Thursday, 2 November 2017

ਲੱਕੀ ਪੰਡਿਤ : ਸੁਪਨਿਆਂ ਨੂੰ ਜਿਉਣ ਦੀ ਮਿਸਾਲ



ਪੇਟ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ ਅਤੇ ਇਹ ਅਖਾਣ ਵਿਦੇਸ਼ ਚ ਪਰਵਾਸ ਕਰਨ ਵਾਲੇ ਪੰਜਾਬੀਆਂ 'ਤੇ ਹੋਰ ਵੀ ਦੂਣਾ ਹੋ ਢੁੱਕਦਾ ਹੈ | ਵਿਦੇਸ਼ ਦੀ ਤੇਜ਼ ਤਰਾਰ ਜਿੰਦਗੀ 'ਚੋਂ ਸਮਾਂ ਕੱਢ ਕੇ, ਆਪਣੇ ਬਹੁਤ ਸਾਰੇ ਸ਼ੌਂਕਾਂ ਨੂੰ ਭੁਲਾ ਕੇ, ਲੋਕਾਂ ਦੇ ਬੇ-ਹਿਸਾਬ ਸਵਾਲਾਂ ਦਾ ਸਾਹਮਣਾ ਅਤੇ ਪਰਿਵਾਰਕ ਤੌਰ ਤੇ ਵੀ ਕੁਰਬਾਨੀਆਂ ਦੇ ਕੇ ਆਪਣੇ ਸੁਪਨਿਆਂ ਨੂੰ ਜਿਓਣਾ ਇੱਕ ਵੱਡੀ ਮਿਸਾਲ ਹੈ | ਕੁਝ ਇਸੇ ਹੀ ਤਰਾਂ ਦੀ ਮਿਸਾਲ ਹੈ ਲੱਕੀ ਪੰਡਿਤ |

ਲੱਕੀ ਨੇ ਆਪਣੇ ਖਿਡਾਰੀ ਹੋਣ ਦਾ ਸਫ਼ਰ ਕੁਸ਼ਤੀ ਦੀ ਖੇਡ ਤੋਂ ਸ਼ੁਰੂ ਕੀਤਾ ਅਤੇ ਪਹਿਲਾਂ ਉਸਨੇ ਮਿੱਟੀ ਦੀ ਕੁਸ਼ਤੀ 'ਚ ਆਪਣੇ ਆਪ ਨੂੰ ਅਜਮਾਇਆ ਅਤੇ ਫਿਰ 1996 'ਚ ਇਸੇ ਹੀ ਖੇਡ ਨੂੰ ਨਿਖਾਰਦੇ ਹੋਏ ਗੱਦੇ ਦੀ ਕੁਸ਼ਤੀ ਤੱਕ ਦਾ ਸਫ਼ਰ ਤਹਿ ਕੀਤਾ | ਪਰ ਖੇਡਾਂ ਅਤੇ ਸੱਟਾਂ ਦਾ ਸਾਥ ਹਮੇਸ਼ਾ ਹੀ ਰਿਹਾ, ਜਿਸ ਕਾਰਣ ਕਈ ਚੋਟੀ ਦੇ ਖਿਡਾਰੀ ਵੀ ਆਪਣਾ ਨਾਮ ਖੇਡ ਜਗਤ ਦੇ ਨਾਮੀ ਮੁਕਾਬਲਿਆਂ 'ਚ ਦਰਜ ਨਹੀਂ ਕਰਵਾ ਸਕੇ | ਲੱਕੀ ਦੇ ਮੋਢੇ ਅਤੇ ਗੋਡੇ 'ਤੇ ਸੱਟ ਲੱਗਣ ਤੋਂ ਬਾਅਦ ਉਸਨੂੰ ਖੇਡ ਬਦਲਣੀ ਪਈ ਅਤੇ ਉਹ ਫਗਵਾੜਾ ਰਹਿੰਦਿਆਂ ਅਰਵਿੰਦਰ ਸਿੰਘ ਭੋਲਾ ਦੇ ਸੰਪਰਕ 'ਚ ਆਇਆ ਅਤੇ ਲੱਕੀ ਨੇ ਫਿਰ ਬਾਡੀ ਬਿਲਡਿੰਗ ਖੇਡ ਨੂੰ ਅਪਣਾਇਆ | ਅਰਵਿੰਦਰ ਨੇ ਲੱਕੀ ਦੀ ਮਿਹਨਤ ਨੂੰ ਦੇਖਦਿਆਂ ਕਦੇ ਵੀ ਉਸ ਕੋਲੋਂ ਜਿਮ 'ਚ ਟ੍ਰੇਨਿੰਗ ਕਰਨ ਦਾ ਨਿੱਕਾ ਪੈਸਾ ਨਹੀਂ ਲਿਆ |

ਬਾਡੀ ਬਿਲਡਿੰਗ ਖੇਡ 'ਚ ਲੱਕੀ ਨੇ ਡੇਕਸਟਰ ਜੈਕਸਨ ਨੂੰ ਆਦਰਸ਼ ਵਜੋਂ ਚੁਣਿਆ | ਡੇਕਸਟਰ ਜੈਕਸਨ ਨੂੰ ਬਾਡੀ ਬਿਲਡਿੰਗ ਖੇਡ 'ਚ ਬਲੇਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਉਹ 2008 ਚ ਮਿਸਟਰ ਓਲੰਪਿਆ ਵੀ ਰਹੇ ਨੇ | ਬਾਡੀ ਬਿਲਡਿੰਗ ਖੇਡ ਸ਼ੁਰੂ ਕਰਨ ਦੇ ਨਾਲ ਹੀ ਲੱਕੀ ਵਲੋਂ ਇਸ ਖੇਡ 'ਚ ਆਉਣ ਤੋਂ ਬਾਅਦ ਕੀਤੀ ਮਿਹਨਤ ਨੂੰ ਵੀ ਬੂਰ ਪੈਣਾ ਸ਼ੁਰੂ ਹੋ ਗਿਆ ਅਤੇ ਸਾਲ 2005 'ਚ ਲੱਕੀ ਮਿਸਟਰ ਫਗਵਾੜਾ ਅਤੇ 2006 'ਚ ਮਿਸਟਰ ਕਪੂਰਥਲਾ ਬਣਿਆ|  ਉਸਤੋਂ ਬਾਅਦ ਉਨਾਂ ਦੀ ਚੋਣ ਪੰਜਾਬ ਦੀ ਟੀਮ ਲਈ ਹੋਈ | ਸਾਲ 2005 ਚ ਲੱਕੀ ਨੇ ਪੰਜਾਬ ਵਲੋਂ ਖੇਡਦਿਆਂ ਕਾਂਸੀ ਦਾ ਮੈਡਲ ਜਿੱਤਿਆ ਅਤੇ ਇਸ ਸਾਲ ਪੰਜਾਬ ਦੀ ਟੀਮ ਓਵਰਆਲ ਚੈਂਪੀਅਨ ਵੀ ਰਹੀ ਸੀ | ਸਾਲ 2007 ਚ ਲੱਕੀ ਨੂੰ ਮਾਹਿਲਪੁਰ ਖਾਲਸਾ ਕਾਲਜ ਦੇ ਬੈਸਟ ਖਿਡਾਰੀ ਬਣਨ ਦਾ ਮਾਣ ਹਾਸਿਲ ਹੋਇਆ | ਇਸੇ ਦੌਰਾਨ ਲੱਕੀ ਨੇ ਗੁਰੂ ਨਾਨਕ ਦੇਵ ਯੂਨੀਵਰਸਟੀ ਵਲੋਂ ਖੇਡਦਿਆਂ 2005 -06 ਚਾਂਦੀ ਦਾ ਮੈਡਲ ਜਿੱਤਿਆ ਅਤੇ ਫਿਰ 2007 ਚ ਪੰਜਾਬੀ ਯੂਨੀਵਰਸਿਟੀ ਲਈ ਸੋਨੇ ਦਾ ਮੈਡਲ ਜਿੱਤਿਆ |

ਭਾਰਤ 'ਚ ਆਪਣੇ ਇਸ ਸਫਰ ਤੋਂ ਬਾਅਦ ਲੱਕੀ ਨੇ ਆਸਟ੍ਰੇਲੀਆ ਪਰਵਾਸ ਕੀਤਾ ਅਤੇ ਫਿਰ ਸੰਘਰਸ਼ ਦਾ ਅਸਲ ਸਫਰ ਸ਼ੁਰੂ ਹੋਇਆ | 2009 'ਚ ਆਸਟ੍ਰੇਲੀਆ ਆਉਣ ਤੋਂ ਬਾਅਦ ਜਿੰਦਗੀ ਚ ਆਈ ਤਬਦੀਲੀ ਅਤੇ ਜਿੰਮੇਵਾਰੀਆਂ ਨੇ ਲੱਕੀ ਦਾ ਭਾਰ 95 ਕਿੱਲੋ ਤੋਂ ਘਟਾ ਕੇ 60 ਕਿੱਲੋ ਕਰ ਦਿੱਤਾ | 2010 ਚ ਪਹਿਲੀ ਨੌਕਰੀ ਮਿਲੀ ਅਤੇ 6 ਕੁ ਮਹੀਨੇ ਬਾਅਦ ਵਾਪਿਸ ਆਪਣੀ ਖੇਡ ਸ਼ੁਰੂ ਕੀਤੀ | ਆਸਟ੍ਰੇਲੀਆ ਆ ਕੇ ਸਥਾਪਿਤ ਹੋਣ ਦੀ ਕੋਸ਼ਿਸ਼ ਚ ਲੱਕੀ ਪੰਡਿਤ ਆਪਣੇ ਕੰਮ ਤੇ ਪਹੁੰਚਣ ਲਈ 10 ਕਿੱਲੋਮੀਟਰ ਤੱਕ ਤੁਰ ਕੇ ਜਾਂਦਾ ਰਿਹਾ ਅਤੇ ਕਦੇ ਅਜਿਹਾ ਸਮਾਂ ਵੀ ਆਇਆ ਜਦ ਉਸਦੇ ਬੂਟਾਂ ਦਾ ਤਲਾ ਟੁੱਟਣ ਤੇ ਡਾਲਰ ਬਚਾਉਣ ਦੇ ਲਈ ਟੁੱਟੇ ਬੂਟਾਂ ਦੇ ਤਸਮਿਆਂ ਨੂੰ ਤਲੇ ਥੱਲਿਓਂ ਲੰਘਾ ਕੇ ਵੀ ਟੁੱਟੇ ਬੂਟ ਬੰਨਦਾ ਰਿਹਾ | ਇਸ ਦੌਰਾਨ ਲੱਕੀ ਆਪਣੀਆਂ ਪਰਿਵਾਰਕ ਜਿੰਮੇਵਾਰੀਆਂ ਨਿਭਾਉਂਦਾ ਰਿਹਾ, ਪਰ ਨਾਲ ਹੈ ਆਪਣੀ ਖੇਡ ਚ ਮੁੜ ਤੋਂ ਵਾਪਿਸ ਆਉਣ ਨਾਲ ਖੁਸ਼ ਵੀ ਸੀ | ਸਮੇਂ ਦੇ ਨਾਲ-ਨਾਲ ਅੱਗੇ ਵਧਦਿਆਂ ਲੱਕੀ ਨੇ ਟੈਕਸੀ ਚਲਾਉਣੀ ਸ਼ੁਰੂ ਕੀਤੀ ਅਤੇ ਟੈਕਸੀ ਤੋਂ ਹੁੰਦੀ ਕਮਾਈ ਨਾਲ ਉਸਨੇ ਆਪਣੇ ਖਾਣ-ਪੀਣ ਦਾ ਵੀ ਖਾਸ ਖਿਆਲ ਰੱਖਣਾ ਸ਼ੁਰੂ ਕੀਤਾ, ਕਿਓਂਕਿ ਬਾਡੀ ਬਿਲਡਿੰਗ ਦੀ ਖੇਡ ਮੁੱਖ ਤੌਰ ਤੇ ਖਾਣ-ਪੀਣ ਤੇ ਵੀ ਕੇਂਦਰਿਤ ਰਹਿੰਦੀ ਹੈ | 

ਦੋ ਸਾਲ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਲੱਕੀ ਦੇ ਇੱਕ ਵਾਰ ਸੱਟ ਲੱਗੀ ਅਤੇ ਸਾਲ 2013-14 'ਚ ਲੱਕੀ ਫਿਰ ਆਪਣੀ ਖੇਡ ਤੋਂ ਦੂਰ ਰਿਹਾ ਅਤੇ ਜਦੋਂ ਸ਼ਰੀਰਕ ਸੱਟ ਠੀਕ ਹੋਈ ਤਾਂ ਲੱਕੀ ਨੂੰ ਪਰਿਵਾਰਕ ਤੌਰ ਤੇ ਇੱਕ ਸਦਮਾ ਲੱਗਾ ਅਤੇ ਸਾਲ 2015 ਚ ਲੱਕੀ ਦੇ ਪਿਤਾ ਦੀ ਸ਼੍ਰੀ ਚਮਨ ਲਾਲ ਸ਼ਰਮਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ | ਸ਼ਰੀਰਕ ਅਤੇ ਪਰਿਵਾਰਕ ਸੱਟਾਂ ਵੀ ਲੱਕੀ ਦੀ ਮਿਹਨਤ ਘੱਟ ਨਾ ਕਰ ਸਕੀਆਂ ਅਤੇ ਉਹ ਆਪਣੇ ਸੁਪਨਿਆਂ ਨੂੰ ਜਿਓਂਦੇ ਰੱਖਦੇ ਹੋਏ ਆਪਣੀ ਖੇਡ ਚ ਮਿਹਨਤ ਕਰਦਾ ਰਿਹਾ ਤਾਂਕਿ ਚੰਗੇ ਨਤੀਜੇ ਸਾਹਮਣੇ ਆ ਸਕਣ | ਲੱਕੀ ਨੇ ਆਪਣੇ ਮਨ ਚ ਮਿਸਟਰ ਵਿਕਟੋਰੀਆ ਬਨਣ ਦੀ ਠਾਣੀ ਹੋਈ ਸੀ ਅਤੇ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸਨੇ ਆਪਣੇ ਪਿਤਾ ਜੀ ਦੇ ਸਵਰਗਵਾਸ ਹੋਣ ਤੋਂ ਬਾਅਦ ਆਪਣੀ ਮਾਤਾ ਸ਼੍ਰੀਮਤੀ ਤੀਰਥ ਦੇਵੀ ਦੇ ਨਾਲ ਭਾਰਤ ਰਹਿੰਦੀਆਂ ਵੀ ਮਿਸਟਰ ਵਿਕਟੋਰੀਆ ਬਨਣ ਲਈ ਮਿਹਨਤ ਜਾਰੀ ਰੱਖੀ | ਲਗਭਗ 8 ਮਹੀਨੇ ਲੱਕੀ ਨੇ ਨਾ ਸਿਰਫ ਆਪਣੀ ਮਿਹਨਤ ਜਾਰੀ ਰੱਖੀ, ਪਰ ਨਾਲ ਹੀ ਸਰਵਣ ਪੁੱਤ ਬਣਕੇ ਆਪਣੀ ਮਾਂ ਨੂੰ ਵੀ ਭਾਵਨਾਤਮਕ ਸਹਾਰਾ ਦਿੰਦਾ ਰਿਹਾ | ਇਸ ਦੌਰਾਨ ਲੱਕੀ ਦੇ ਪਤਨੀ ਨੇ ਵੀ ਉਨਾਂ ਦਾ ਬਹੁਤ ਸਾਥ ਦਿੱਤਾ ਅਤੇ ਕਿਓਂਕਿ ਆਪਣੀ 2 ਮਹੀਨੇ ਦੀ ਬੇਟੀ ਅਤੇ ਪਤਨੀ ਪ੍ਰੀਤੀ ਸ਼ਰਮਾ ਇਸ ਪੂਰੇ ਸਮੇਂ ਦੌਰਾਨ ਆਸਟ੍ਰੇਲੀਆ 'ਚ ਹੀ ਰਹੇ |

ਮਿਸਟਰ ਵਿਕਟੋਰੀਆ ਦੇ ਮੁਕਾਬਲੇ ਲਈ ਲੱਕੀ ਵਾਪਿਸ ਆਸਟ੍ਰੇਲੀਆ ਆਇਆ ਅਤੇ 2016 ਦਾ ਮਿਸਟਰ ਵਿਕਟੋਰੀਆ (90 ਕਿੱਲੋ) ਬਣਿਆ | ਪਰ ਇਸਦੇ ਨਾਲ ਲੱਕੀ ਦੇ ਸੁਪਨੇ ਪੂਰੇ ਨਹੀਂ ਹੋਏ, ਇਹ ਉਸਦੇ ਸੁਪਨਿਆਂ ਦਾ ਸਿਰਫ ਇੱਕ ਹਿੱਸਾ ਸੀ | ਬਿਨਾ ਸ਼ੱਕ ਬਾਡੀ ਬਿਲਡਿੰਗ ਚ ਡੇਕਸਟਰ ਜੈਕਸਨ ਨੂੰ ਆਪਣਾ ਆਦਰਸ਼ ਮੰਨਣ ਵਾਲੇ ਇਸ ਖਿਡਾਰੀ ਤੋਂ ਲੰਬੀਆਂ ਉਡਾਣਾਂ ਦੀ ਆਸ ਰਾਖੀ ਜਾ ਸਕਦੀ ਹੈ ਅਤੇ ਅਸੀਂ ਆਸ ਕਰਦੇ ਹਾਂ ਕੇ ਆਉਣ ਵਾਲੇ ਸਮੇਂ ਚ ਲੱਕੀ ਆਪਣੇ ਸਿਰੜ ਨਾਲ ਇਸੇ ਤਰਾਂ ਬੁਲੰਦੀਆਂ ਹਾਸਿਲ ਕਰਦਾ ਰਹੇ | ਲੱਕੀ ਨੇ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਬਹੁਤ ਮਿਹਨਤ ਕੀਤੀ, ਖੈਰ ਉਸਦੇ ਕਹਿਣ ਮੁਤਾਬਿਕ ਅਜੇ ਉਸਦੀ ਮਿਹਨਤ ਦਾ ਅਸਲ ਅਰਕ ਨਿੱਕਲਣਾ ਬਾਕੀ ਹੈ, ਜਿਸਦੇ ਲਈ ਸਾਡੀਆਂ ਦੁਆਵਾਂ ਉਸਦੇ ਨਾਲ ਨੇ |

ਅਮਰਿੰਦਰ ਗਿੱਦਾ

Saturday, 9 September 2017


ਕੀ ਦੱਸਾਂਗੇ ਕਬੱਡੀ ਵਿਸ਼ਵ ਕੱਪ ਵਾਰੇ ?




ਪੰਜਾਬ ਚ ਅਕਾਲੀ ਭਾਜਪਾ ਸਰਕਾਰ ਸੱਤਾ ਤੋਂ ਬਾਹਰ ਹੋ ਚੁੱਕੀ ਹੈ | ਅਕਾਲੀ ਭਾਜਪਾ ਸਕਰਾਰ ਵਲੋਂ ਪਿੱਛਲੇ ਕਈ ਸਾਲਾਂ ਤੋਂ ਕਬੱਡੀ ਵਿਸ਼ਵ ਕੱਪ ਕਰਵਾਇਆ ਜਾ ਰਿਹਾ ਸੀ, ਹਾਲਾਂਕਿ ਬੀਤੇ ਸਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਕੁਝ ਕੁ ਦੇਸ਼ਾਂ ਦੀਆਂ ਟੀਮਾਂ ਨੇ ਆਪਣੇ ਨਾਮ ਵਾਪਿਸ ਲੈ ਲਏ ਸਨ ਅਤੇ ਸਰਕਾਰ ਵਲੋਂ ਵੀ ਵਿਸ਼ਵ ਕੱਪ ਨਾ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ | ਸੱਤਾ ਚ ਤਬਦੀਲੀ ਆਉਣ ਤੋਂ ਬਾਅਦ ਹੁਣ ਸਵਾਲ ਉੱਠਦਾ ਹੈ, ਕੀ ਇਸ ਵਾਰ ਵਿਸ਼ਵ ਕੱਪ ਹੋਵੇਗਾ? ਕਬੱਡੀ ਵਿਸ਼ਵ ਕੱਪ ਦੀਆਂ ਸੰਭਾਵਨਾਵਾਂ ਇਸ ਵਾਰ ਬਿਲਕੁੱਲ ਨਾਂਹ ਦੇ ਬਰਾਬਰ ਹਨ, ਪਰ ਨਾਲ ਹੀ ਇਹ ਵੀ ਸਵਾਲ ਉੱਠਦਾ ਹੈ, ਕੇ ਇਸਨੂੰ ਲੈ ਕੇ ਅਸੀਂ ਵੱਖ-ਵੱਖ ਦੇਸ਼ਾਂ ਦੇ ਮੂਲ ਖਿੱਤੇ ਨਾਲ ਸਬੰਧਿਤ ਖਿਡਾਰੀਆਂ ਨੂੰ ਕੀ ਦੱਸਾਂਗੇ?

ਨਿਊਜ਼ੀਲੈਂਡ, ਡੈਨਮਾਰਕ ਦੀਆਂ ਮਹਿਲਾ ਕਬੱਡੀ ਟੀਮਾਂ 'ਚ ਖੇਡਦੀਆਂ ਉੱਥੋਂ ਦੀਆਂ ਮੂਲ ਖਿਡਾਰਨਾਂ ਜਾਂ ਫਿਰ ਪੁਰਸ਼ ਵਰਗ ਚ ਸੀਰੀਆ ਲਿਓਨ ਦੀ ਟੀਮ 'ਚ ਖੇਡਦੇ ਖਿਡਾਰੀਆਂ ਨੂੰ ਅਸੀਂ ਕੀ ਜਵਾਬ ਦੇਵਾਂਗੇ | ਸਵਾਲ ਉੱਠਣੇ ਲਾਜਮੀ ਨੇ | ਜੇਕਰ ਵਿਸ਼ਵ ਕੱਪ ਇਸ ਵਾਰ ਕਿਸੇ ਵੀ ਕਾਰਨ ਕਰਕੇ ਨਹੀਂ ਹੁੰਦਾ ਤਾਂ ਬਿਨਾਂ ਸ਼ੱਕ ਉਥੋਂ ਦੇ ਮੂਲ ਖਿਡਾਰੀਆਂ ਦਾ ਇਸ ਖੇਡ ਦੇ ਪ੍ਰਤੀ ਪਿਆਰ ਘਟੇਗਾ ਅਤੇ ਇਸਦਾ ਸਿੱਧਾ ਅਸਰ ਇਸ ਖੇਡ ਦੇ ਵਿਕਾਸ ਤੇ ਪੈਣਾ ਲਾਜਮੀ ਹੈ | ਇਹ ਵੀ ਹੋ ਸਕਦਾ ਹੈ, ਕਿ ਵੱਖ-ਵੱਖ ਦੇਸ਼ਾਂ ਦੇ ਮੂਲ ਖਿਡਾਰੀ ਕਬੱਡੀ ਤੋਂ ਪੂਰਨ ਰੂਪ ਵਜੋਂ ਹੀ ਕਿਨਾਰਾ ਕਰ ਲੈਣ | ਇਹ ਗੱਲ ਮੈਂ ਇਸ ਲਈ ਵੀ ਕਹਿ ਰਿਹਾ ਹਾਂ, ਕਿਓਂਕਿ ਨਿਊਜ਼ੀਲੈਂਡ ਦੀ ਕਬੱਡੀ ਟੀਮ 'ਚ ਖੇਡਦੀਆਂ ਕੁਝ ਖਿਡਾਰਨਾਂ ਉਥੋਂ ਦੀ ਰਗਬੀ ਲੀਗ ਦਾ ਵੀ ਹਿੱਸਾ ਸਨ ਅਤੇ ਆਪਣੇ ਲੰਬੇ ਖੇਡ ਕਰੀਅਰ ਲਈ ਕੋਈ ਵੀ ਖਿਡਾਰੀ ਇਨਾਂ ਹਲਾਤਾਂ (ਆਪਣੇ ਵਾਲਿਆਂ ਨੂੰ ਛੱਡ ਕੇ) 'ਚ ਕਬੱਡੀ ਨੂੰ ਕਰੀਅਰ ਦੇ ਰੂਪ ਵਜੋਂ ਅਪਨਾਉਣ ਵਾਰੇ ਨਹੀਂ ਸੋਚੇਗਾ | 

ਵੋਟਾਂ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਅਕਸਰ ਇਹ ਬਿਆਨ ਆਉਂਦਾ ਸੀ, ਕਿ ਕਬੱਡੀ ਨੂੰ ਓਲੰਪਿਕ ਖੇਡਾਂ ਤੱਕ ਲਿਜਾਇਆ ਜਾਵੇਗਾ, ਪਰ ਉਸ ਨੂੰ ਲੈ ਕੇ ਕੀ ਕੰਮ ਕੀਤਾ ਗਿਆ ਇਸ ਵਾਰੇ ਕਦੇ ਵੀ ਕੋਈ ਜਾਣਕਾਰੀ ਦਿੱਤੀ ਨਹੀਂ ਗਈ | 2020 ਦੀਆਂ ਓਲੰਪਿਕ ਖੇਡਾਂ ਚ ਕਬੱਡੀ ਨੂੰ ਦੇਖਣ ਦਾ ਸੁਪਨਾ ਰੱਖਣ ਵਾਲੇ ਰਾਜਨੇਤਾ ਅੱਜ ਕਿੱਥੇ ਨੇ, ਕਿਓਂ ਨਹੀਂ ਕਬੱਡੀ ਵਿਸ਼ਵ ਕੱਪ ਨੂੰ ਲੈ ਕੇ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ? ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਇਸ ਖੇਡ ਲਈ ਕਿਓਂ ਨਹੀਂ ਯਤਨ ਕੀਤੇ ਜਾ ਰਹੇ, ਫਿਰ ਭਾਂਵੇ ਉਹ ਓਲੰਪਿਕ ਤੱਕ ਪਹੁੰਚਾਉਣ ਦੇ ਬਿਆਨ ਹੋਣ ਜਾਂ ਫਿਰ ਵਿਸ਼ਵ ਕੱਪ ਕਰਵਾਉਣਾ ? ਮਾਂ ਖੇਡ ਕਬੱਡੀ ਨੂੰ ਓਲੰਪਿਕ ਤੱਕ ਲਈ ਕੇ ਜਾਣ ਦਾ ਸੁਖਵੀਰ ਸਿੰਘ ਬਾਦਲ ਦਾ ਉਹ ਸੁਪਨਾ ਕਿੱਥੇ ਗਿਆ? ਹੁਣ ਸਮਰਥਕ ਇਹ ਸਵਾਲ ਵੀ ਉਠਾਉਣਗੇ ਕਿ ਅਕਾਲੀ ਭਾਜਪਾ ਸੱਤਾ ਚ ਨਹੀਂ, ਪਰ ਅਸਲ ਗੱਲ ਇਹ ਹੈ ਕੇ ਬੀਤੇ ਸਾਲਾਂ ਚ ਕਬੱਡੀ ਵਿਸ਼ਵ ਕੱਪ ਦੇ ਆਯੋਜਨ ਤੋਂ ਇਲਾਵਾ ਕਬੱਡੀ ਦੀ ਭਲਾਈ ਲਈ ਸਰਕਾਰ ਨੇ ਇੱਕ ਵੀ ਕੰਮ ਨਹੀਂ ਕੀਤਾ| ਨਾ ਤਾ ਸਰਕਾਰ ਵਲੋਂ ਕੋਈ ਅੰਤਰਰਾਸ਼ਟਰੀ ਕਬੱਡੀ ਦੀ ਸੰਸਥਾ ਬਣਾਈ ਗਈ, ਜਿਸਦੇ ਤਹਿਤ ਇਹ ਯਕੀਨੀ ਬਣਾਇਆ ਜਾ ਸਕਦਾ ਸੀ, ਕਿ ਸਰਕਾਰ ਭਾਂਵੇ ਕੋਈ ਵੀ ਆਵੇ ਪਰ ਅੰਤਰਰਾਸ਼ਟਰੀ ਸੰਸਥਾ ਦੇ ਸਹਿਯੋਗ ਨਾਲ ਕਬੱਡੀ ਵਿਸ਼ਵ ਕੱਪ ਹੁੰਦਾ ਰਹੇਗਾ, ਪਰ ਨਹੀਂ ਇਰਾਦੇ ਕੁਝ ਹੋਰ ਸਨ| 

ਨਾ ਕੋਈ ਪੱਕੇ ਨਿਯਮ ਬਣਾਏ ਗਏ ਜਿਸ ਨਾਲ ਦੁਨੀਆ ਭਰ 'ਚ ਕਬੱਡੀ ਨੂੰ ਇੱਕੋ ਹੀ ਢਾਂਚੇ ਚ ਪਰੋਇਆ ਜਾ ਸਕੇ, ਜਿਵੇ ਕੇ ਹਰ ਖੇਡ ਚ ਹੈ | ਸੱਤਾ ਚ ਹੁੰਦਿਆਂ ਵਿਧਾਨਸਭਾ ਚ ਕੋਈ ਵੀ ਅਜਿਹਾ ਮਤਾ ਵੀ ਨਹੀਂ ਰੱਖਿਆ ਗਿਆ, ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਸੀ ਆਉਣ ਵਾਲੀ ਕੋਈ ਵੀ ਸਕਰਾਰ ਕਬੱਡੀ ਦਾ ਵਿਸ਼ਵ ਕੱਪ ਇਸੇ ਤਰਾਂ ਜਾਰੀ ਰੱਖੇ| ਕੋਈ ਵੀ ਸਰਕਾਰ ਅਕਸਰ ਕਿਸੇ ਵੀ ਪੱਖ ਦੇ ਵਿਕਾਸ ਲਈ ਬਜ਼ਟ 'ਚ ਉਸਦਾ ਰਾਖਵਾਂ ਹਿੱਸਾ ਜਰੂਰ ਰੱਖਦੀ ਹੈ, ਪਰ ਪੰਜਾਬ ਸਕਰਾਰ (ਫਿਰ ਭਾਂਵੇ ਉਹ ਅਕਾਲੀ ਭਾਜਪਾ ਸਰਕਾਰ ਹੋਵੇ ਜਾਂ ਮੌਜੂਦਾ ਸਰਕਾਰ) ਦੇ ਜਾਰੀ ਕੀਤੇ ਗਏ ਬਜ਼ਟ 'ਚ ਕਦੇ ਵੀ ਕਬੱਡੀ ਲਈ ਇਸ ਤਰਾਂ ਦੀ ਕੋਈ ਵੀ ਯੋਜਨਾ ਦੇਖਣ ਨੂੰ ਨਹੀਂ ਮਿਲੀ| ਕਬੱਡੀ ਵਿਸ਼ਵ ਕੱਪ ਦੇ ਆਯੋਜਨ 'ਚ ਰੁਪਏ ਖਰਚ ਕਰਨ ਵਾਲੀ ਇੱਕ ਕੰਪਨੀ ਦਾ ਕਥਿਤ ਤੌਰ ਤੇ ਵੱਡੇ ਘਪਲਿਆਂ ਚ ਨਾਮਜਦ ਹੋਣਾ ਵੀ ਕਬੱਡੀ ਦੇ ਹਿੱਤ ਚ ਨਹੀਂ ਭੁਗਤਦਾ|

