ਮਹਿਲਾ ਕ੍ਰਿਕਟ ਦੀ ਨਰਸਰੀ ਬਣਨ ਦੇ ਰਾਹ 'ਤੇ ਮੋਗਾ
ਪੰਜਾਬ ਦੇ ਖੇਡ ਜਗਤ 'ਚ ਅਕਸਰ ਇਹ ਗੱਲ ਦੇਖਣ ਨੂੰ ਮਿਲਦੀ ਹੈ ਕੇ, ਜਿਸ ਇਲਾਕੇ ਚ ਕੋਈ ਖਿਡਾਰੀ ਆਪਣੀ ਮਿਹਨਤ ਦੇ ਨਾਲ ਸਫਲਤਾਵਾਂ ਹਾਸਿਲ ਕਰਦਾ ਹੈ, ਉਸ ਇਲਾਕੇ 'ਚ ਉਸ ਖੇਡ ਨੂੰ ਲੈ ਕੇ ਨੌਜਵਾਨ ਖਿਡਾਰੀਆਂ ਚ ਹੋਰ ਵੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ | ਇਸੇ ਰੁਝਾਨ ਕਰਕੇ ਜਲੰਧਰ 'ਚ ਸੰਸਾਰਪੁਰ ਅਤੇ ਮਿੱਠਾਪੁਰ ਵਰਗੇ ਪਿੰਡਾਂ ਨੂੰ ਹਾਕੀ, ਹੁਸ਼ਿਆਰਪੁਰ ਦੇ ਮਾਹਿਲਪੁਰ ਦੇ ਖੇਤਰ ਨੂੰ ਫੁੱਟਬਾਲ, ਮਾਲਵੇ ਦੇ ਕਾਫੀ ਪਿੰਡਾਂ ਅਤੇ ਦੁਆਬੇ ਦੇ ਕਪੂਰਥਲੇ ਦੇ ਖੇਤਰ ਨੂੰ ਕਬੱਡੀ ਖੇਡ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ | ਇੱਕ ਖਾਸ ਖੇਤਰ 'ਚ ਇੱਕ ਹੀ ਖੇਡ ਦੇ ਵਿਕਸਤ ਹੋਣ ਦਾ ਸਿਹਰਾ ਇਨ੍ਹਾਂ ਖੇਤਰਾਂ 'ਚ ਸਫਲਤਾਵਾਂ ਹਾਸਿਲ ਕਰ ਚੁੱਕੇ ਖਿਡਾਰੀਆਂ ਦੇ ਸਿਰ ਬੱਝਦਾ ਹੈ ਅਤੇ ਉਨਾਂ ਵਲੋਂ ਹਾਸਿਲ ਕੀਤੀਆਂ ਸਫਲਤਾਵਾਂ ਤੋਂ ਬਾਅਦ ਇਨਾਂ ਖੇਤਰਾਂ 'ਚੋਂ ਕਈ ਹੋਰ ਨਾਮੀ ਖਿਡਾਰੀ ਵੀ ਨਿੱਕਲੇ, ਜਿਨਾਂ ਨੇ ਆਪਣੇ ਪ੍ਰਦਰਸ਼ਨ ਨਾਲ ਭਾਰਤ ਦਾ ਨਾਮ ਹੋਰ ਵੀ ਰੌਸ਼ਨ ਕੀਤਾ | ਮਹਿਲਾ ਕ੍ਰਿਕਟ ਵਿਸ਼ਵ ਕੱਪ 'ਚ ਹਰਮਨਪ੍ਰੀਤ ਨੇ ਮੋਗੇ ਜਿਲ੍ਹੇ ਦਾ ਨਾਮ ਵਿਸ਼ਵ ਕ੍ਰਿਕਟ ਦੇ ਨਕਸ਼ੇ 'ਤੇ ਦਰਜ ਕਰਵਾ ਦਿੱਤਾ ਹੈ, ਜਿਸ ਨਾਲ ਇਹਨਾਂ ਸੰਭਾਵਨਾਵਾਂ 'ਚ ਵੀ ਵਾਧਾ ਹੋਇਆ ਹੈ, ਕੇ ਆਉਣ ਵਾਲੇ ਸਮੇਂ 'ਚ ਮੋਗਾ ਮਹਿਲਾ ਕ੍ਰਿਕਟ ਦੀ ਨਰਸਰੀ ਬਣ ਸਕਦਾ ਹੈ|
