Thursday 18 April 2013



ਕੀ ਕੁਸ਼ਤੀ ਦੀ ਕਿਸ਼ਤੀ ਲੱਗੇਗੀ ਕਿਨਾਰੇ...?

ਕੁਸ਼ਤੀ ਨੂੰ 2020 ਦੀਆਂ ਓਲੰਪਿਕ ਖੇਡਾਂ ਵਿਚੋਂ ਬਾਹਰ ਕਰ ਦਿੱਤੇ ਜਾਣ ਤੋਂ ਬਾਅਦ ਕਾਫੀ ਦੇਸ਼ ਇਸ ਖੇਡ ਨੂੰ ਵਾਪਿਸ ਓਲੰਪਿਕ ਖੇਡਾਂ ਦੀ ਸੂਚੀ ਵਿਚ ਸ਼ਾਮਿਲ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ, ਅਤੇ ਇਸ ਸੰਘਰਸ਼ ਦੌਰਾਨ ਬਿਨਾ ਸ਼ੱਕ ਕਾਫੀ ਦੇਸ਼ਾਂ ਨੇ ਆਪਣਾ ਬਣਦੀ ਭੂਮਿਕਾ ਅਦਾ ਵੀ ਕੀਤੀ, ਪਰ ਅਜੇ ਵੀ ਸਥਿਤੀ ਕੋਈ ਬਹੁਤੀ ਸਾਫ਼ ਨਜਰ ਨਹੀਂ ਆਉਂਦੀ, ਹਾਂ ਉਮੀਦ ਅਜੇ ਬਾਕੀ ਹੈ ਅਤੇ ਇਸ ਲੇਖ ਵਿਚ ਕੁਸ਼ਤੀ ਦੇ ਇਤਿਹਾਸ ਨਾਲ ਇਸ ਦੇ ਤਾਜ਼ਾ ਹਾਲਾਤਾਂ ਉੱਤੇ ਵੀ ਨਜਰ ਮਾਰਦੇ ਚੱਲਾਂਗੇ|
ਕੁਸ਼ਤੀ ਅਤੇ ਓਲੰਪਿਕ ਖੇਡਾਂ ਦਾ ਰਿਸ਼ਤਾ, ਓਲੰਪਿਕ ਖੇਡਾਂ ਦੀ ਸ਼ੁਰੁਆਤ ਤੋਂ ਲੈ ਕੇ ਹੁਣ ਤੱਕ ਹੈ, ਜਦਕਿ 2020 ਓਲੰਪਿਕ ਖੇਡਾਂ ਵਿਚ ਅਜੇ ਵੀ ਕਈ ਕਿਸਮ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ| ਆਪਣੇ ਹੁਣ ਤਕ ਦੇ ਓਲੰਪਿਕ ਸਫ਼ਰ ਕੁਸ਼ਤੀ ਨੇ ਕਾਫੀ ਕੁਝ ਹਾਸਿਲ ਕੀਤਾ, ਅਤੇ ਇਹ ਲਿਖ ਦੇਣਾ ਵੀ ਅਤਿਕਥਨੀ ਨਹੀਂ ਹੋਵੇਗੀ ਕਿ, ਇਸ ਖੇਡ ਨੇ ਬਾਕੀ ਓਲੰਪਿਕ ਖੇਡਾਂ ਨਾਲੋਂ ਓਲੰਪਿਕ ਦੇ ਹੁਣ ਤੱਕ ਦੇ ਸਫ਼ਰ ਵਿਚ ਸਭ ਤੋਂ ਜਿਆਦਾ ਤਰੱਕੀ ਕੀਤੀ| 1896 ਦੀਆਂ ਓਲੰਪਿਕ ਖੇਡਾਂ ਵਿਚ ਕੁਸ਼ਤੀ ਸ਼ਾਮਿਲ ਸੀ ਅਤੇ ਗਰੀਕੋ ਰੋਮਨ ਓਪਨ ਨਾਮ ਦਾ ਇੱਕੋ ਇੱਕ ਕੁਸ਼ਤੀ ਮੁਕਾਬਲਾ ਇਸ ਵਿਚ ਸ਼ਾਮਿਲ ਸੀ, ਜੋ ਕੇ ਬਾਅਦ ਵਿਚ ਕਿਸੇ ਹੋਰ ਓਲੰਪਿਕ ਖੇਡਾਂ ਦਾ ਹਿੱਸਾ ਨਹੀਂ ਬਣਿਆ| ਸੰਨ 1900 ਵਿਚ ਹੋਈਆਂ ਓਲੰਪਿਕ ਖੇਡਾਂ ਵਿਚ ਕੁਸ਼ਤੀ ਸ਼ਾਮਿਲ ਨਹੀਂ ਸੀ, ਕਿਓਂਕਿ ਉਸ ਸਮੇਂ ਵੀ ਕੁਸ਼ਤੀ ਨੂੰ ਓਲੰਪਿਕ ਖੇਡਾਂ ਦੇ ਖੇਡ ਪ੍ਰੋਗ੍ਰਾਮ ਦਾ ਹਿੱਸਾ ਨਹੀ ਬਣਾਇਆ ਗਿਆ ਸੀ| ਸੰਨ 1904 ਵਿਚ ਹੋਈਆਂ ਓਲੰਪਿਕ ਖੇਡਾਂ ਵਿਚ ਕੁਸ਼ਤੀ ਦੇ ਮੁਕਾਬਲਿਆਂ ਵਿਚ ਗਰੀਕੋ ਰੋਮਨ ਵਰਗ ਨਹੀਂ ਸੀ, ਪਰ ਫ੍ਰੀ ਸਟਾਇਲ ਕੁਸ਼ਤੀ ਨੂੰ ਸ਼ਾਮਿਲ ਕੀਤਾ ਗਿਆ, ਅਤੇ ਨਾਲ ਹੀ ਓਪਨ ਮੁਕਾਬਲਿਆਂ ਦੀ ਥਾਂ ਭਰ ਵਰਗ ਦੇ ਅਧਾਰ ਤੇ ਮੁਕਾਬਲੇ ਕਰਵਾਏ ਜਾਣ ਲੱਗੇ ਅਤੇ ਸੱਤ ਭਰ ਵਰਗਾ ਵਿਚ ਫ੍ਰੀ ਸਟਾਇਲ ਕੁਸ਼ਤੀ ਖੇਡੀ ਗਈ ਸੀ|
ਇਸਤੋਂ ਬਾਅਦ ਕੁਸ਼ਤੀ ਦੇ ਮੁਕਾਬਲੇ ਲਗਾਤਾਰ ਵਧਦੇ ਗਏ ਅਤੇ 1972 ਤੋਂ ਲੈ ਕੇ 1996 ਦੀਆਂ ਓਲੰਪਿਕ ਖੇਡਾਂ ਤੱਕਗਰੀਕੋ ਰੋਮਨ ਅਤੇ ਫ੍ਰੀ ਸਟਾਇਲ ਭਾਰ ਵਰਗਾਂ ਦੇ ਮੁਕਾਬਲਿਆਂ ਦੀ ਕੁੱਲ ਗਿਣਤੀ 20 ਹੋ ਗਈ, ਭਾਵ ਕਿ 20 ਸੋਨ ਤਗਮੇ, 20 ਚਾਂਦੀ ਦੇ ਅਤੇ 20 ਕਾਂਸੀ ਦੇ ਤਗਮੇ ਓਲੰਪਿਕ ਕਮੇਟੀ ਵਲੋਂ ਦਿੱਤੇ ਗਏ ਅਤੇ ਅਸਲ ਵਿਚ ਓਲੰਪਿਕ ਕਮੇਟੀ ਨੂੰ ਇਸ ਖੇਡ ਉੱਤੇ ਆਉਂਦਾ ਖਰਚਾ ਸਭ ਤੋਂ ਜਿਆਦਾ ਚੁਭਦਾ ਦਿਖਾਈ ਦੇ ਰਿਹਾ ਹੈ ਅਤੇ ਇਸ ਗੱਲ ਦਾ ਹਵਾਲਾ ਵੀ ਮੀਡੀਆ ਵਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਖਬਰਾਂ ਵਿਚ ਵੀ ਕੀਤਾ ਜਾ ਚੁੱਕਾ ਹੈ| ਪਰ ਹੁਣ ਸਵਾਲ ਇਹ ਵੀ ਸਾਹਮਣੇ ਆਉਂਦਾ ਹੈ ਕਿ ਇਸ ਖੇਡ ਦਾ ਖਰਚ ਹੀ ਕਿਓਂ ਜਿਆਦਾ ਹੈ, ਅਸਲ ਵਿਚ ਇਸ ਖੇਡ ਨੂੰ ਓਲੰਪਿਕ ਵਿਚ ਸਭ ਤੋਂ ਜਿਆਦਾ ਲੋਕਪ੍ਰਿਯਤਾ ਲੰਦਨ ਓਲੰਪਿਕ ਖੇਡਾਂ ਵਿਚ ਮਿਲੀ, ਜਿਸ ਵਿਚ 109 ਦੇਸ਼ਾਂ ਦੇ 700 ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆ, ਅਤੇ ਬਿਨਾ ਸ਼ੱਕ ਇਸ ਖੇਡ ਦੀ ਵਧ ਰਹੀ ਲੋਕਪ੍ਰਿਯਤਾ ਓਲੰਪਿਕ ਕਮੇਟੀ ਦਾ ਵੱਡਾ ਸਿਰ ਦਰਦ ਹੈ| 2004 ਦੀਆਂ ਓਲੰਪਿਕ ਖੇਡਾਂ ਵਿਚ ਮਹਿਲਾਵਾਂ ਦੀ ਕੁਸ਼ਤੀ ਨੂੰ ਵੀ ਸ਼ਾਮਿਲ ਕੀਤਾ ਗਿਆ, ਜਿਸ ਨਾਲ ਇੱਕ ਗੱਲ ਤਾਂ ਸਾਫ਼ ਹੈ ਕਿ ਓਲੰਪਿਕ ਕਮੇਟੀ ਵੀ ਇਸ ਖੇਡ ਦੀ ਲੋਕਪ੍ਰਿਯਤਾ ਤੋਂ ਭਲੀ ਭਾਂਤ ਵਾਕਿਫ਼ ਹੈ| ਇਹ ਵੀ ਜਰੂਰ ਕਹਿਣਾ ਬਣਦਾ ਹੈ ਕਿ 109 ਦੇਸ਼ਾਂ ਦੇ ਕੁਸ਼ਤੀ ਸੰਘ ਆਪੋ ਆਪਣੇ ਦੇਸ਼ ਦੇ ਓਲੰਪਿਕ ਸੰਘਾਂ ਦੀ ਮਦਦ ਦੇ ਨਾਲ ਓਲੰਪਿਕ ਕਮੇਟੀ ਉੱਤੇ ਵੀ ਜਰੂਰ ਜੋਰ ਪਾਉਣਗੇ ਅਤੇ ਓਲੰਪਿਕ ਕਮੇਟੀ ਦੇ ਇਸੇ ਫੈਂਸਲੇ ਖਿਲਾਫ਼ ਕਈ ਵਿਰੋਧ ਪ੍ਰਦਰਸ਼ਨ ਸਾਹਮਣੇ ਵੀ ਚੁੱਕੇ ਹਨ, ਫਿਰ ਭਾਂਵੇ ਓਹ ਬੁਲਗਾਰੀਆ ਦੇ ਦੋ ਵਾਰ ਦੇ ਸਾਬਕਾ ਓਲੰਪਿਕ ਤਮਗਾ ਜੇਤੂ ਅਤੇ ਮੌਜੂਦਾ ਕੋਚ ਆਰਮੇਨ ਵਲੋਂ ਸ਼ੁਰੂ ਕੀਤੀ ਗਈ ਭੁੱਖ ਹੜ੍ਹਤਾਲ ਹੋਵੇ, ਜਾਂ ਫਿਰ ਜਾਪਾਨ ਵਲੋਂ ਸ਼ੁਰੂ ਕੀਤੀ ਗਈ ਜਨਹਿਤ ਪਟੀਸ਼ਨ ਅਤੇ ਜਾਂ ਫਿਰ ਭਾਰਤ ਵਿਚ ਸ਼ਾਂਤਮਈ ਤਰੀਕੇ ਨਾਲ ਕੱਢੀ ਗਈ ਰੈਲੀ ਹੋਵੇ|
ਹਾਲ ਦੀ ਘੜ੍ਹੀ ਜੋ ਸਥਿਤੀ ਬਣੀ ਹੋਈ ਹੈ, ਉਸ ਅਨੁਸਾਰ ਇੱਕ ਗੱਲ ਤਾਂ ਸਾਫ਼ ਹੈ ਕਿ ਕੁਸ਼ਤੀ ਨੂੰ ਓਲੰਪਿਕ ਦੀਆਂ 26 ਮੁੱਖ ਖੇਡਾਂ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ, ਪਰ ਸਵਾਲ ਇਹ ਹੈ ਕਿ ਹੁਣ ਜਿਨਾ 6 ਖੇਡਾਂ ਨਾਲ ਇਸ ਖੇਡ ਦੀ ਕੁਸ਼ਤੀ ਹੋਵੇਗੀ ਕਿ ਉਨਾਂ ਦੀ ਲੋਕਪ੍ਰਿਯਤਾ 109 ਦੇਸ਼ਾਂ ਵਿਚ ਪਾਈ ਜਾਵੇਗੀ ਕਿ ਨਹੀਂ, ਜੇਕਰ ਇਸਦਾ ਜਵਾਬ ਹਾਂ ਵਿਚ ਹੈ ਤਾਂ ਕੀ ਉਸ ਖੇਡ ਨੂੰ ਸਾਰੇ ਮਹਾਂਦੀਪ ਖੇਡਦੇ ਵੀ ਹਨ ਜਾਂ ਨਹੀਂ? ਕੁਸ਼ਤੀ ਨੂੰ ਜਿਨਾ ਹੋਰ 6 ਖੇਡਾਂ ਨਾਲ ਵੋਟਿੰਗ ਦੇ ਅਧਾਰ ਦੇ ਮੁਕਾਬਲਾ ਕਰਨਾ ਹੈ ਉਸ ਵਿਚ ਬੇਸਬਾਲ, ਸਕੁਏਸ਼, ਕਰਾਟੇ, ਵੇਕਬੋਰਡਿੰਗ, ਵੁਸ਼ੋ ਅਤੇ ਰੋਲਰ ਖੇਡਾਂ ਸ਼ਾਮਿਲ ਹਨ, ਬਿਨਾ ਸ਼ੱਕ ਇਨ੍ਹਾਂ ਖੇਡਾਂ ਦੀ ਲੋਕਪ੍ਰਿਯਤਾ ਕੁਸ਼ਤੀ ਦੇ ਮੁਕਾਬਲੇ ਕਾਫੀ ਘੱਟ ਹੈ, ਪਰ ਸਿਰਫ ਕੁਸ਼ਤੀ ਨੂੰ 2020 ਓਲੰਪਿਕ ਖੇਡਾਂ ਵਿਚ ਸਥਾਨ ਇੰਨਾ ਆਖਣ ਨਾਲ ਹੀ ਨਹੀਂ ਮਿਲੇਗਾ, ਕੁਸ਼ਤੀ ਸੰਘ ਨੂੰ ਵੀ ਆਪਣੀ ਰਾਜਨੀਤੀ ਤੋਂ ਉੱਪਰ ਉੱਠ ਕੇ ਯਤਨ ਕਰਨੇ ਪੈਣਗੇ, ਨਹੀਂ ਤਾਂ ਕੁਸ਼ਤੀ ਖੁਦ ਹੀ ਆਪਣੇ ਆਪ ਚਿੱਤ ਹੋ ਜਾਵੇਗੀ|
ਕੁਸ਼ਤੀ ਨੂੰ ਓਲੰਪਿਕ ਚੋਂ ਬਾਹਰ ਕਰਨ ਦੇ ਐਲਾਨ ਨੂੰ ਲੈ ਕੇ 15 ਫਰਬਰੀ ਨੂੰ ਅੰਤਰਰਾਸ਼ਟਰੀ ਕੁਸ਼ਤੀ ਸੰਘ ਵਲੋਂ ਵੀ ਇੱਕ ਬੈਠਕ ਰਾਖੀ ਗਈ ਸੀ, ਜਿਸ ਵਿਚ ਸੰਘ ਦੇ ਪ੍ਰਧਾਨ ਵਲੋਂ ਓਲੰਪਿਕ ਕਮੇਟੀ ਦੇ ਇਸ ਐਲਾਨ ਦੇ ਪ੍ਰਤੀ ਵਿਸ਼ਵਾਸਮਤ ਹਾਸਿਲ ਕਰਵਾਉਣ ਲਈ ਵੋਟਿੰਗ ਕਰਵਾਈ, ਪਰ ਸਿਰਫ 50 ਪ੍ਰਤੀਸ਼ਤ ਮੈਂਬਰਾਂ ਵਲੋਂ ਹੀ ਇਸ ਮੁੱਦੇ ਤੇ ਹੱਕ ਵਿਚ ਵੋਟਿੰਗ ਕੀਤੀ ਗਈ, ਜਿਸ ਤੋਂ ਬਾਅਦ ਅੰਤਰਰਾਸ਼ਟਰੀ ਕੁਸ਼ਤੀ ਸੰਘ ਦੇ ਪ੍ਰਧਾਨ ਰਾਫੇਲ ਮਾਰਤੀਨਿਤੀ ਵਲੋਂ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਗਿਆ| ਇਸਤੋਂ ਇੱਕ ਗੱਲ ਸਾਫ਼ ਹੈ ਕੀ ਸੰਘ ਵਿਚ ਆਪਸੀ ਰਾਜਨੀਤੀ ਕਾਫੀ ਜਿਆਦਾ ਹਾਵੀ ਹੈ, ਪਰ ਜੇਕਰ ਇਸੇ ਤਰਾਂ ਰਿਹਾ ਤਾਂ ਬਾਂਦਰਾ ਦੀ ਲੜ੍ਹਾਈ ਚੋਂ ਫਾਇਦਾ ਬਿੱਲੀ ਜਰੂਰ ਉਠਾ ਲਵੇਗੀ|
ਓਲੰਪਿਕ ਕਮੇਟੀ ਵਲੋਂ ਜੇਕਰ 2004 ਦੀਆਂ ਓਲੰਪਿਕ ਖੇਡਾਂ ਵਿਚ ਮਹਿਲਾ ਕੁਸ਼ਤੀ ਨੂੰ ਸ਼ਾਮਿਲ ਕੀਤਾ ਗਿਆ ਸੀ, ਤਾਂ ਇੱਕ ਗੱਲ ਸਾਫ਼ ਹੈ ਇਸ ਖੇਡ ਦੀ ਲੋਕਪ੍ਰਿਯਤਾ ਓਲੰਪਿਕ ਕਮੇਟੀ ਵੀ ਜਾਣਦੀ ਹੈ ਅਤੇ ਠੀਕ ਇਸੇ ਹੀ ਧੁਨ ਤੇ ਇਸ ਵਾਰ 2012 ਦੀਆਂ ਲੰਦਨ ਓਲੰਪਿਕ ਖੇਡਾਂ ਵਿਚ ਮਹਿਲਾਂ ਮੁੱਕੇਬਾਜ਼ੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਪਰ ਦੇਖਣਾ ਇਹ ਵੀ ਹੋਵੇਗਾ ਕਿ ਕਿੰਨੀ ਦੇਰ ਮੁੱਕੇਬਾਜ਼ੀ ਵੀ ਓਲੰਪਿਕ ਖੇਡਾਂ ਵਿਚ ਸ਼ਾਮਿਲ ਰਹਿੰਦੀ ਹੈ| ਸਾਲ 2004 ਦੀਆਂ ਓਲੰਪਿਕ ਖੇਡਾਂ ਤੋਂ ਲੈ ਕਿ 2012 ਦੀਆਂ ਲੋੰਦਾਂ ਓਲੰਪਿਕ ਖੇਡਾਂ ਤੱਕ ਕੁਸ਼ਤੀ ਦੇ ਮੁਕਾਬਲਿਆਂ ਦੀ ਗਿਣਤੀ ਵੀ ਘਟ ਕੇ 14 ਰਹਿ ਗਈ ਹੈ, ਹਾਲਾਂਕਿ ਇਸ ਵਿਚ ਮਹਿਲਾਂ ਕੁਸ਼ਤੀ ਸ਼ਾਮਿਲ ਨਹੀਂ ਹੈ, ਪਰ ਇਸਤੋਂ ਪਹਿਲਾਂ ਜਿਵੇਂ ਕਿ ਉੱਪਰ ਵੀ ਜਿਕਰ ਕੀਤਾ ਗਿਆ ਹੈ ਕਿ 1972 ਤੋਂ ਲੈ ਕੇ 1996 ਦੀਆਂ ਓਲੰਪਿਕ ਖੇਡਾਂ ਤੱਕਗਰੀਕੋ ਰੋਮਨ ਅਤੇ ਫ੍ਰੀ ਸਟਾਇਲ ਭਾਰ ਵਰਗਾਂ ਦੇ ਮੁਕਾਬਲਿਆਂ ਦੀ ਕੁੱਲ ਗਿਣਤੀ 20 ਹੋ ਗਈ ਅਤੇ ਉਸ ਸਮੇਂ ਮਹਿਲਾਂ ਕੁਸ਼ਤੀ ਓਲੰਪਿਕ ਵਿਚ ਸ਼ਾਮਿਲ ਵੀ ਨਹੀਂ ਸੀ| ਹੁਣ ਜੇਕਰ ਪਿਛਲੀਆਂ ਤਿੰਨ ਓਲੰਪਿਕ ਖੇਡਾਂ ਵਿਚ ਕੁਸ਼ਤੀ ਦੇ ਮੁਕਾਬਲਿਆਂ ਦੀ ਗਿਣਤੀ ਘਟੀ ਹੈ, ਤਾਂ ਇਸਦੇ ਦੋ ਕਾਰਣ ਹੋ ਸਕਦੇ ਨੇ, ਜਿਸ ਵਿਚ ਅਹਿਮ ਕਾਰਣ ਅੰਤਰਰਾਸ਼ਟਰੀ ਕੁਸ਼ਤੀ ਸੰਘ ਵਿਚ ਚਲ ਰਹੀ ਆਪਸੀ ਰਾਜਨੀਤੀ ਜਾ ਫਿਰ ਦੂਸਰਾ ਕਾਰਣ ਓਲੰਪਿਕ ਕਮੇਟੀ ਦੀ ਕੁਸ਼ਤੀ ਨੂੰ ਹੋਲੀ-ਹੋਲੀ ਖਤਮ ਕਰਨ ਦੀ ਚਾਲ, ਜਾਂ ਫਿਰ ਕਹ ਲਈਏ ਕੇ ਖਰਚਾ ਘਟਾਉਣ ਦੀਆਂ ਤਿਆਰੀਆਂ ਲੈ ਕੁਸ਼ਤੀ ਦੀ ਚੋਣ ਕੀਤੀ ਗਈ| ਇੱਕ ਹੋਰ ਤਰਕ ਨਾਲ ਕਬੱਡੀ ਦੀਆਂ ਓਲੰਪਿਕ ਤੱਕ ਦੀਆਂ ਸੰਭਾਵਨਾਵਾਂ ਨੂੰ ਵੀ ਸਾਫ਼ ਕਰਦੇ ਚਲਦੇ ਹਾਂ, ਭਾਂਵੇ ਕਿ ਇਹ ਵਿਸ਼ਾ ਇਸ ਲੇਖ ਦਾ ਹਿੱਸਾ ਨਹੀਂ ਹੈ, ਜੇਕਰ 109 ਦੇਸ਼ਾ ਦੀ ਨੁਮਾਇੰਦਗੀ ਕਰਨ ਵਾਲੀ ਖੇਡ ਨੂੰ ਓਲੰਪਿਕ ਖਤਰਾ ਪੈਦਾ ਹੋ ਸਕਦਾ ਹੈ ਤਾਂ ਕਬੱਡੀ ਦਾ ਵਿਸ਼ਵ ਕੱਪ ਹੋਣਾ ਅਜੇ ਪੰਜਾਬ ਵਿਚ ਹੋਣੇ ਹੀ ਸੋਭਦਾ ਹੈ, ਸਾਡੇ ਬਾਦਲ ਸਾਹਿਬ ਐਵੇਂ ਹੀ ਲੋਕਾਂ ਨੂੰ ਗਲਤ ਸੁਪਨੇ ਦਿਖਾਉਂਦੇ ਜਾਪਦੇ ਨੇ|