ਹੁਣ ਜਦੋਂ ਕਬੱਡੀ ਦੇ ਇਸ ਟੂਰਨਾਮੈਂਟ ਦਾ ਆਯੋਜਨ ਸ਼ੱਕ ਚ ਹੈ, ਤਾਂ ਖੇਡਾਂ ਨੂੰ ਆਪਣਾ ਕਿੱਤਾ ਬਣਾਉਣ ਵਾਲੇ ਖਿਡਾਰੀ ਇਸਤੋਂ ਜਰੂਰ ਮੁੱਖ ਮੋੜ ਲੈਣਗੇ, ਕਿਓਂਕਿ ਅਸੀਂ ਇਸਦੇ ਵਿਕਾਸ ਲਈ ਕੁਝ ਨਹੀਂ ਕਰ ਸਕੇ | ਪਰ ਹੁਣ ਸਵਾਲ ਇਹ ਹੈ ਕੇ ਇਨਾਂ ਬੀਤੇ ਸਾਲਾਂ ਦੇ ਦੌਰਾਨ ਜਿਨ੍ਹਾਂ ਖਿਡਾਰੀਆਂ ਨੇ ਇਸ ਟੂਰਨਾਮੈਂਟ ਵੱਲ ਦੇਖਕੇ ਇਸ ਖੇਡ ਨੂੰ ਅਪਣਾਇਆ, ਉਨਾਂ ਨੂੰ ਕੌਣ ਜਵਾਬ ਦੇਵੇਗਾ | ਕੀ ਇਹ ਦੱਸਿਆ ਜਾਂ ਫਿਰ ਕਿਹਾ ਜਾ ਸਕੇਗਾ, ਕੇ ਇਹ ਟੂਰਨਾਮੈਂਟ ਸਿਰਫ ਰਾਜਨੀਤਿਕ ਫਾਇਦੇ ਲਈ ਹੀ ਸੀ? ਜੇਕਰ ਨਹੀਂ ਤਾ ਫਿਰ ਅਸੀਂ ਉਨਾਂ ਵੱਖ-ਵੱਖ ਦੇਸ਼ਾਂ ਤੋਂ ਹਿੱਸਾ ਲੈਣ ਆਏ ਉਥੋਂ ਦੀ ਵਸੋਂ ਦੇ ਮੂਲ ਲੋਕਾਂ ਚੋ ਨਿੱਕਲੇ ਖਿਡਾਰੀਆਂ ਨੂੰ ਕੀ ਜਵਾਬ ਦੇਵਾਂਗੇ? ਕੀ ਮੌਜੂਦਾ ਕਾਂਗਰਸ ਸਰਕਾਰ ਕਬੱਡੀ ਵਿਸ਼ਵ ਕੱਪ ਕਰਵਾਏਗੀ? ਇਸ ਸਬੰਧੀ ਵੱਖ-ਵੱਖ ਦੇਸ਼ ਚ ਕਬੱਡੀ ਦੀਆਂ ਪ੍ਰਬੰਧਕੀ ਟੀਮਾਂ ਕੀ ਕਰਨਗੀਆਂ? ਇਹ ਸਾਰੇ ਸਵਾਲ ਜਵਾਬ ਮੰਗਦੇ ਨੇ, ਪਰ ਇਨਾਂ ਦਾ ਜਵਾਬ ਉਸ ਸਮੇਂ ਮਿਲੇਗਾ ਜਦ ਖੇਡਾਂ 'ਚੋਂ ਰਾਜਨੀਤੀ ਅਤੇ ਰਾਜਨੀਤਕ ਹਸਤੀਆਂ ਦੇ ਚਾਪਲੂਸ ਖੇਡਾਂ ਚੋਂ ਬਾਹਰ ਹੋਣਗੇ | ਉਮੀਦ ਹੈ, ਕਬੱਡੀ ਨੂੰ ਜਲਦ ਕੋਈ ਨਵਾਂ ਹੁੰਗਾਰਾ ਮਿਲੇਗਾ ਪਰ ਯਾਦ ਰੱਖੀਏ ਖੇਡਾਂ ਨੂੰ ਰਾਜਨੀਤਕ ਫਾਇਦੇ ਲਈ ਨਾ ਵਰਤ ਹੋਣ ਦੇਈਏ | ਧੰਨਵਾਦ !!! 

ਅਮਰਿੰਦਰ ਗਿੱਦਾ

Friday, 28 July 2017



ਮਹਿਲਾ ਕ੍ਰਿਕਟ ਦੀ ਨਰਸਰੀ ਬਣਨ ਦੇ ਰਾਹ 'ਤੇ ਮੋਗਾ




ਪੰਜਾਬ ਦੇ ਖੇਡ ਜਗਤ 'ਚ ਅਕਸਰ ਇਹ ਗੱਲ ਦੇਖਣ ਨੂੰ ਮਿਲਦੀ ਹੈ ਕੇ, ਜਿਸ ਇਲਾਕੇ ਚ ਕੋਈ ਖਿਡਾਰੀ ਆਪਣੀ ਮਿਹਨਤ ਦੇ ਨਾਲ ਸਫਲਤਾਵਾਂ ਹਾਸਿਲ ਕਰਦਾ ਹੈ, ਉਸ ਇਲਾਕੇ 'ਚ ਉਸ ਖੇਡ ਨੂੰ ਲੈ ਕੇ ਨੌਜਵਾਨ ਖਿਡਾਰੀਆਂ ਚ ਹੋਰ ਵੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ | ਇਸੇ ਰੁਝਾਨ ਕਰਕੇ ਜਲੰਧਰ 'ਚ ਸੰਸਾਰਪੁਰ ਅਤੇ ਮਿੱਠਾਪੁਰ ਵਰਗੇ ਪਿੰਡਾਂ ਨੂੰ ਹਾਕੀ, ਹੁਸ਼ਿਆਰਪੁਰ ਦੇ ਮਾਹਿਲਪੁਰ ਦੇ ਖੇਤਰ ਨੂੰ ਫੁੱਟਬਾਲ, ਮਾਲਵੇ ਦੇ ਕਾਫੀ ਪਿੰਡਾਂ ਅਤੇ ਦੁਆਬੇ ਦੇ ਕਪੂਰਥਲੇ ਦੇ ਖੇਤਰ ਨੂੰ ਕਬੱਡੀ ਖੇਡ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ | ਇੱਕ ਖਾਸ ਖੇਤਰ 'ਚ ਇੱਕ ਹੀ ਖੇਡ ਦੇ ਵਿਕਸਤ ਹੋਣ ਦਾ ਸਿਹਰਾ ਇਨ੍ਹਾਂ ਖੇਤਰਾਂ 'ਚ ਸਫਲਤਾਵਾਂ ਹਾਸਿਲ ਕਰ ਚੁੱਕੇ ਖਿਡਾਰੀਆਂ ਦੇ ਸਿਰ ਬੱਝਦਾ ਹੈ ਅਤੇ ਉਨਾਂ ਵਲੋਂ ਹਾਸਿਲ ਕੀਤੀਆਂ ਸਫਲਤਾਵਾਂ ਤੋਂ ਬਾਅਦ ਇਨਾਂ ਖੇਤਰਾਂ 'ਚੋਂ ਕਈ ਹੋਰ ਨਾਮੀ ਖਿਡਾਰੀ ਵੀ ਨਿੱਕਲੇ, ਜਿਨਾਂ ਨੇ ਆਪਣੇ ਪ੍ਰਦਰਸ਼ਨ ਨਾਲ ਭਾਰਤ ਦਾ ਨਾਮ ਹੋਰ ਵੀ ਰੌਸ਼ਨ ਕੀਤਾ | ਮਹਿਲਾ ਕ੍ਰਿਕਟ ਵਿਸ਼ਵ ਕੱਪ 'ਚ ਹਰਮਨਪ੍ਰੀਤ ਨੇ ਮੋਗੇ ਜਿਲ੍ਹੇ ਦਾ ਨਾਮ ਵਿਸ਼ਵ ਕ੍ਰਿਕਟ ਦੇ ਨਕਸ਼ੇ 'ਤੇ ਦਰਜ ਕਰਵਾ ਦਿੱਤਾ ਹੈ, ਜਿਸ ਨਾਲ ਇਹਨਾਂ ਸੰਭਾਵਨਾਵਾਂ 'ਚ ਵੀ ਵਾਧਾ ਹੋਇਆ ਹੈ, ਕੇ ਆਉਣ ਵਾਲੇ ਸਮੇਂ 'ਚ ਮੋਗਾ ਮਹਿਲਾ ਕ੍ਰਿਕਟ ਦੀ ਨਰਸਰੀ ਬਣ ਸਕਦਾ ਹੈ|

ਅਸੀਂ ਜੇਕਰ ਤਾਜ਼ਾ ਹਾਲਾਤਾਂ ਤੇ ਨਜ਼ਰ ਮਾਰੀਏ ਤਾਂ ਸਾਡੇ ਸਾਹਮਣੇ ਕਈ ਅਜਿਹੇ ਤੱਥ ਆਉਂਦੇ ਨੇ, ਜਿਨ੍ਹਾਂ ਦਾ ਜਿਕਰ ਕਰਨ ਨਾਲ ਆਉਣ ਵਾਲੇ ਸਮੇਂ ਚ ਮੋਗੇ ਜਿਲ੍ਹੇ ਤੋਂ ਮਹਿਲਾ ਕ੍ਰਿਕਟ ਦੇ ਹੋਰ ਵੀ ਨਾਮੀ ਖਿਡਾਰੀ ਸਾਹਮਣੇ ਆਉਣ ਦੀ ਉਮੀਦ ਹੈ | ਹਾਲ ਹੀ 'ਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਮੋਗੇ ਵਿਖੇ ਕਰਵਾਏ ਗਏ ਅੰਡਰ-19 ਜਿਲ੍ਹਾ ਪੱਧਰੀ ਮੁਕਾਬਲਿਆਂ ਚ ਮੋਗੇ ਜਿਲ੍ਹੇ ਦੀ ਟੀਮ ਚੰਡੀਗੜ੍ਹ ਦੇ ਨਾਲ ਸਾਂਝੇ ਤੌਰ ਤੇ ਜੇਤੂ ਰਹੀ ਹੈ | ਇਸ ਟੂਰਨਾਮੈਂਟ ਚ ਮੋਗੇ ਅਤੇ ਚੰਡੀਗੜ੍ਹ ਤੋਂ ਇਲਾਵਾ ਜਲੰਧਰ, ਅੰਮ੍ਰਿਤਸਰ, ਰੋਪੜ, ਫਰੀਦਕੋਟ, ਬਰਨਾਲਾ, ਮਾਨਸਾ, ਮੁਕਤਸਰ ਅਤੇ ਪਟਿਆਲਾ ਦੀਆਂ ਟੀਮਾਂ ਨੇ ਵੀ ਹਿੱਸਾ ਲਿਆ ਸੀ | ਇਸ ਟੂਰਨਾਮੈਂਟ ਚ ਪ੍ਰਦਰਸ਼ਨ ਦੇ ਅਧਾਰ ਤੇ ਮੋਗੇ ਜਿਲ੍ਹੇ ਦੀਆਂ ਪੰਜ ਖਿਡਾਰਨਾਂ ਨੂੰ ਪੰਜਾਬ ਟੀਮ ਦੇ ਚੋਣ ਕੈਂਪ ਚ ਸ਼ਾਮਿਲ ਕੀਤਾ ਗਿਆ, ਜੋ ਕੇ ਇਹ ਗੱਲ ਦਰਸਾਉਂਦਾ ਹੈ ਕੇ ਹਰਮਨ ਵਰਗੀਆਂ ਹੋਰ ਖਿਡਾਰਨਾਂ ਵੀ ਮੋਗੇ ਜਿਲ੍ਹੇ ਦਾ ਨਾਮ ਜਰੂਰ ਰੌਸ਼ਨ ਕਰਨਗੀਆਂ ਅਤੇ ਸਾਰੇ ਖੇਡ ਪ੍ਰੇਮੀ ਵੀ ਇਸ ਗੱਲ ਤੋਂ ਆਸਵੰਦ ਹੋਣਗੇ|

ਇਨਾਂ ਪੰਜ ਖਿਡਾਰਨਾਂ ਚ ਮੋਗੇ ਤੋਂ ਅਵਰੀਤ ਕੌਰ ਜੋ ਕੇ ਲੈੱਗ ਸਪਿੰਨਰ ਵਜੋਂ ਖੇਡਦੀ ਹੈ ਅਤੇ ਇਸ ਖਿਡਾਰਨ ਦਾ ਭਵਿੱਖ ਕਾਫੀ ਵਧੀਆ ਕਿਹਾ ਜਾ ਸਕਦਾ ਹੈ, ਕਿਓਂਕਿ ਕ੍ਰਿਕਟ ਜਗਤ 'ਚ ਲੱਗ ਸਪਿੰਨਰ ਖਿਡਾਰੀਆਂ ਦੀ ਕਮੀ ਅਕਸਰ ਰੜਕਦੀ ਰਹਿੰਦੀ ਹੈ | ਦੂਸਰੀ ਖਿਡਾਰਨ ਹੈ ਰਮਨਪ੍ਰੀਤ ਕੌਰ, ਜੋ ਕੇ ਆਲ ਰਾਉਂਡਰ ਦੇ ਵਜੋਂ ਪੰਜਾਬ ਦੀ ਟੀਮ ਲਈ ਚੋਣ ਕੈਂਪ ਲਈ ਚੁਣੀ ਗਈ ਹੈ ਅਤੇ ਇੱਕ ਆਲ ਰਾਉਂਡਰ ਦੀ ਜਰੂਰਤ ਹਮੇਸ਼ਾ ਹੀ ਟੀਮ ਨੂੰ ਰਹਿੰਦੀ ਹੈ | ਇਸੇ ਤਰਾਂ ਜਲਾਲਾ ਨੂੰ ਵਿਕੇਟਕੀਪਰ ਦੇ ਤੌਰ ਤੇ ਚੋਣ ਕੈਂਪ ਚ ਰੱਖਿਆ ਗਿਆ ਹੈ | ਨਵਦੀਪ ਕੌਰ ਅਤੇ ਦਲਜੀਤ ਕੌਰ ਨੂੰ ਵੀ ਬੱਲੇਬਾਜ ਵਜੋਂ ਚੋਣ ਕੈਂਪ 'ਚ ਬੁਲਾਇਆ ਗਿਆ ਹੈ ਅਤੇ ਦਲਜੀਤ ਸਲਾਮੀ ਬੱਲੇਬਾਜ ਵਜੋਂ ਖੇਡਦੀ ਹੈ ਅਤੇ ਅਸੀਂ ਉਮੀਦ ਕਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਚ ਸਾਨੂੰ ਹਰਮਨ ਦੀ ਤਰਾਂ ਇਨਾਂ ਬੱਲੇਬਾਜ਼ਾਂ ਵਲੋਂ ਵੀ ਮਿਸਾਲੀ ਪਾਰੀਆਂ ਦੇਖਣ ਨੂੰ ਮਿਲਣਗੀਆਂ |

ਮੋਗੇ ਜਿਲ੍ਹੇ 'ਚ ਇਸ ਸਮੇਂ ਮਹਿਲਾ ਕ੍ਰਿਕਟ ਤੇ ਕੇਂਦਰਿਤ ਤਿੰਨ ਕੈਂਪ ਚੱਲ ਰਹੇ ਨੇ, ਜਿਨਾਂ ਚ ਸ਼ਹਿਰ ਮੋਗੇ ਤੋਂ ਇਲਾਵਾ ਇੱਕ ਸੇਂਟਰ ਡਗਰੂ ਵਿਖੇ ਹੈ ਅਤੇ ਇੱਕ ਪਿੰਡ ਰੋਡੇ ਦੇ ਸਰਕਾਰੀ ਸਕੂਲ ਚ ਚੱਲ ਰਿਹਾ ਹੈ | ਮੋਗੇ ਜਿਲ੍ਹੇ ਦੀ ਕ੍ਰਿਕਟ ਐਸੋਸੀਏਸ਼ਨ ਦੇ ਸੇਕਟਰੀ ਕਮਲ ਅਰੋੜਾ ਦੇ ਮੁਤਾਬਿਕ ਹਰਮਨ ਦੇ ਹਰਫਨਮੌਲਾ ਪ੍ਰਦਰਸ਼ਨ ਤੋਂ ਬਾਅਦ ਉਨਾਂ ਨੂੰ ਕਾਫੀ ਜਿਆਦਾ ਲੋਕ ਸੰਪਰਕ ਕਰ ਰਹੇ ਹਨ | ਉਨਾਂ ਅਨੁਸਾਰ ਸੰਪਰਕ ਕਰਨ ਵਾਲਿਆਂ ਦੀ ਸੰਖਿਆਂ 'ਚ ਇੰਨਾ ਵਾਧਾ ਹੋਇਆ ਹੈ, ਕੇ ਆਉਣ ਵਾਲੇ ਸਮੇਂ 'ਚ ਉਹ ਵੱਖ-ਵੱਖ ਉਮਰ ਵਰਗਾਂ ਚ ਨਵੇਂ ਗਰੁੱਪ ਸ਼ੁਰੂ ਕਰਨ ਵਾਰੇ ਵਿਚਾਰ ਕਰ ਰਹੇ ਨੇ | ਜੇਕਰ ਅਜਿਹਾ ਜਾਰੀ ਰਿਹਾ ਅਤੇ ਆਉਣ ਸਮੇਂ 'ਚ ਸਾਨੂੰ ਇਸ ਜ੍ਹਿਲੇ ਤੋਂ ਕੁਝ ਹੋਰ ਮਹਿਲਾ ਕ੍ਰਿਕਟ ਦੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਮਿਲਦੇ ਹਨ, ਤਾਂ ਮੋਗੇ ਜਿਲ੍ਹੇ 'ਚ ਮਹਿਲਾ ਕ੍ਰਿਕਟ ਦੇ ਸੇਂਟਰਾਂ ਦੀ ਗਿਣਤੀ ਚ ਵੀ ਵਾਧਾ ਹੋ ਸਕਦਾ ਹੈ |

ਮੌਜੂਦਾ ਹਾਲਾਤਾਂ ਚ ਮੋਗੇ ਜਿਲ੍ਹੇ ਚ ਇਸ ਸਮੇਂ 45-50 ਲੜਕੀਆਂ ਕ੍ਰਿਕਟ ਦੇ ਗੁਰ ਸਿੱਖ ਰਹੀਆਂ ਹਨ ਅਤੇ ਇਨਾਂ ਅੰਕੜਿਆਂ ਨੂੰ ਦੇਖਦਿਆਂ ਕਾਫੀ ਸੁਖਦ ਅਹਿਸਾਸ ਹੁੰਦਾ ਹੈ ਅਤੇ ਕਿਹਾ ਜਾ ਸਕਦਾ ਕੇ ਆਉਣ ਵਾਲੇ ਸਮੇਂ 'ਚ ਮੋਗਾ ਮਹਿਲਾ ਕ੍ਰਿਕਟ ਦੀ ਨਰਸਰੀ ਵਜੋਂ ਜਰੂਰ ਸਾਹਮਣੇ ਆਵੇਗਾ ਅਤੇ ਇਸਦਾ ਸਿਹਰਾ ਹਰਮਨ ਦੀ ਮਿਹਨਤ ਦੇ ਨਾਲ-ਨਾਲ ਮੋਗੇ ਜਿਲ੍ਹੇ ਦੇ ਅਹੁਦੇਦਾਰਾਂ ਨੂੰ ਵੀ ਜਾਂਦਾ ਹੈ | ਇਸ ਸਾਰੇ ਵਰਤਾਰੇ ਦੇ ਨਾਲ ਇਸ ਗੱਲ ਤੇ ਵਿਚਾਰ ਕਰਨਾ ਬਣਦਾ ਹੈ, ਕੇ ਖਿਡਾਰੀਆਂ ਦੇ ਭਵਿੱਖ ਨੂੰ ਵੀ ਸੁਰੱਖਿਅਤ ਬਣਾਉਣ ਲਈ ਵੀ ਕਦਮ ਚੁੱਕੇ ਜਾਣ ਅਤੇ ਉਨਾਂ ਲਈ ਨੌਕਰੀਆਂ ਵੀ ਉਪਲੱਬਧ ਕਰਵਾਈਆਂ ਜਾਣ, ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕੇ ਆਉਣ ਵਾਲੇ ਸਮੇਂ ਚ ਵੀ ਮਹਿਲਾ ਖਿਡਾਰੀਆਂ ਦੀ ਕੋਈ ਵੀ ਕਮੀ ਨਾ ਮਹਿਸੂਸ ਹੋਵੇ | ਅਸੀਂ ਆਸ ਕਰਦੇ ਹਾਂ ਕੇ ਆਉਣ ਵਾਲੇ ਸਮੇਂ ਦੌਰਾਨ ਮੋਗੇ ਦੀ ਮਹਿਲਾ ਕ੍ਰਿਕਟ ਦੀ ਨਰਸਰੀ 'ਚੋਂ ਕੁਝ ਨਾਮੀ ਖਿਡਾਰੀ ਵੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ 'ਚ ਖਿੜਿਆ ਫੁੱਲ ਜਰੂਰ ਬਣਨਗੇ|

ਅਮਰਿੰਦਰ ਗਿੱਦਾ


Friday, 14 July 2017


ਦੇਸ਼ ਭਰ ਪ੍ਰੋਫੈਸ਼ਨਲ ਲੀਗ਼ਜ਼ ਦਾ ਦੌਰ

ਇੱਕ ਸਮਾਂ ਸੀ ਜਦ ਭਾਰਤ ਹਰ ਛੋਟੀਆਂ ਅਤੇ ਵੱਡੀਆਂ ਖੇਡਾਂ ਦੇ ਖਿਡਾਰੀ ਸਿਰਫ ਸਰਕਾਰੀ ਨੌਕਰੀ ਮਿਲਣ ਨਾਲ ਸੰਤੁਸ਼ਟ ਹੋ ਜਾਂਦੇ ਸਨ ਅਤੇ ਅੱਜ ਦੇ ਦੌਰ ਜਦ ਭਾਰਤ ਕਈ ਵੱਡੀਆਂ ਖੇਡਾਂ ਦੀਆਂ ਪ੍ਰੋਫੈਸ਼ਨਲ ਲੀਗ਼ਜ਼ ਸ਼ੁਰੂ ਹੋ ਚੁੱਕੀਆਂ ਹਨ, ਉਸ ਨਾਲ ਜਿਥੇ ਖਿਡਾਰੀਆਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ, ਉੱਥੇ ਨਾਲ ਹੀ ਨੌਜਵਾਨਾਂ ਵਲੋਂ ਵੀ ਵੱਖ-ਵੱਖ ਖੇਡਾਂ ਨੂੰ ਅਪਨਾਉਣ ਦਾ ਰੁਝਾਨ ਸਾਹਮਣੇ ਰਿਹਾ ਹੈ| ਇਨਾਂ ਲੀਗ਼ਜ਼ ਦਾ ਭਾਰਤੀ ਖਿਡਾਰੀਆਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ, ਕਿਓਂਕਿ ਅੰਤਰਰਾਸ਼ਟਰੀ ਖਿਡਾਰੀਆਂ ਨਾਲ ਖੇਡਕੇ ਅਤੇ ਉਨਾਂ ਨਾਲ ਤਜਰਬੇ ਸਾਂਝੇ ਕਰਕੇ ਜੂਨੀਅਰ ਖਿਡਾਰੀਆਂ ਦੀ ਮਾਨਸਿਕਤਾ ਕਾਫੀ ਨਿਖਾਰ ਆਉਂਦਾ ਹੈ ਅਤੇ ਭਵਿੱਖ ਸਾਨੂੰ ਚੰਗੇ ਨਤੀਜੇ ਵੀ ਮਿਲਦੇ ਹਨਸੋ ਜੇਕਰ ਅਸੀਂ 2005 ਖੇਡੀ ਗਈ ਪਹਿਲੀ ਪ੍ਰੋਫੈਸ਼ਨਲ ਲੀਗ ਤੋਂ ਬਾਅਦ ਹੁਣ ਤੱਕ ਦੇ ਭਾਰਤੀ ਖੇਡ ਢਾਂਚੇ ਦੇ ਨਜ਼ਰ ਮਾਰੀਏ ਤਾਂ ਲਗਭਗ 12 ਸਾਲ ਦੇ ਸਮੇਂ ਦੌਰਾਨ ਸਾਨੂੰ ਕ੍ਰਿਕਟ, ਹਾਕੀ, ਬੈਡਮਿੰਟਨ, ਟੇਬਲ ਟੇਨਿਸ, ਨੈਸ਼ਨਲ ਸਟਾਈਲ ਕਬੱਡੀ, ਕੁਸ਼ਤੀ, ਮੁੱਕੇਬਾਜ਼ੀ ਅਤੇ ਫੁੱਟਬਾਲ ਵੀ ਪ੍ਰੋਫੈਸ਼ਨਲ ਲੀਗ਼ਜ਼ ਦੇਖਣ ਨੂੰ ਮਿਲ ਰਹੀਆਂ ਹਨ|

ਸਾਲ 2005 ਪਹਿਲੀ ਵਾਰ ਭਾਰਤ ਪ੍ਰੀਮਿਅਰ ਹਾਕੀ ਲੀਗ ਦੀ ਸ਼ੁਰੂਆਤ ਹੋਈ, ਜਿਸ ਨਾਲ ਉਸ ਸਮੇਂ ਦੇਸ਼ ਅੰਦਰ ਹਾਕੀ ਦਾ ਕਾਫੀ ਰੁਝਾਨ ਦੇਖਣ ਨੂੰ ਮਿਲਿਆ| ਇਸ ਲੀਗ ਤਹਿਤ ਪਹਿਲੀ ਵਾਰ ਵਿਦੇਸ਼ੀ ਖਿਡਾਰੀ ਭਾਰਤੀ ਖਿਡਾਰੀਆਂ ਨਾਲ ਘਰੇਲੂ ਟੀਮਾਂ ਦਾ ਹਿੱਸਾ ਬਣਦੇ ਦੇਖੇ ਗਏ ਅਤੇ ਉਸ ਸਮੇਂ ਖੇਡ ਪ੍ਰੇਮੀਆਂ ਲਈ ਇਹ ਬਿਲਕੁਲ ਨਵਾਂ ਤਜਰਬਾ ਸੀ| ਇਸਦੇ ਨਿਯਮਾਂ ਦੇ ਮੁਤਾਬਿਕ ਟੀਮ ਸ਼ਾਮਿਲ ਹੋਣ ਵਾਲੇ 18 ਮੈਂਬਰਾਂ 3 ਵਿਦੇਸ਼ੀ ਖਿਡਾਰੀ ਸ਼ਾਮਿਲ ਹੋ ਸਕਦੇ ਸਨ| ਪਰ ਇਹ ਲੀਗ 2008 ਤੱਕ ਹੀ ਚੱਲੀ ਅਤੇ ਉਸਤੋਂ ਬਾਅਦ ਸਾਨੂੰ ਹਾਕੀ ਇੰਡੀਆ ਵਲੋਂ ਸ਼ੁਰੂ ਕੀਤੀ ਗਈ ਹਾਕੀ ਇੰਡੀਆ ਲੀਗ 2013 ਦੇਖਣ ਨੂੰ ਮਿਲੀ ਜੋ ਅਜੇ ਵੀ ਨਿਰੰਤਰ ਜਾਰੀ ਹੈ| ਹਾਲਾਂਕਿ 2005 ਸ਼ੁਰੂ ਹੋਈ ਇਸ ਹਾਕੀ ਲੀਗ ਦੇ ਕੁਝ ਨਤੀਜੇ ਸਾਨੂੰ ਜਰੂਰ ਦੇਖਣ ਨੂੰ ਮਿਲੇ ਜਦ 2006 ਭਾਰਤ ਨੇ ਦੱਖਣੀ ਕੋਰੀਆ ਨੂੰ ਏਸ਼ੀਆਈ ਚੈਂਪੀਅਨ ਕੱਪ 7-1 ਨਾਲ ਮਾਤ ਦਿੱਤੀ ਸੀ | ਉਸਤੋਂ ਬਾਅਦ ਹਾਕੀ ਦੀ ਪ੍ਰਸ਼ਾਸਨਕ ਦਿੱਖ ਬਦਲਣ ਦੇ ਨਾਲ ਇੰਡੀਅਨ ਹਾਕੀ ਫੈੱਡਰੇਸ਼ਨ ਭਾਰਤੀ ਹਾਕੀ ਦੇ ਨਕਸ਼ੇ ਚੋਂ ਬਾਹਰ ਹੋ ਚੁੱਕੀ ਸੀ ਅਤੇ ਹਾਕੀ ਇੰਡੀਆ ਸਾਹਮਣੇ ਚੁੱਕੀ ਸੀ | ਅੱਜ ਅਸੀਂ ਹਾਕੀ ਇੰਡੀਆ ਦੇ ਵਲੋਂ ਸ਼ੁਰੂ ਕੀਤੀ ਹਾਕੀ ਇੰਡੀਆ ਲੀਗ ਚੋਂ ਨਿੱਕਲੇ ਨੌਜਵਾਨ ਖਿਡਾਰੀਆਂ ਦੇ ਹੁਨਰ ਦੀ ਇੱਕ ਉਦਾਹਰਣ ਭਾਰਤੀ ਹਾਕੀ ਟੀਮ ਖੇਡਦੇ ਖਿਡਾਰੀ ਮਨਦੀਪ ਸਿੰਘ ਵਜੋਂ ਦੇਖ ਸਕਦੇ ਹਾਂ ਅਤੇ ਨਾਲ ਹੀ ਹਾਕੀ ਇੰਡੀਆ ਲੀਗ ਦਾ ਵਿਕਾਸ ਅਤੇ ਨਤੀਜੇ ਵੀ |

ਹਾਕੀ ਤੋਂ ਬਾਅਦ ਸਾਲ 2007 ਸਾਨੂੰ ਇੰਡੀਅਨ ਕ੍ਰਿਕਟ ਲੀਗ ਦੇਖਣ ਨੂੰ ਮਿਲੀ , ਹਾਲਾਂਕਿ ਆਪਣੀ ਸ਼ੁਰੂਆਤ ਦੇ ਮਹਿਜ ਦੋ ਸਾਲ ਦੇ ਅੰਦਰ ਹੀ ਸਾਲ 2009 ਇਹ ਲੀਗ ਸਿਮਟ ਗਈ | ਇਸ ਲੀਗ ਦੇ ਸੰਚਾਲਕਾਂ ਅਤੇ ਬੀਸੀਸੀਆਈ ਵਿਚਕਾਰ ਸ਼ੁਰੂਆਤੀ ਦਿਨਾਂ ਤੋਂ ਹੀ ਕਾਫੀ ਮਤਭੇਦ ਰਹੇ ਸਨ ਅਤੇ ਸਿੱਟੇ ਵਜੋਂ ਸਾਨੂੰ 2008 ਫਿਰ ਇਸਦੇ ਬਦਲ ਇੰਡੀਅਨ ਪ੍ਰੀਮਿਅਰ ਲੀਗ (ਆਈਪੀਐੱਲ) ਦੇਖਣ ਨੂੰ ਮਿਲੀ| ਆਈਪੀਐੱਲ ਦੀ ਸ਼ੁਰੂਆਤ ਤੋਂ ਲੈ ਕਿ ਹੁਣ ਤੱਕ ਇਸਦੀ ਜਿੰਨੀ ਲੋਕਪ੍ਰਿਯਤਾ ਸਾਨੂੰ ਦੇਖਣ ਨੂੰ ਮਿਲੀ ਉਸਦੇ ਨਾਲ ਸਾਨੂੰ ਕਾਫੀ ਬੇਹਤਰ ਖਿਡਾਰੀ ਵੀ ਮਿਲੇ, ਜਿਸਦੇ ਨਾਲ ਭਾਰਤੀ ਕ੍ਰਿਕਟ ਟੀਮ ਅਸੀਂ ਅੱਜ ਵੀ ਨੌਜਵਾਨ ਖਿਡਾਰੀਆਂ ਦੀ ਸ਼ਮੂਲੀਅਤ ਦੇਖ ਦੇਖ ਸਕਦੇ ਹਾਂ| ਆਈਪੀਐੱਲ ਦੇ ਸਭ ਤੋਂ ਪਹਿਲੇ ਟੂਰਨਾਮੈਂਟ ਮਹਿੰਦਰ ਸਿੰਘ ਧੋਨੀ ਦੀ ਸਭ ਤੋਂ ਵੱਧ ਬੋਲੀ ਲਗਾਈ ਗਈ ਸੀ| ਇਸ ਲੀਗ ਅਸੀਂ ਕੇਦਾਰ ਯਾਦਵ, ਵ੍ਰਿਧੀਮਾਨ ਸਾਹਾ, ਹਾਰਦਿਕ ਪੰਡਿਆ ਅਤੇ ਜਸਪ੍ਰੀਤ ਬੁਮਰਾਹ ਵਰਗੇ ਖਿਡਾਰੀਆਂ ਦੇ ਚਰਚਿਤ ਨਾਮ ਭਾਰਤੀ ਟੀਮ ਦਾ ਹਿੱਸਾ ਬਣਦੇ ਵੀ ਦੇਖੇ | ਕਈ ਵਿਵਾਦਾਂ ਦੇ ਬਾਵਜੂਦ ਵੀ ਆਈਪੀਐੱਲ ਦੀ ਵਧਦੀ ਲੋਕਪ੍ਰਿਯਤਾ ਨੇ ਕਈ ਹੋਰਨਾਂ ਦੇਸ਼ ਇਸੇ ਹੀ ਤਾਰਾ ਕ੍ਰਿਕਟ ਲੀਗ਼ਜ਼ ਦੇਖਣ ਨੂੰ ਮਿਲੀਆਂ, ਫਿਰ ਭਾਂਵੇ ਪਾਕਿਸਤਾਨ ਹੋਵੇ, ਬੰਗਲਾਦੇਸ਼, ਆਸਟ੍ਰੇਲੀਆ ਤੇ ਜਾਂ ਨਿਊਜ਼ੀਲੈਂਡ| ਇਹ ਲੀਗ ਆਪਣੇ ਅਜੇ ਤੱਕ ਦੇ ਸਫਰ ਸੈੱਲ 2009 ਦੌਰਾਨ ਭਾਰਤ ਦੇ ਬਾਹਰ ਵੀ ਖੇਡੀ ਜਾ ਚੁੱਕੀ ਹੈ|

ਸਾਲ 2013 ਪ੍ਰੀਮਿਅਰ ਬੈਡਮਿੰਟਨ ਲੀਗ ਦੀ ਸ਼ੁਰੂਆਤ ਹੋਈ, ਜਿਸ ਦੁਨੀਆ ਭਰ ਦੇ ਨਾਮੀ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਭਾਰਤ ਦੇ ਨੌਜਵਾਨ ਖਿਡਾਰੀਆਂ ਨੂੰ ਇਸ ਖੇਡ ਉਮੀਦਾਂ ਦਿਸਣ ਲੱਗੀਆਂ| ਦੇਸ਼ ਦੇ ਸ਼ਟਲਰਜ ਚੋਂ ਪੀ ਵੀ ਸਿੰਧੂ ਵੀ ਇਸ ਲੀਗ ਚਖੇੜੀ ਜਿਸਤੋਂ ਬਾਅਦ ਰਿਓ ਓਲੰਪਿਕ ਖੇਡਾਂ ਇਸ ਖਿਡਾਰੀ ਨੇ ਚਾਂਦੀ ਦਾ ਮੈਡਲ ਜਿੱਤਿਆ| ਇਸ ਲੀਗ ਭਾਰਤੀ ਖਿਡਾਰੀਆਂ ਨੂੰ ਕਾਫੀ ਵਧੀਆ ਟੂਰਨਾਮੈਂਟ ਫੀਸ ਦਿੱਤੀ ਗਈ ਅਤੇ ਨਾਲ ਹੀ ਸਾਨੂੰ ਵਿਦੇਸ਼ੀ ਖਿਡਾਰੀਆਂ ਦੇ ਨਾਲ ਖੇਡਾਂ ਅਤੇ ਉਨਾਂ ਨੂੰ ਬਰਾਬਰ ਸਮਝਣ ਦਾ ਮੌਕਾ ਵੀ ਮਿਲਿਆ| ਅੱਜ ਭਾਰਤੀ ਸ਼ਟਲਰਜ ਦੁਨੀਆ ਭਰ ਆਪਣੇ ਪ੍ਰਦਰਸ਼ਨ ਨਾਲ ਚੋਟੀ ਦੇ ਵਿਸ਼ਵ ਪੱਧਰੀ ਖਿਡਾਰੀਆਂ ਨੂੰ ਮਾਤ ਦੇ ਚੁੱਕੇ ਹਨ, ਜੋਕਿ ਆਪਣੇ ਆਪ ਇਕ ਸੁਭ ਸੰਕੇਤ ਹੈ|

ਇਸੇ ਤਰਾਂ 2013 ਇੰਡੀਅਨ ਸੁਪਰ ਲੀਗ ਦੀ ਸ਼ੁਰੂਆਤ ਹੋਈ, ਜਿਸ ਨਾਲ ਭਾਰਤ ਪਹਿਲੀ ਵਾਰ ਪ੍ਰੋਫੈਸ਼ਨਲ ਫੁੱਟਬਾਲ ਲੀਗ ਦੇਖਣ ਨੂੰ ਮਿਲੀ| ਕ੍ਰਿਕਟ ਵਾਂਗ ਇਸ ਲੀਗ ਨੂੰ ਵੀ ਬਾਲੀਵੁੱਡ ਸਿਤਾਰਿਆਂ ਅਤੇ ਕ੍ਰਿਕਟ ਖਿਡਾਰੀਆਂ ਦਾ ਕਾਫੀ ਸਾਥ ਮਿਲਿਆ ਅਤੇ ਬਿਨਾਂ ਸ਼ੱਕ ਪ੍ਰਸਿੱਧੀ ਵੀ| ਇਹ ਲੀਗ ਆਪਣੇ ਸ਼ੁਰੂਆਤੀ ਸਾਲ ਦੌਰਾਨ ਹੀ ਸਫਲ ਰਹੀ ਅਤੇ ਇਸਦੇ ਚੌਣ ਵਾਲਿਆਂ ਦੀ ਸੰਖਿਆਂ ਵੀ ਲਗਾਤਾਰ ਵਾਧਾ ਦੇਖਣ ਨੂੰ ਮਿਲਿਆ ਅਤੇ ਹੁਣ ਸਾਨੂੰ ਫੁੱਟਬਾਲ ਚੰਗੇ ਨਤੀਜੇ ਵੀ ਦੇਖਣ ਨੂੰ ਮਿਲ ਰਹੇ ਹਨ| ਹਾਲ ਹੀ ਦੇ ਸਮੇਂ ਦੌਰਾਨ ਭਾਰਤੀ ਫੁੱਟਬਾਲ ਟੀਮ ਦੀ ਦਰਜਾਬੰਦੀ ਆਏ ਸੁਧਾਰ ਨੇ ਇਸ ਲੀਗ ਦੀ ਸਫਲਤਾ ਦੀ ਹਾਮੀ ਵੀ ਭਰੀ ਹੈ| ਇਸ ਲੀਗ ਦੇ ਨਾਲ ਭਾਰਤੀ ਖਿਡਾਰੀਆਂ ਨੂੰ ਵਿਸ਼ਵ ਪੱਧਰ ਦੇ ਕਈ ਖਿਡਾਰੀਆਂ ਅਤੇ ਨਾਮੀ ਕੋਚਾਂ ਨਾਲ ਖੇਡਣ ਦਾ ਮੌਕਾ ਵੀ ਮਿਲਿਆ ਅਤੇ ਫਾਇਦਾ ਵੀ ਜਰੂਰ ਹੋਇਆ| ਆਉਣ ਵਾਲੇ ਸਮੇਂ ਸਾਨੂੰ ਇਹ ਉਮੀਦ ਜਰੂਰ ਹੈ, ਕਿ ਇਸ ਲੀਗ ਵੀ ਤਤਕਾਲੀ ਨਾਮੀ ਖਿਡਾਰੀ ਵੀ ਹਿੱਸਾ ਜਰੂਰ ਬਣਨਗੇ ਅਤੇ ਫੀਫਾ ਅੰਡਰ-17 ਵਿਸ਼ਵ ਕੱਪ ਦੇ ਨਾਲ ਵੀ ਭਾਰਤੀ ਨੌਜਵਾਨ ਖਿਡਾਰੀਆਂ ਦਾ ਇਸ ਖੇਡ ਪ੍ਰਤੀ ਪਿਆਰ ਜਰੂਰ ਵਧੇਗਾ|

2014 ਨੈਸ਼ਨਲ ਸਟਾਈਲ ਕਬੱਡੀ ਦੀ ਲੀਗ ਨੇ ਦਸਤਕ ਦਿੱਤੀ, ਅਤੇ ਦੇਸ਼ ਭਰ ਦੇ ਕਬੱਡੀ ਪ੍ਰੇਮੀਆਂ ਨੂੰ ਪ੍ਰੋ ਕਬੱਡੀ ਲੀਗ ਦੇਖਣ ਨੂੰ ਮਿਲੀ| ਇਸ ਲੀਗ ਨੂੰ ਦੇਸ਼ ਭਰ ਕਾਫੀ ਮਕਬੂਲੀਅਤ ਮਿਲੀ| ਦੇਸ਼ੀ ਅਤੇ ਵਿਦੇਸ਼ੀ ਖਿਡਾਰੀਆਂ ਨਾਲ ਸਜੀਆਂ ਟੀਮਾਂ ਦੇ ਜੋ ਮੁਕਾਬਲੇ ਸਾਨੂੰ ਦੇਖਣ ਨੂੰ ਮਿਲ ਰਹੇ ਹਨ, ਉਨਾਂ ਦਾ ਕੋਈ ਜਵਾਬ ਨਹੀਂ| ਇਸ ਲੀਗ ਨਿਤਿਨ ਤੋਮਰ ਵਰਗੇ ਨਾਮੀ ਖਿਡਾਰੀਆਂ ਦੀ ਬਹੁਤ ਵਧੀਆ ਕੀਮਤ ਲੱਗੀ ਅਤੇ 2017 ਜੁਲਾਈ ਹੋਣ ਵਾਲੇ ਮੁਕਾਬਲੇ ਲਈ ਉਨਾਂ ਦੀ ਬੋਲੀ 93 ਲੱਖ ਲਗਾਈ ਗਈ| ਨੈਸ਼ਨਲ ਸਟਾਈਲ ਕਬੱਡੀ ਇਸ ਲੀਗ ਤੋਂ ਪਹਿਲਾਂ ਕਦੇ ਵੀ ਇਹ ਖੇਡਾਂ ਖੇਡਣ ਵਾਲੇ ਖਿਡਾਰੀਆਂ ਨੂੰ ਇੰਨਾ ਜਿਆਦਾ ਮਿਹਨਤਾਨਾ ਨਹੀਂ ਮਿਲਿਆ| ਸ਼ੁਰੁਆਤ ਇਸ ਲੀਗ ਸਿਰਫ ਅੱਠ ਟੀਮਾਂ ਹੀ ਸਨ, ਜਦਕਿ ਹੁਣ ਇਨਾਂ ਦੀ ਗਿਣਤੀ 18 ਤੱਕ ਪਹੁੰਚਣ ਦੀ ਸੰਭਾਵਨਾ ਹੈ| ਟੀਮਾਂ ਦੀ ਗਿਣਤੀ ਦੇ ਨਾਲ ਖਿਡਾਰੀਆਂ ਦੀ ਗਿਣਤੀ ਅਤੇ ਨੌਜਵਾਨ ਖਿਡਾਰੀਆਂ ਦੇ ਅੱਗੇ ਆਉਣ ਦੀਆਂ ਸੰਭਾਵਨਾਵਾਂ ਵੀ ਵਧਣਗੀਆਂ, ਜਿਸਦਾ ਕਾਫੀ ਫਾਇਦਾ ਅਸੀਂ ਆਉਣ ਵਾਲੇ ਸਮੇਂ ਦੇਖ ਸਕਦੇ ਹਾਂ|

2015 ਸਾਨੂੰ ਪ੍ਰੋ ਰੈਸਲਿੰਗ ਲੀਗ ਦੇ ਨਾਮ ਹੇਂਠ ਕੁਸ਼ਤੀ ਦੀ ਲੀਗ ਵੀ ਭਾਰਤ ਦੇਖਣ ਨੂੰ ਮਿਲੀ ਅਤੇ ਇਸ ਲੀਗ ਵੀ ਭਾਰਤੀ ਪਹਿਲਵਾਨਾਂ ਦਾ ਵੱਡਾ ਮੁੱਲ ਪਾਇਆ ਗਿਆ ਅਤੇ ਰੈਸਲਿੰਗ ਫੈੱਡਰੇਸ਼ਨ ਆਫ ਇੰਡੀਆ ਦਾ ਇਹ ਇੱਕ ਵਧੀਆ ਉੱਦਮ ਹੈ| ਓਲੰਪਿਕ ਨਿਸ਼ਾਨੇਬਾਜ਼ੀ ਮੈਡਲ ਜਿੱਤਣ ਤੋਂ ਬਾਅਦ ਅਸੀਂ ਨੌਜਵਾਨਾਂ ਦਾ ਨਿਸ਼ਾਨੇਬਾਜ਼ੀ ਚਰੁਝਾਂ ਵਧਦਾ ਤਾਂ ਦੇਖਿਆ, ਪਰ ਸੁਸ਼ੀਲ ਦੇ ਬੀਜਿੰਗ ਓਲੰਪਿਕ ਖੇਡਾਂ ਮੈਡਲ ਜਿੱਤਣ ਦੇ ਬਾਵਜੂਦ ਕੁਸ਼ਤੀ ਨੂੰ ਕੋਈ ਬਹੁਤ ਹੁੰਗਾਰਾ ਨਹੀਂ ਮਿਲਿਆ ਅਤੇ ਇਹੋ ਜਿਹੀਆਂ ਲੀਗ਼ਜ਼ ਦੇ ਆਯੋਜਨ ਨਾਲ ਨੌਜਵਾਨ ਭਾਰਤੀ ਪਹਿਲਵਾਨਾਂ ਨੂੰ ਵੀ ਆਪਣਾ ਜ਼ੋਰ ਅਜਮਾਇਸ਼ ਕਰਨ ਦਾ ਬਰਾਬਰ ਮੌਕਾ ਮਿਲਦਾ ਹੈ ਅਤੇ ਚੰਗਾ ਮਿਹਨਤਾਨਾ ਵੀ| ਉਮੀਦ ਕਰਦੇ ਹਾਂ ਕੇ ਆਉਣ ਵਾਲੇ ਵਿਸ਼ਵ ਪੱਧਰੀ ਮੁਕਾਬਲਿਆਂ ਭਾਰਤੀ ਪਹਿਲਵਾਨ ਵੱਡਾ ਮਾਰਕਾ ਜਰੂਰ ਮਾਰਨਗੇ ਅਤੇ ਓਲੰਪਿਕ ਖੇਡਾਂ ਸੋਨੇ ਦੇ ਮੈਡਲ ਦਾ ਸੋਕਾ ਵੀ ਖਤਮ ਕਰਨਗੇ|

2017 ਮੁੱਕੇਬਾਜ਼ੀ ਲਈ ਸੁਪਰ ਬਾਕਸਿੰਗ ਲੀਗ ਵੀ ਸ਼ੁਰੂ ਹੋਣ ਜਾ ਰਹੀ ਹੈ| ਅਜੇ ਤੱਕ ਇਸ ਲੀਗ ਨੂੰ ਭਾਰਤੀ ਦੇ ਮੁੱਕੇਬਾਜ਼ੀ ਸੰਸਥਾ ਵਲੋਂ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ, ਪਰ ਇਸਦੇ ਬਾਵਜੂਦ ਵੀ ਇਸ ਲੀਗ 6 ਟੀਮਾਂ ਦੇ ਹਿੱਸਾ ਲੈਣ ਦੀ ਗੱਲ ਕੀਤੀ ਜਾ ਰਹੀ ਹੈ| ਇਸ ਲੀਗ ਦੌਰਾਨ ਹਰ ਟੀਮ ਛੇ ਖਿਡਾਰੀ ਹੋਣਗੇ, ਜਿਨਾਂ ਪੰਜ ਪੁਰਸ਼ ਅਤੇ ਇੱਕ ਮਹਿਲਾ ਖਿਡਾਰੀ ਸ਼ਾਮਿਲ ਹੋਵੇਗੀ| ਇਸਤੋਂ ਪਹਿਲਾਂ ਪਦਮਸ਼੍ਰੀ ਵਿਜੇਂਦਰ ਸਿੰਘ ਨੇ ਪ੍ਰੋਫੈਸ਼ਨਲ ਮੁੱਕੇਬਾਜ਼ੀ ਦਸਤਕ ਦੇ ਕੇ ਭਾਰਤੀ ਮੁੱਕੇਬਾਜ਼ੀ ਇੱਕ ਨਵਾਂ ਅਧਿਆਇ ਜੋੜਿਆ, ਜਿਸ ਵਿਜੇਂਦਰ ਸਿੰਘ ਨੇ ਅਜੇ ਤੱਕ ਆਪਣੇ ਸਾਰੇ ਮੁਕਾਬਲਿਆਂ ਜਿੱਤ ਹਾਸਿਲ ਕੀਤੀ ਹੈ| ਉਮੀਦ ਕਰਦੇ ਹਾਂ ਇਸ ਲੀਗ ਨਾਲ ਭਾਰਤੀ ਮੁੱਕੇਬਾਜ਼ੀ ਨੂੰ ਹੋਰ ਹੁਲਾਰਾ ਮਿਲੇਗਾ| ਹਾਲਾਂਕਿ, ਭਾਰਤੀ ਮੁੱਕੇਬਾਜ਼ੀ ਹਮੇਸ਼ਾ ਪ੍ਰਸ਼ਾਸਨਕ ਪੱਧਰ ਤੇ ਕਾਫੀ ਮੁਸ਼ਕਿਲਾਂ ਸਾਹਮਣੇ ਆਉਂਦੀਆਂ ਰਹੀਆਂ ਹਨ, ਪਰ ਉਮੀਦ ਹੈ ਕੇ ਹਾਲਤ ਜਲਦ ਸੁਧਰਨਗੇ|

ਇਸੇ ਤਰਾਂ 2017 ਸਾਨੂੰ ਟੇਬਲ ਟੇਨਿਸ ਦੀ ਲੀਗ ਦੀ ਵੀ ਸ਼ੁਰੁਆਤ ਹੋ ਚੁੱਕੀ ਹੈ ਅਤੇ ਉਮੀਦ ਕਰਦੇ ਹਾਂ ਕਿ ਇਸ ਨਾਲ ਭਾਰਤੀ ਖਿਡਾਰੀਆਂ ਨੂੰ ਵੀ ਫਾਇਦਾ ਮਿਲੇਗਾ| ਦੇਸ਼ ਸ਼ੁਰੂ ਹੋਏ ਇਸ ਲੀਗ਼ਜ਼ ਦੇ ਇਸ ਦੌਰ ਦੌਰਾਨ ਜਿਥੇ ਭਾਰਤੀ ਖਿਡਾਰੀਆਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ, ਉਥੇ ਨਾਲ ਹੀ ਭਾਰਤੀ ਖੇਡ ਪ੍ਰੇਮੀਆਂ ਵਲੋਂ ਦੂਸਰੇ ਦੇਸ਼ ਦੇ ਖਿਡਾਰੀਆਂ ਨੂੰ ਅਪਨਾਉਣ ਦੀ ਸਮਰੱਥਾ ਵੀ ਵਾਧਾ ਹੋ ਰਿਹਾ ਹੈ, ਜਦਕਿ ਪਹਿਲਾ ਅਜਿਹਾ ਨਹੀਂ ਸੀ, ਏਵੀ ਡਵਿਲੀਅਰਜ ਦੀ ਭਾਰਤੀ ਕ੍ਰਿਕਟ ਪ੍ਰੇਮੀਆਂ ਮਕਬੂਲੀਅਤ ਇਸਦੀ ਇੱਕ ਵਧੀਆ ਉਦਾਹਰਣ ਹੈ| ਉਮੀਦ ਕਰਦੇ ਹਾਂ ਇਨਾਂ ਲੀਗ਼ਜ਼ ਤੋਂ ਆਉਣ ਵਾਲੇ ਸਮੇਂ ਭਾਰਤੀ ਖਿਡਾਰੀ ਆਪਣੇ ਤਜਰਬੇ ਵਾਧਾ ਕਰਦੇ ਹੋਏ ਦੇਸ਼ ਦੀ ਝੋਲੀ ਜਿੱਤਾਂ ਜਰੂਰ ਪਾਉਣਗੇ|

ਅਮਰਿੰਦਰ ਗਿੱਦਾ