਵਿਸ਼ਵ ਕੱਪ ਕਰਵਾ ਦੇਣਾ ਹੀ ਕਾਫੀ ਨਹੀਂ| ਓਲੰਪਿਕ ਕਮੇਟੀ ਵਲੋਂ ਹਾਲ ਹੀ ਦੇ ਵਿੱਚ ਓਲੰਪਿਕ ਵਿੱਚ ਸ਼ਾਮਿਲ ਕੀਤੀਆਂ ਗਈਆਂ ਖੇਡਾਂ ਨੂੰ ਓਲੰਪਿਕ ਬਰਕਰਾਰ ਰੱਖਣ ਲਈ ਸਾਰੀਆਂ ਖੇਡਾਂ ਦਾ ਮੁਲਾਂਕਣ ਕੀਤਾ ਗਿਆ, ਜਿਸ ਵਿੱਚ ਸਿਰਫ ਇਹ ਨਹੀਂ ਦੇਖਿਆ ਗਿਆ ਕਿ ਕਿਸ ਖੇਡ ਨੂੰ ਕਿੰਨੇ ਦੇਸ਼ ਖੇਡਦੇ ਨੇ, ਇਸ ਮੁਲਾਂਕਣ ਵਿੱਚ ਹਰ ਖੇਡ ਨੂੰ ਓਲੰਪਿਕ ਵਿੱਚ ਆਪਣੀ ਭਾਗੀਦਾਰੀ ਜਾਰੀ ਰੱਖਣ ਲਈ ਇੱਕ ਪੇਸ਼ਕਾਰੀ ਦੇਣੀ ਪਈ, ਜਿਸ ਵਿੱਚ ਹਰ ਅੰਤਰਰਾਸ਼ਟਰੀ ਖੇਡ ਸੰਸਥਾ ਵਲੋਂ ਇਹ ਦੱਸਿਆ ਗਿਆ ਕਿ ਕਿਓਂ ਉਨਾਂ ਦੀ ਖੇਡ ਨੂੰ ਓਲੰਪਿਕ ਵਿੱਚ ਸ਼ਾਮਿਲ ਕੀਤਾ ਜਾਵੇ| ਕਬੱਡੀ ਨੂੰ ਸ਼ਾਮਿਲ ਕਰਨ ਲਈ ਕਿਸੇ ਵਲੋਂ ਵੀ ਕੋਈ ਪੇਸ਼ਕਾਰੀ ਨਹੀਂ ਦਿੱਤੀ ਗਈ, ਖੈਰ ਬਾਦਲ ਅਤੇ ਕੰਪਨੀ ਵਲੋਂ ਦਿੱਤੇ ਜਾਂਦੇ ਬਿਆਨ ਮੇਰੇ ਆਗੇ ਸਵਾਲ ਜਰੂਰ ਖੜੇ ਕਰ ਦਿੰਦੇ ਨੇ, ਕਿ ਕਿਓਂ ਇਹ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ| ਓਲੰਪਿਕ ਕਮੇਟੀ ਵਲੋਂ ਜਿਨਾਂ ਸ਼ਰਤਾ ਤੇ ਕਿਸੇ ਖੇਡ ਨੂੰ ਓਲੰਪਿਕ ਸ਼ਾਮਿਲ ਕੀਤਾ ਜਾਂਦਾ ਹੈ, ਉਨਾਂ ਵਿੱਚ ਓਲੰਪਿਕ ਕਮੇਟੀ ਕਿਸੇ ਖੇਡ ਦੇ ਜੂਨੀਅਰ ਅਤੇ ਸੀਨੀਅਰ ਪੱਧਰ ਦੇ ਮੁਕਾਬਲਿਆਂ ਤੇ ਵੀ ਨਜਰ ਮਾਰਦੀ ਹੈ, ਸਿਰਫ ਸਾਲ ਕਰਵਾਇਆ ਗਿਆ ਇੱਕ ਵਿਸ਼ਵ ਕੱਪ ਕਾਫੀ ਨਹੀਂ| ਓਲੰਪਿਕ ਕਮੇਟੀ ਇਹ ਵੀ ਦੇਖੇਗੀ ਕਿ ਜੋ ਦੇਸ਼ ਇਸ ਖੇਡ ਨੂੰ ਖੇਡ ਰਹੇ ਹਨ ਕੀ ਉਨਾਂ ਦੇਸ਼ਾਂ ਵਿੱਚ ਰਾਸ਼ਟਰੀ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਕਿ ਨਹੀਂ, ਕੀ ਇਸ ਖੇਡ ਦੇ ਜੂਨੀਅਰ ਪੱਧਰ ਦੇ ਅੰਤਰਰਾਸ਼ਟਰੀ ਮੁਕਾਬਲੇ ਹੁੰਦੇ ਹਨ ਕਿ ਨਹੀਂ? ਕਮੇਟੀ ਇਹ ਵੀ ਦੇਖੇਗੀ ਕਿ ਇਸ ਖੇਡ ਦੀ ਲੋਕਪ੍ਰਿਯਤਾ ਕਿੰਨੀ ਕੁ ਹੈ, ਪਰ ਮੈਂ ਮੁਆਫੀ ਚਾਹਾਂਗਾ ਇਸ ਖੇਡ ਦੀ ਲੋਕਪ੍ਰਿਯਤਾ ਹੁਣ ਸਿਰਫ ਵਿਸ਼ਵ ਕੱਪ ਤੱਕ ਹੀ ਸੀਮਤ ਰਹਿ ਗਈ ਹੈ ਅਤੇ ਇਹ ਵਿਸ਼ਵ ਕੱਪ ਵੀ ਸੱਤਾ ਪਲਟਨ ਤੱਕ| ਓਲੰਪਿਕ ਵਿਚ ਕਿਸੇ ਖੇਡ ਨੂੰ ਸ਼ਾਮਿਲ ਹੋਣ ਲਈ ਲਗਭਗ 30 ਮਾਪਦੰਡਾ ਦੇ ਅਧਾਰ ਤੇ ਪਰਖਿਆ ਜਾਂਦਾ ਹੈ| ਚਲੋ ਜੇਕਰ ਇਸ ਵਿਸ਼ਵ ਕੱਪ ਨੂੰ ਵਿਸ਼ਵ ਕੱਪ ਮੰਨ ਵੀ ਲਈਏ, ਤਾਂ ਓਲੰਪਿਕ ਕਮੇਟੀ ਇਹ ਵੀ ਜਾਨਣਾ ਚਾਹੇਗੀ ਕਿ ਵਿਸ਼ਵ ਕੱਪ ਦੀ ਮੇਜਬਾਨੀ ਹਰ ਵਾਰ ਇੱਕ ਹੀ ਦੇਸ਼ ਅਤੇ ਇਕ ਹੀ ਰਾਜ ਨੂੰ ਕਿਓਂ ਦਿੱਤੀ ਗਈ, ਫਿਰ ਕਿ ਇਸਦਾ ਜਵਾਬ ਓਲੰਪਿਕ ਕਮੇਟੀ ਦੇ ਮੰਨਣਯੋਗ ਹੋਵੇਗਾ? ਖੈਰ ਇਸਦੇ ਅਧਾਰ ਤੇ ਮੈਂ ਦਾਅਵੇ ਨਾਲ ਕਹ ਸਕਦਾ ਹਾਂ, ਕਿ ਜੇਕਰ ਕਬੱਡੀ ਲਈ ਹਾਲਾਤ ਨਾ ਬਦਲੇ ਤਾਂ ਓਲੰਪਿਕ ਤਾਂ ਦੂਰ ਵਿਸ਼ਵ ਕੱਪ ਲਈ ਆਉਣ ਵਾਲੀਆਂ ਟੀਮਾਂ ਵਲੋਂ ਵੀ ਜਵਾਬ ਮਿਲ ਜਾਵੇਗਾ|
 
ਇਕ ਵਿਸ਼ਵ ਕੱਪ ਵਿਚ ਆਸਟ੍ਰੇਲੀਆ ਦੀਆਂ ਦੋ ਟੀਮਾਂ ਅਤੇ ਉਸਤੋਂ ਅਗਲੇ ਵਿਸ਼ਵ ਕੱਪ ਵਿਚ ਆਸਟ੍ਰੇਲੀਆ ਦੀ ਇੱਕ ਵੀ ਟੀਮ ਨਹੀਂ| ਇਸ ਘਟਨਾ ਤੋਂ ਬਾਅਦ ਹੀ ਮੇਰੇ ਲਈ ਇਸ ਵਿਸ਼ਵ ਕੱਪ ਦਾ ਹੋਣਾ ਨਾ ਹੋਣਾ ਇੱਕ ਬਰਾਬਰ ਹੋ ਗਿਆ, ਕਿਓਂਕਿ ਅੰਨੇ ਨੇ ਰਿਓੜੀਆਂ ਆਪਣਿਆ ਨੂੰ ਹੀ ਵੰਡਣੀਆਂ| ਪਰ ਇਸ ਗੱਲ ਤੇ ਉਦਾਸ ਨਹੀਂ ਹੋਣਾ ਚਾਹੀਦਾ, ਕਿਓਂਕਿ ਕਬੱਡੀ ਵਿਸ਼ਵ ਕੱਪ ਤੋਂ ਪਹਿਲਾਂ ਵੀ ਖੇਡੀ ਜਾਂਦੀ ਰਹੀ ਹੈ ਤੇ ਬਾਅਦ ਵੀ ਖੇਡੀ ਜਾਂਦੀ ਰਹੇਗੀ, ਪਰ ਮੈਂ ਚਾਹਾਂਗਾ ਕਿ ਕਬੱਡੀ ਵਿਸ਼ਵ ਕੱਪ ਦੇ ਆਯੋਜਕਾਂ ਤੱਕ ਮੇਰੇ ਕੁਝ ਸਵਾਲ ਜਰੂਰ ਪਹੁੰਚਦੇ ਕਰ ਦੇਣਾ, ਤਾਂ ਸਾਡੀ ਇਸ ਮਾਂ ਖੇਡ ਪ੍ਰਤੀ ਓਹ ਕੁਝ ਗੰਭੀਰ ਹੋ ਸਕਣ| ਵਿਸ਼ਵ ਕੱਪ ਹਰ ਸਾਲ ਕਿਓਂ ਕਰਵਾਇਆ ਜਾਂਦਾ ਹੈ, ਜਦਕਿ ਹਰ ਕੋਈ ਵਿਸ਼ਵ ਕੱਪ 4 ਸਾਲ ਬਾਅਦ ਹੁੰਦਾ ਹੈ? ਕਬੱਡੀ ਵਿਸ਼ਵ ਕੱਪ ਵਿਚ ਕਿਸੇ ਦੇਸ਼ ਦੀ ਟੀਮ ਨੂੰ ਕੁਆਲੀਫਾਈ ਕਰਨ ਲਈ ਕਿਹੜੇ ਮਾਪਦੰਡਾ ਦੀ ਪਾਲਣਾ ਕਰਨੀ ਪੈਂਦੀ ਹੈ? ਕਬੱਡੀ ਵਿਸ਼ਵ ਕੱਪ ਦੌਰਾਨ ਜਿਨਾਂ ਹੋਟਲਾਂ ਵਿਚ ਟੀਮਾਂ ਰੁਕੀਆਂ ਉਨਾਂ ਹੋਟਲ ਮਾਲਕਾਂ ਦਾ ਪੈਸਾ ਕਿਓਂ ਨਹੀਂ ਦਿੱਤਾ ਗਿਆ? ਕਬੱਡੀ ਵਿਸ਼ਵ ਕੱਪ ਦੇ ਲਈ ਸਰਕਾਰੀ ਫੰਡ ਦੀ ਵਰਤੋਂ ਕਿੰਨੀ ਕੁ ਹੁੰਦੀ ਹੈ? ਕਬੱਡੀ ਨੂੰ ਓਲੰਪਿਕ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਵਲੋਂ ਕੀ ਕੀਤਾ ਗਿਆ, ਦਿੱਤੇ ਗਏ ਬਿਆਨਾਂ ਨੂੰ ਇੱਕ ਪਾਸੇ ਰੱਖਕੇ? ਜੂਨੀਅਰ ਪੱਧਰ ਦੇ ਮੁਕਾਬਲੇ ਪੰਜਾਬ ਸਰਕਾਰ ਕਿਓਂ ਨਹੀਂ ਕਰਵਾਉਂਦੀ? ਵਿਸ਼ਵ ਕੱਪ ਕੁਆਲੀਫਾਈ ਕਰਨ ਵਾਲੇ ਦੇਸ਼ਾ ਨੂੰ ਕਿਸੇ ਅੰਤਰਰਾਸ਼ਟਰੀ ਕਬੱਡੀ ਸੰਸਥਾ ਨਾਲ ਕਿਓਂ ਨਹੀਂ ਜੋੜਿਆ ਗਿਆ? ਵਿਸ਼ਵ ਕੱਪ ਦੀ ਅਜੇ ਤੱਕ ਕੋਈ ਵੇੱਬਸਾਇਟ ਕਿਓਂ ਨਹੀਂ ਬਣਾਈ ਗਈ ਅਤੇ ਜਾਣਕਾਰੀ ਨੂੰ ਛੁਪਾ ਕੇ ਕਿਓਂ ਰੱਖਿਆ ਜਾ ਰਿਹਾ ਹੈ? ਜੇਕਰ ਇਨਾਂ ਸਵਾਲਾਂ ਦੇ ਜਵਾਬ ਮਿਲ ਜਾਣ ਤਾਂ ਕਬੱਡੀ ਦਾ ਕੋਈ ਫਾਇਦਾ ਜਰੂਰ ਹੋ ਸਕਦਾ ਹੈ ਨਹੀਂ ਤਾਂ ਖੂਹ ਦੀ ਮਿੱਟੀ ਖੂਹ ਨੂੰ ਲਾਉਣ ਲਈ ਵਿਸ਼ਵ ਕੱਪ ਦਾ ਆਯੋਜਨ ਹਰ ਸਾਲ ਹੁੰਦਾ ਰਹੇਗਾ|

ਅਮਰਿੰਦਰ ਸਿੰਘ ਗਿੱਦਾ


No comments:

Post a Comment