Sunday, 6 May 2018

ਰਾਸ਼ਟਰਮੰਡਲ ਖੇਡਾਂ: ਪੁਰਸ਼ ਹਾਕੀ ਟੀਮ ਦੀ ਕਾਰਗੁਜਾਰੀ


ਗੋਲ੍ਡ ਕੋਸਟ ਵਿਖੇ ਸਮਾਪਤ ਹੋਈਆਂ ਰਾਸ਼ਟਰਮੰਡਲ ਖੇਡਾਂ 'ਚ ਜਿਥੇ ਭਾਰਤੀ ਪੁਰਸ਼ ਹਾਕੀ ਟੀਮ ਦਾ ਪ੍ਰਦਰਸ਼ਨ ਆਸ ਦੇ ਮੁਤਾਬਿਕ ਨਹੀਂ ਰਿਹਾ, ਉੱਥੇ ਮਹਿਲਾ ਹਾਕੀ ਟੀਮ ਦੀ ਚਣੌਤੀ ਨੇ ਨਵੀਂ ਆਸ ਦੀ ਕਿਰਨ ਜਰੂਰ ਜਗਾਈ ਹੈ | ਇਨਾਂ ਖੇਡਾਂ ਲਈ ਭਾਰਤੀ ਹਾਕੀ ਟੀਮਾਂ ਨੂੰ ਲੈ ਕੇ ਲਏ ਗਏ ਫੈਸਲੇ ਕਾਫੀ ਅਹਿਮ ਸਨ, ਜਿਨ੍ਹਾਂ ਦਾ ਅਸਰ ਭਾਰਤੀ ਟੀਮ ਦੇ ਪ੍ਰਦਰਸ਼ਨ ਤੇ ਵੀ ਪਿਆ ਅਤੇ ਅਸੀਂ ਪੁਰਸ਼ ਵਰਗ 'ਚ ਕੋਈ ਵੀ ਮੈਡਲ ਜਿੱਤ ਨਹੀਂ ਸਕੇ| ਖੇਡਾਂ ਦੌਰਾਨ ਭਾਰਤੀ ਮਹਿਲਾ ਅਤੇ ਪੁਰਸ਼ ਹਾਕੀ ਟੀਮਾਂ ਵਲੋਂ ਕੀਤੇ ਗਏ ਪ੍ਰਦਰਸ਼ਨ ਨੂੰ ਅੱਖੀਂ ਦੇਖਣ, ਕੋਚ, ਕਪਤਾਨ ਅਤੇ ਖਿਡਾਰੀਆਂ ਨਾਲ ਹੋਈਆਂ ਮਿਲਣੀਆਂ ਤੋਂ ਬਾਅਦ ਇਸ ਲੇਖ 'ਚ ਅਸੀਂ ਭਾਰਤੀ ਪੁਰਸ਼ ਹਾਕੀ ਟੀਮ ਦੇ ਪ੍ਰਦਰਸ਼ਨ ਵਾਰੇ ਖਾਸ ਗੱਲਬਾਤ ਕਰਾਂਗੇ|

ਮਿਡਫੀਲਡ ਰਹੀ ਚਿੰਤਾ ਦਾ ਵਿਸ਼ਾ:
ਭਾਰਤੀ ਪੁਰਸ਼ ਹਾਕੀ ਟੀਮ ਦੀ ਮਿਡਫੀਲਡ ਪੂਰੇ ਮੈਚਾਂ ਦੌਰਾਨ ਚਿੰਤਾ ਦਾ ਵਿਸ਼ਾ ਰਹੀ | ਸਰਦਾਰ ਸਿੰਘ ਅਤੇ ਰਮਨਦੀਪ ਵਰਗੇ ਸੀਨੀਅਰ ਅਤੇ ਤਜਰਬੇਕਾਰ ਖਿਡਾਰੀ ਨੂੰ ਰਾਸ਼ਟਰਮੰਡਲ ਵਰਗੀਆਂ ਖੇਡਾਂ ਤੋਂ ਬਾਹਰ ਰੱਖਣਾ ਬਿਨਾ ਸ਼ੱਕ ਘਾਟੇ ਦਾ ਸੌਦਾ ਸੀ | ਹਾਲਾਂਕਿ ਟੀਮ ਦੇ ਕੋਚ ਨਾਲ ਹੋਈ ਗੱਲਬਾਤ ਦੌਰਾਨ ਉਨਾਂ ਇਸ ਸਵਾਲ ਨੂੰ ਨਕਾਰ ਦਿੱਤਾ ਸੀ, ਪਰ ਭਾਰਤੀ ਮਿਫਲੀਲਡ ਦੇ ਖਿਡਾਰੀ (ਕਪਤਾਨ ਮਨਪ੍ਰੀਤ ਸਿੰਘ ਤੋਂ ਇਲਾਵਾ) ਮਿਫਿਲਡ ਚ ਵਿਰੋਧੀ ਟੀਮਾਂ ਨੂੰ ਰੋਕਣ 'ਚ ਅਸਮਰੱਥ ਰਹੇ, ਜਾਂ ਤਾ ਭਾਰਤੀ ਫਾਰਵਰਡ ਖਿਡਾਰੀ ਹਾਵੀ ਰਹੇ ਜਾਂ ਫਿਰ ਰੱਖਿਆ ਪੰਕਤੀ ਜੂਝਦੀ ਨਜਰ ਆਈ| ਚਿੰਗਲੈਂਸਨਾ ਮਿਡਫੀਲਡ 'ਚ ਕੁਝ ਖਾਸ ਨਹੀਂ ਕਰ ਸਕਿਆ ਅਤੇ ਸਰਦਾਰ ਸਿੰਘ ਦੇ ਬਦਲ ਦੇ ਪੱਖੋਂ ਚਿੰਗਲੈਂਸਨਾ ਦਾ ਪ੍ਰਦਰਸ਼ਨ ਕਿਸੇ ਵੀ ਪੱਖੋਂ ਸੰਤੁਸ਼ਟ ਕਰਨੇ ਵਾਲਾ ਨਹੀਂ ਸੀ| ਆਉਣ ਵਾਲੇ ਸਮੇਂ ਦੌਰਾਨ ਕਈ ਵੱਡੇ ਟੂਰਨਾਮੈਂਟ ਸਾਡੇ ਸਾਹਮਣੇ ਨੇ, ਇਨਾਂ ਟੂਰਨਾਮੈਂਟਾਂ ਦੀ ਤਿਆਰੀ ਲਈ ਜੇਕਰ ਅਸੀਂ ਸਮੇਂ ਸਿਰ ਆਪਣੀ ਮਿਡਫੀਲਡ ਚ ਸੁਧਾਰ ਨਾ ਕੀਤਾ ਤਾਂ ਭੁੱਲ ਜਾਈਏ ਕੇ ਅਸੀਂ ਠੀਕ ਰਸਤੇ ਤੇ ਹਾਂ|

ਪੇਨਲਟੀ ਕਾਰਨਰ ਦਾ ਗੋਲਾਂ ਚ ਤਬਦੀਲ ਨਾ ਹੋਣਾ:
ਭਾਰਤੀ ਡ੍ਰੈਗ ਫਲਿਕਰਜ ਦੁਨੀਆ ਭਰ ‘ਚ ਕਾਫੀ ਬੇਹਤਰ ਮੰਨੇ ਜਾਂਦੇ ਹਨ, ਪਰ ਰਾਸ਼ਟਰਮੰਡਲ ਖੇਡਾਂ ਚ ਹਰਮਨਪ੍ਰੀਤ ਦਾ  ਰੁਪਿੰਦਰਪਾਲ ਕੁਝ ਖਾਸ ਨਹੀਂ ਕਰ ਸਕੇ| ਰੁਪਿੰਦਰਪਾਲ ਦੀ ਟੀਮ ਚ ਹੋਈ ਵਾਪਸੀ ਤੋਂ ਬਾਅਦ ਕਾਫੀ ਉਮੀਦਾਂ ਸਨ, ਪਰ ਉਹ ਵੀ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕਰਨ ਚ ਸਫਲ ਨਹੀਂ ਹੋ ਸਕੇ| ਹਰਮਨਪ੍ਰੀਤ ਨੇ ਭਾਂਵੇ ਟੀਮ ਦੇ ਲਈ ਪੇਨਲਟੀ ਕਾਰਨਰ ਤੇ ਗੋਲ ਕੀਤੇ, ਪਰ ਉਸ ਨਾਲੋਂ ਤਿੰਨ ਗੁਣਾਂ ਮੌਕੇ ਗਵਾਏ| ਇੰਗਲੈਂਡ ਨਾਲ ਹੋਏ ਆਖ਼ਿਰੀ ਪੂਲ ਮੈਚ ਦੌਰਾਨ ਇੰਗਲੈਂਡ ਦੀ ਟੀਮ ਦੇ ਡ੍ਰੈਗ ਫਲਿਕਰਜ ਨੇ ਆਪਣੀ ਟੀਮ ਨੂੰ ਮਿਲੇ ਪੇਨਲਟੀ ਕਾਰਨਰ ਨੂੰ ਗੋਲਾਂ ਚ ਤਬਦੀਲ ਕਰਕੇ ਭਾਰਤੀ ਟੀਮ ਨੂੰ ਆਖ਼ਿਰੀ ਸਮੇਂ ਤੱਕ ਮੈਚ ਮੁਸ਼ਕਿਲ ਚ ਪਾ ਕੇ ਰੱਖਿਆ| ਭਾਰਤੀ ਟੀਮ ਨੇ ਪੂਰੀਆਂ ਖੇਡਾਂ ਦੌਰਾਨ ਕੁੱਲ 15 ਗੋਲ ਕੀਤੇ, ਹਾਲਾਂਕਿ ਇਨਾਂ ਚੋਂ 10 ਪੇਨਲਟੀ ਕਾਰਨਰ ਨਾਲ ਕੀਤੇ ਗਏ ਹਨ, ਪਰ ਟੀਮ ਨੂੰ ਜਿੰਨੇ ਮੌਕੇ ਮਿਲੇ ਜੇਕਰ ਉਨਾਂ ਦੇ 50 ਪ੍ਰਤੀਸ਼ਤ ਵੀ ਗੋਲਾਂ ਚ ਤਬਦੀਲ ਹੁੰਦੇ ਤਾਂ ਸ਼ਾਇਦ ਗੋਲ੍ਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਪੁਰਸ਼ ਹਾਕੀ ਟੀਮ ਮੈਡਲ ਜਰੂਰ ਜਿੱਤਦੀ|

ਫੀਲਡ ਗੋਲਾਂ ਦੀ ਸੰਖਿਆ ਨਾ ਮਾਤਰ:
ਭਾਰਤੀ ਹਾਕੀ ਟੀਮ ਨੇ ਇਨਾਂ ਖੇਡਾਂ ਚ ਸਿਰਫ 4 ਫੀਲਡ ਗੋਲ ਕੀਤੇ, ਜਦਕਿ ਫੀਲਡ ਗੋਲ ਕਰਨਾ ਭਾਰਤੀ ਟੀਮ ਦੀ ਸਭ ਤੋਂ ਵੱਡੀ ਤਾਕਤ ਮੰਨਿਆ ਜਾਣਦਾ ਰਿਹਾ ਹੈ| ਖੇਡਾਂ ਚ ਪਹਿਲੇ ਤਿੰਨ ਸਥਾਨ ਤੇ ਰਹਿਣ ਵਾਲਿਆਂ ਟੀਮਾਂ ਨੇ ਅਕਰਾਤ੍ਮਕ ਸ਼ੈਲੀ ਨਾਲ ਖੇਡਦਿਆਂ ਕਾਫੀ ਫੀਲਡ ਗੋਲ ਕੀਤੇ| ਖੇਡਾਂ ਚ ਨੰਬਰ ਇੱਕ ਤੇ ਰਹੀ ਟੀਮ ਆਸਟ੍ਰੇਲੀਆ ਨੇ 15  ਦੂਸਰੇ ਨੰਬਰ ਤੇ ਰਹੀ ਨਿਊਜ਼ੀਲੈਂਡ ਦੀ ਟੀਮ ਨੇ 10 ਅਤੇ ਤੀਸਰੇ ਨੰਬਰ ਤੇ ਰਹੀ ਇੰਗਲੈਂਡ ਟੀਮ ਨੇ 8 ਫੀਲਡ ਗੋਲ ਕੀਤੇ| ਭਾਰਤੀ ਫਾਰਵਰਡ ਅਕਾਸ਼ਦੀਪ ਦਾ ਇਨਾਂ ਖੇਡਾਂ ਚ ਪ੍ਰਦਰਸ਼ਨ ਸਭ ਦੇ ਸਾਹਮਣੇ ਸੀ ਅਤੇ ਇਹ ਆਂਕੜੇ ਉਨਾਂ ਦੇ ਪ੍ਰਦਰਸ਼ਨ ਦੀ ਤਸਵੀਰ ਉਕਰਦੇ ਨੇ| ਪਰ ਇਸ ਚ ਸਿਰਫ ਅਕਾਸ਼ਦੀਪ ਦਾ ਦੋਸ਼ ਨਹੀਂ ਹੈ, ਉਸਨੂੰ ਖਿਡਾਉਣ ਵਾਲੀ ਮਿਡਫੀਲਡ ਕਮਜ਼ੋਰ ਰਹੀ | ਪੇਨਲਟੀ ਕਾਰਨਰ ਦੇ ਮੁਕਾਬਲੇ ਫੀਲਡ ਗੋਲਾਂ ਦੀ ਸੰਖਿਆ ਘੱਟ ਹੋਣਾ ਹੋਰ ਵੀ ਚਿੰਤਾ ਦਾ ਵਿਸ਼ਾ ਹੈ|
  
ਬਾ-ਕਮਾਲ ਰਿਹਾ ਸ੍ਰੀਜੇਸ਼:
ਭਾਰਤੀ ਹਾਕੀ ਟੀਮ ਦੀ ਕੰਧ ਕਹੇ ਜਾਣ ਵਾਲੇ ਸ੍ਰਿਜੇਚ ਨੇ ਇਨਾ ਖੇਡਾਂ 'ਚ ਇੱਕ ਵਾਰ ਫਿਰ ਤੋਂ ਸਾਬਿਤ ਕਰ ਦਿੱਤਾ ਕੇ ਕਿਓਂ ਉਸਦਾ ਨਾਮ ਵਿਸ਼ਵ ਦੇ ਸਰਬੋਤਮ ਗੋਲਕੀਪਰਾਂ ਚ ਲਿਆ ਜਾਂਦਾ ਹੈ| ਧਿਆਨਦੇਣਯੋਗ ਹੈ ਕੇ, ਸ੍ਰੀਜੇਸ਼ ਨੂੰ ਸਾਲ 2016 ਚ ਵਿਸ਼ਵ ਭਰ ਦੇ ਬੇਹਤਰੀਨ ਗੋਲਕੀਪਰਾਂ ਨੂੰ ਦਿੱਤੇ ਜਾਂਦੇ ਐਵਾਰਡ ਲਈ ਵੀ ਜਾਰੀ ਹੋਈ ਆਖ਼ਿਰੀ ਸੂਚੀ ਚ ਰੱਖਿਆ ਗਿਆ ਸੀ| ਸ੍ਰਿਜੇਸ਼ ਨੇ ਹਰ ਇੱਕ ਮੈਚ 'ਚ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ| ਉਸਦਾ ਪ੍ਰਦਰਸ਼ਨ ਇਸ ਤਰਾਂ ਸੀ, ਜਿਸ ਤਰਾਂ ਉਹ ਸਾਲ 2006 ਚ ਦੱਖਣੀ ਏਸ਼ੀਆਈ ਖੇਡਾਂ ਚ ਭਾਰਤ ਦੀ ਸੀਨੀਅਰ ਟੀਮ ਵਲੋਂ ਪਹਿਲੀ ਵਾਰ ਖੇਡਿਆ ਸੀ| ਸ੍ਰਿਜੇਸ਼ ਨੇ ਇਨਾਂ ਖੇਡਾਂ ਦੌਰਾਨ ਜਿਥੇ ਵਿਰੋਧੀ ਟੀਮ ਦੇ ਕਈ ਫੀਲਡ ਗੋਲ ਰੋਕੇ ਉੱਥੇ ਨਾਲ ਹੀ ਪੇਨਲਟੀ ਕਾਰਨਰਾਂ ਤੇ ਵੀ ਉਸ ਵਲੋਂ ਛਲਾਂਗ ਲਗਾ ਕੇ ਟਾਪ ਕਾਰਨਰ ਵੱਲ ਜਾਂਦੀਆਂ ਕਾਫੀ ਫਲਿਕਜ ਨੂੰ ਬਹੁਤ ਹੀ ਖੂਬਸੂਰਤੀ ਨਾਲ ਰੋਕਿਆ ਗਿਆ| ਸ੍ਰੀਜੇਸ਼ ਦਾ ਇਹਨਾਂ ਖੇਡਾਂ ਚ ਪ੍ਰਦਰਸ਼ਨ ਬਹੁਤ ਵਧੀਆ ਰਿਹਾ, ਜੇਕਰ ਸ਼ਿਰਜੇਸ਼ ਦਾ ਪ੍ਰਦਰਸ਼ਨ ਵੀ ਔਸਤਨ ਰਹਿੰਦਾ ਤਾ ਭਾਰਤੀ ਟੀਮ ਸ਼ਾਇਦ ਪੂਲ ਮੈਚ ਵੀ ਨਾ ਜਿੱਤ ਪਾਉਂਦੀ|

ਕੋਚ ਦੀ ਕਹਿਣੀ ਤੇ ਕਰਨੀ:
ਮੇਰੇ ਇਸ ਲੇਖ ਨੂੰ ਲਿਖਦੇ-ਲਿਖਦੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕੋਚ ਸ਼ੁਰਡ ਮਾਰੀਨ ਨੂੰ ਹਾਕੀ ਇੰਡੀਆ ਵਲੋਂ ਪੁਰਸ਼ ਟੀਮ ਤੋਂ ਹਟਾ ਦਿੱਤਾ ਗਿਆ, ਕਿ ਇਹ ਫੈਸਲਾ ਸਹੀ ਹੈ ਜਾਂ ਗਲਤ ਇਹ ਇੱਕ ਅਲੱਗ ਵਿਸ਼ਾ ਹੈ, ਪਰ ਭਾਰਤੀ ਹਾਕੀ ਟੀਮ ਦੇ ਪ੍ਰਦਰਸ਼ਨ ਚ ਲਗਾਤਾਰਤਾ ਨਾਲ ਸੁਧਾਰ ਲਿਆਉਣ ਦੀ ਗੱਲ ਕੋਚ ਸ਼ੁਰਡ ਮਾਰੀਨ ਨੇ ਹਰ ਇੱਕ ਨੂੰ ਯਾਦ ਕਰਵਾ ਦਿੱਤੀ ਸੀ, ਪਰ ਲਾਗੂ ਕਰਨ 'ਚ ਸਫਲ ਨਹੀਂ ਹੋ ਸਕਿਆ| ਭਾਰਤੀ ਹਾਕੀ ਟੀਮ ਦੀ ਚੋਣ ਨੂੰ ਲੈ ਕੇ ਕੀਤੇ ਗਏ ਪ੍ਰਯੋਗਾਂ ਦੇ ਨਾਲ ਟੀਮ ਦੇ ਪ੍ਰਦਰਸ਼ਨ ਚ ਲਗਾਤਾਰਤਾ ਨਾਲ ਸੁਧਾਰ ਵਾਲੀ ਗੱਲ ਕਿਸੇ ਵੀ ਪੱਖੋਂ ਪੂਰੀ ਨਹੀਂ ਹੁੰਦੀ ਜਾਪਦੀ ਸੀ| ਸੁਲਤਾਨ ਅਜਲਾਨ ਸ਼ਾਹ ਹਾਕੀ ਟੂਰਨਾਮੈਂਟ 'ਚ ਸਰਦਾਰ ਸਿੰਘ ਨੂੰ ਭਾਰਤੀ ਹਾਕੀ ਟੀਮ ਦੀ ਕਪਤਾਨੀ ਦਿੱਤੀ ਜਾਂਦੀ ਹੈ ਅਤੇ ਰਾਸ਼ਟਰਮੰਡਲ ਖੇਡਾਂ 'ਚੋ ਇਸ ਖਿਡਾਰੀ ਨੂੰ ਬਾਹਰ ਰੱਖਿਆ ਜਾਂਦਾ ਹੈ| ਇਸ ਸਬੰਧੀ ਦਰੁਣਾਚਾਰਿਆ ਅਵਾਰਡ ਜੇਤੂ ਬਲਦੇਵ ਸਿੰਘ ਹੋਰਾਂ ਨਾਲ ਵੀ ਵਿਚਾਰ ਹੋਇਆ ਅਤੇ ਉਨਾਂ ਕਿਹਾ ਕੇ ਸਰਦਾਰ ਸਿੰਘ ਦਾ ਤਜਰਬੇ ਦੇ ਆਧਾਰ ਉੱਤੇ ਹੀ ਨਹੀਂ ਬਲਕਿ ਉਸਦੇ ਕੋਲ ਜੋ ਹੁਨਰ ਹੈ, ਉਸਨੂੰ ਮੁੱਖ ਰੱਖਦਿਆਂ ਵੀ ਉਸਨੂੰ ਟੀਮ 'ਚੋ ਬਾਹਰ ਨਹੀਂ ਸੀ ਰੱਖਿਆ ਜਾ ਸਕਦਾ| ਪਿਛਲੇ ਕਾਫੀ ਸਮੇਂ ਤੋਂ ਟੀਮ ਨੂੰ ਸਥਿਰ ਨਹੀਂ ਸੀ ਰੱਖਿਆ ਜਾ ਰਿਹਾ| ਖੇਡ ਜਗਤ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕੇ ਟੀਮ ਖੇਡਾਂ ਚ ਉਦੋਂ ਤੱਕ ਜਿੱਤ ਨਹੀਂ ਹਾਸਿਲ ਕੀਤੀ ਜਾ ਸਕਦੀ ਜਦੋਂ ਤੱਕ ਟੀਮ ਚ ਸ਼ਾਮਿਲ ਖਿਡਾਰੀਆਂ ਦਾ ਆਪਸੀ ਤਾਲਮੇਲ ਨਾ ਹੋਵੇ, ਪਰ ਸ਼ੁਰਡ ਮਾਰੀਨ ਦੇ ਕਾਰਜਕਾਲ ਹੇਂਠ ਟੀਮ ਦਾ ਤਾਲਮੇਲ ਕਦੇ ਵੀ ਨਹੀਂ ਬਣ ਸਕਿਆ|
ਇਨਾਂ ਹਾਲਾਤਾਂ ਭਾਰਤੀ ਹਾਕੀ ਦੀ ਕਿੰਨੇ ਘੱਟ ਸਮੇਂ ਆਪਣੇ ਆਲੋਚਕਾਂ ਨੂੰ ਜਵਾਬ ਦੇਵੇਗੀ, ਇਹ ਗੱਲ ਦੇਖਣਯੋਗ ਹੋਵੇਗੀ ਅਤੇ ਉਮੀਦ ਹੈ ਹਾਕੀ ਇੰਡੀਆ ਵੀ ਹਾਕੀ ਮੇਚ ਦੌਰਾਨ ਖਿਡਾਰੀਆਂ ਦੀ ਰੋਟੇਸ਼ਨ ਵਾਂਗ ਕੋਚ ਦੀ ਰੋਟੇਸ਼ਨ ਜਲਦ ਬੰਦ ਕਰੇਗੀ|ਕੁੱਲ ਮਿਲਾ ਕੇ ਰਾਸ਼ਟਰਮੰਡਲ ਖੇਡਾਂ ' ਪੁਰਸ਼ ਹਾਕੀ ਦੀ ਹਾਰ ਦੇ ਕਾਰਣ ਰਹੇ ਫੈਸਲੇ, ਤਾਲਮੇਲ ਤੇ ਨਵੇਂ ਪ੍ਰਯੋਗ ਜਿਨ੍ਹਾਂ ਤੋਂ ਜਲਦ ਸਿੱਖ ਕੇ ਅੱਗੇ ਵਧਣ ਦੀ ਜਰੂਰਤ ਹੈ|
ਅਮਰਿੰਦਰ ਗਿੱਦਾ

No comments:

Post a Comment