ਵਾਪਿਸ ਕੁਸ਼ਤੀ ਵੱਲ ਰੁਖ ਕਰਦੇ ਹਾਂ, ਕੁਸ਼ਤੀ ਦੇ ਸਰਪ੍ਰਸਤ ਅਸਲ ਵਿਚ ਇਸ ਖੇਡ ਨੂੰ ਨੌਜਵਾਨਾਂ ਦੇ ਦਿਲਾਂ ਤੱਕ ਲਿਜਾਉਣ ਵਿਚ ਅਸਫਲ ਰਹੇ ਨੇ, ਸਿਰਫ ਇੱਕ ਦੋ ਦੇਸ਼ਾਂ ਤੋਂ ਇਲਾਵਾ ਅਤੇ ਇਹ ਵੀ ਇਸਦੇ ਪਤਨ ਦਾ ਇੱਕ ਮੁੱਖ ਕਾਰਣ ਹੈ| ਅਜੇ ਤੱਕ ਕੁਸ਼ਤੀ ਵਿਚ ਕਈ ਓਲੰਪਿਕ ਤਗਮਾ ਜੇਤੂਆਂ ਵਲੋਂ ਕੁਸ਼ਤੀ ਨੂੰ ਵਾਪਿਸ 2020 ਓਲੰਪਿਕ ਖੇਡਾਂ ਵਿਚ ਸ਼ਾਮਿਲ ਕਰਨ ਲੈ ਆਪਣੇ ਤਗਮੇ ਵਾਪਿਸ ਕਰਨ ਦੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ, ਪਰ ਕੀ ਇਨਾਂ ਲਈ ਹਮਦਰਦੀ ਦੇ ਅਧਾਰ ਤੇ ਫੈਂਸਲਾ ਲਿਆ ਜਾ ਸਕੇਗਾ, ਕੀ ਅੰਤਰਰਾਸ਼ਟਰੀ ਕੁਸ਼ਤੀ ਸੰਘ ਆਪਸੀ ਰਾਜਨੀਤੀ ਇੱਕ ਪਾਸੇ ਕਰਕੇ ਕੁਸ਼ਤੀ ਨੂੰ ਵਾਪਿਸ ਉਸਦਾ ਹੱਕ ਦੁਆਉਣ ਸਫਲ ਹੋਵੇਗਾ, ਕੀ ਓਲੰਪਿਕ ਕਮੇਟੀ ਕੁਸ਼ਤੀ ਲਈ ਕੋਈ ਨਵਾਂ ਹੱਲ ਲਿਆ ਸਕੇਗੀ, ਕੀ ਬਾਕੀ 6 ਖੇਡਾਂ ਓਲੰਪਿਕ ਕਮੇਟੀ ਨੂੰ ਵਧੀਆ ਕਰਕੇ ਦਿਖਾਉਣ ਦਾ ਦਾਅਵਾ ਨਹੀਂ ਕਰਨਗੀਆਂ, ਕੀ ਜਾਪਾਨ ਵਲੋਂ ਸ਼ੁਰੂ ਕੀਤੀ ਗਈ ਜਨਹਿਤ ਪਟੀਸ਼ਨ ਦਾ ਫੈਂਸਲਾ ਸਮੇਂ ਸਿਰ ਆਵੇਗਾ? ਜੇਕਰ ਇਨਾਂ ਸਵਾਲਾਂ ਵਿਚੋਂ ਇੱਕ ਵੀ ਸਵਾਲ ਕੁਸ਼ਤੀ ਦੇ ਹੱਕ ਜਾਵੇਗਾ ਤਾਂ 2020 ਓਲੰਪਿਕ ਖੇਡਾਂ ਵਿਚ ਅਸੀਂ ਕੁਸ਼ਤੀ ਨੂੰ ਜਰੂਰ ਦੇਖ ਸਕਦੇ ਹਾਂ, ਜੇਕਰ ਨਹੀਂ ਤਾਂ ਕੁਸ਼ਤੀ ਚਿੱਤ ਸਮਝੋ|
ਅਮਰਿੰਦਰ ਸਿੰਘ ਗਿੱਦਾ
amrinder.gidda@gmail.com