ਅਸੀਂ ਜੇਕਰ ਤਾਜ਼ਾ ਹਾਲਾਤਾਂ ਤੇ ਨਜ਼ਰ ਮਾਰੀਏ ਤਾਂ ਸਾਡੇ ਸਾਹਮਣੇ ਕਈ ਅਜਿਹੇ ਤੱਥ ਆਉਂਦੇ ਨੇ, ਜਿਨ੍ਹਾਂ ਦਾ ਜਿਕਰ ਕਰਨ ਨਾਲ ਆਉਣ ਵਾਲੇ ਸਮੇਂ ਚ ਮੋਗੇ ਜਿਲ੍ਹੇ ਤੋਂ ਮਹਿਲਾ ਕ੍ਰਿਕਟ ਦੇ ਹੋਰ ਵੀ ਨਾਮੀ ਖਿਡਾਰੀ ਸਾਹਮਣੇ ਆਉਣ ਦੀ ਉਮੀਦ ਹੈ | ਹਾਲ ਹੀ 'ਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਮੋਗੇ ਵਿਖੇ ਕਰਵਾਏ ਗਏ ਅੰਡਰ-19 ਜਿਲ੍ਹਾ ਪੱਧਰੀ ਮੁਕਾਬਲਿਆਂ ਚ ਮੋਗੇ ਜਿਲ੍ਹੇ ਦੀ ਟੀਮ ਚੰਡੀਗੜ੍ਹ ਦੇ ਨਾਲ ਸਾਂਝੇ ਤੌਰ ਤੇ ਜੇਤੂ ਰਹੀ ਹੈ | ਇਸ ਟੂਰਨਾਮੈਂਟ ਚ ਮੋਗੇ ਅਤੇ ਚੰਡੀਗੜ੍ਹ ਤੋਂ ਇਲਾਵਾ ਜਲੰਧਰ, ਅੰਮ੍ਰਿਤਸਰ, ਰੋਪੜ, ਫਰੀਦਕੋਟ, ਬਰਨਾਲਾ, ਮਾਨਸਾ, ਮੁਕਤਸਰ ਅਤੇ ਪਟਿਆਲਾ ਦੀਆਂ ਟੀਮਾਂ ਨੇ ਵੀ ਹਿੱਸਾ ਲਿਆ ਸੀ | ਇਸ ਟੂਰਨਾਮੈਂਟ ਚ ਪ੍ਰਦਰਸ਼ਨ ਦੇ ਅਧਾਰ ਤੇ ਮੋਗੇ ਜਿਲ੍ਹੇ ਦੀਆਂ ਪੰਜ ਖਿਡਾਰਨਾਂ ਨੂੰ ਪੰਜਾਬ ਟੀਮ ਦੇ ਚੋਣ ਕੈਂਪ ਚ ਸ਼ਾਮਿਲ ਕੀਤਾ ਗਿਆ, ਜੋ ਕੇ ਇਹ ਗੱਲ ਦਰਸਾਉਂਦਾ ਹੈ ਕੇ ਹਰਮਨ ਵਰਗੀਆਂ ਹੋਰ ਖਿਡਾਰਨਾਂ ਵੀ ਮੋਗੇ ਜਿਲ੍ਹੇ ਦਾ ਨਾਮ ਜਰੂਰ ਰੌਸ਼ਨ ਕਰਨਗੀਆਂ ਅਤੇ ਸਾਰੇ ਖੇਡ ਪ੍ਰੇਮੀ ਵੀ ਇਸ ਗੱਲ ਤੋਂ ਆਸਵੰਦ ਹੋਣਗੇ|
ਇਨਾਂ ਪੰਜ ਖਿਡਾਰਨਾਂ ਚ ਮੋਗੇ ਤੋਂ ਅਵਰੀਤ ਕੌਰ ਜੋ ਕੇ ਲੈੱਗ ਸਪਿੰਨਰ ਵਜੋਂ ਖੇਡਦੀ ਹੈ ਅਤੇ ਇਸ ਖਿਡਾਰਨ ਦਾ ਭਵਿੱਖ ਕਾਫੀ ਵਧੀਆ ਕਿਹਾ ਜਾ ਸਕਦਾ ਹੈ, ਕਿਓਂਕਿ ਕ੍ਰਿਕਟ ਜਗਤ 'ਚ ਲੱਗ ਸਪਿੰਨਰ ਖਿਡਾਰੀਆਂ ਦੀ ਕਮੀ ਅਕਸਰ ਰੜਕਦੀ ਰਹਿੰਦੀ ਹੈ | ਦੂਸਰੀ ਖਿਡਾਰਨ ਹੈ ਰਮਨਪ੍ਰੀਤ ਕੌਰ, ਜੋ ਕੇ ਆਲ ਰਾਉਂਡਰ ਦੇ ਵਜੋਂ ਪੰਜਾਬ ਦੀ ਟੀਮ ਲਈ ਚੋਣ ਕੈਂਪ ਲਈ ਚੁਣੀ ਗਈ ਹੈ ਅਤੇ ਇੱਕ ਆਲ ਰਾਉਂਡਰ ਦੀ ਜਰੂਰਤ ਹਮੇਸ਼ਾ ਹੀ ਟੀਮ ਨੂੰ ਰਹਿੰਦੀ ਹੈ | ਇਸੇ ਤਰਾਂ ਜਲਾਲਾ ਨੂੰ ਵਿਕੇਟਕੀਪਰ ਦੇ ਤੌਰ ਤੇ ਚੋਣ ਕੈਂਪ ਚ ਰੱਖਿਆ ਗਿਆ ਹੈ | ਨਵਦੀਪ ਕੌਰ ਅਤੇ ਦਲਜੀਤ ਕੌਰ ਨੂੰ ਵੀ ਬੱਲੇਬਾਜ ਵਜੋਂ ਚੋਣ ਕੈਂਪ 'ਚ ਬੁਲਾਇਆ ਗਿਆ ਹੈ ਅਤੇ ਦਲਜੀਤ ਸਲਾਮੀ ਬੱਲੇਬਾਜ ਵਜੋਂ ਖੇਡਦੀ ਹੈ ਅਤੇ ਅਸੀਂ ਉਮੀਦ ਕਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਚ ਸਾਨੂੰ ਹਰਮਨ ਦੀ ਤਰਾਂ ਇਨਾਂ ਬੱਲੇਬਾਜ਼ਾਂ ਵਲੋਂ ਵੀ ਮਿਸਾਲੀ ਪਾਰੀਆਂ ਦੇਖਣ ਨੂੰ ਮਿਲਣਗੀਆਂ |
ਮੋਗੇ ਜਿਲ੍ਹੇ 'ਚ ਇਸ ਸਮੇਂ ਮਹਿਲਾ ਕ੍ਰਿਕਟ ਤੇ ਕੇਂਦਰਿਤ ਤਿੰਨ ਕੈਂਪ ਚੱਲ ਰਹੇ ਨੇ, ਜਿਨਾਂ ਚ ਸ਼ਹਿਰ ਮੋਗੇ ਤੋਂ ਇਲਾਵਾ ਇੱਕ ਸੇਂਟਰ ਡਗਰੂ ਵਿਖੇ ਹੈ ਅਤੇ ਇੱਕ ਪਿੰਡ ਰੋਡੇ ਦੇ ਸਰਕਾਰੀ ਸਕੂਲ ਚ ਚੱਲ ਰਿਹਾ ਹੈ | ਮੋਗੇ ਜਿਲ੍ਹੇ ਦੀ ਕ੍ਰਿਕਟ ਐਸੋਸੀਏਸ਼ਨ ਦੇ ਸੇਕਟਰੀ ਕਮਲ ਅਰੋੜਾ ਦੇ ਮੁਤਾਬਿਕ ਹਰਮਨ ਦੇ ਹਰਫਨਮੌਲਾ ਪ੍ਰਦਰਸ਼ਨ ਤੋਂ ਬਾਅਦ ਉਨਾਂ ਨੂੰ ਕਾਫੀ ਜਿਆਦਾ ਲੋਕ ਸੰਪਰਕ ਕਰ ਰਹੇ ਹਨ | ਉਨਾਂ ਅਨੁਸਾਰ ਸੰਪਰਕ ਕਰਨ ਵਾਲਿਆਂ ਦੀ ਸੰਖਿਆਂ 'ਚ ਇੰਨਾ ਵਾਧਾ ਹੋਇਆ ਹੈ, ਕੇ ਆਉਣ ਵਾਲੇ ਸਮੇਂ 'ਚ ਉਹ ਵੱਖ-ਵੱਖ ਉਮਰ ਵਰਗਾਂ ਚ ਨਵੇਂ ਗਰੁੱਪ ਸ਼ੁਰੂ ਕਰਨ ਵਾਰੇ ਵਿਚਾਰ ਕਰ ਰਹੇ ਨੇ | ਜੇਕਰ ਅਜਿਹਾ ਜਾਰੀ ਰਿਹਾ ਅਤੇ ਆਉਣ ਸਮੇਂ 'ਚ ਸਾਨੂੰ ਇਸ ਜ੍ਹਿਲੇ ਤੋਂ ਕੁਝ ਹੋਰ ਮਹਿਲਾ ਕ੍ਰਿਕਟ ਦੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਮਿਲਦੇ ਹਨ, ਤਾਂ ਮੋਗੇ ਜਿਲ੍ਹੇ 'ਚ ਮਹਿਲਾ ਕ੍ਰਿਕਟ ਦੇ ਸੇਂਟਰਾਂ ਦੀ ਗਿਣਤੀ ਚ ਵੀ ਵਾਧਾ ਹੋ ਸਕਦਾ ਹੈ |
ਮੌਜੂਦਾ ਹਾਲਾਤਾਂ ਚ ਮੋਗੇ ਜਿਲ੍ਹੇ ਚ ਇਸ ਸਮੇਂ 45-50 ਲੜਕੀਆਂ ਕ੍ਰਿਕਟ ਦੇ ਗੁਰ ਸਿੱਖ ਰਹੀਆਂ ਹਨ ਅਤੇ ਇਨਾਂ ਅੰਕੜਿਆਂ ਨੂੰ ਦੇਖਦਿਆਂ ਕਾਫੀ ਸੁਖਦ ਅਹਿਸਾਸ ਹੁੰਦਾ ਹੈ ਅਤੇ ਕਿਹਾ ਜਾ ਸਕਦਾ ਕੇ ਆਉਣ ਵਾਲੇ ਸਮੇਂ 'ਚ ਮੋਗਾ ਮਹਿਲਾ ਕ੍ਰਿਕਟ ਦੀ ਨਰਸਰੀ ਵਜੋਂ ਜਰੂਰ ਸਾਹਮਣੇ ਆਵੇਗਾ ਅਤੇ ਇਸਦਾ ਸਿਹਰਾ ਹਰਮਨ ਦੀ ਮਿਹਨਤ ਦੇ ਨਾਲ-ਨਾਲ ਮੋਗੇ ਜਿਲ੍ਹੇ ਦੇ ਅਹੁਦੇਦਾਰਾਂ ਨੂੰ ਵੀ ਜਾਂਦਾ ਹੈ | ਇਸ ਸਾਰੇ ਵਰਤਾਰੇ ਦੇ ਨਾਲ ਇਸ ਗੱਲ ਤੇ ਵਿਚਾਰ ਕਰਨਾ ਬਣਦਾ ਹੈ, ਕੇ ਖਿਡਾਰੀਆਂ ਦੇ ਭਵਿੱਖ ਨੂੰ ਵੀ ਸੁਰੱਖਿਅਤ ਬਣਾਉਣ ਲਈ ਵੀ ਕਦਮ ਚੁੱਕੇ ਜਾਣ ਅਤੇ ਉਨਾਂ ਲਈ ਨੌਕਰੀਆਂ ਵੀ ਉਪਲੱਬਧ ਕਰਵਾਈਆਂ ਜਾਣ, ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕੇ ਆਉਣ ਵਾਲੇ ਸਮੇਂ ਚ ਵੀ ਮਹਿਲਾ ਖਿਡਾਰੀਆਂ ਦੀ ਕੋਈ ਵੀ ਕਮੀ ਨਾ ਮਹਿਸੂਸ ਹੋਵੇ | ਅਸੀਂ ਆਸ ਕਰਦੇ ਹਾਂ ਕੇ ਆਉਣ ਵਾਲੇ ਸਮੇਂ ਦੌਰਾਨ ਮੋਗੇ ਦੀ ਮਹਿਲਾ ਕ੍ਰਿਕਟ ਦੀ ਨਰਸਰੀ 'ਚੋਂ ਕੁਝ ਨਾਮੀ ਖਿਡਾਰੀ ਵੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ 'ਚ ਖਿੜਿਆ ਫੁੱਲ ਜਰੂਰ ਬਣਨਗੇ|
ਅਮਰਿੰਦਰ ਗਿੱਦਾ