Tuesday 9 September 2014


ਭਾਰਤ ਨੂੰ ਇਸ ਵਾਰ ਕੋਈ ਖੇਡ ਰਤਨ ਕਿਓਂ ਨਹੀਂ ਮਿਲਿਆ...?

​ਹੋਣਹਾਰ ਖਿਡਾਰੀਆਂ ਨੂੰ ਉਨਾਂ ਦਾ ਬਣਦਾ ਮਾਣ ਦੇਣ ਲਈ ਭਾਰਤ ਸਰਕਾਰ ਵਲੋਂ ਸਾਲ 1991-92  ਵਿੱਚ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਦੀ ਸ਼ੁਰੁਆਤ ਕੀਤੀ ਗਈ ਸੀ ਅਤੇ ਸ਼ੁਰੁਆਤ ਹੋਣ ਤੋਂ ਬਾਅਦ ਅਜਿਹਾ ਦੂਸਰੀ ਵਾਰ ਹੋ ਰਿਹਾ ਹੈ ਕਿ ਪੂਰੇ ਭਾਰਤ ਚੋਂ ਕਿਸੇ ਵੀ ਖੇਡ ਚੋਂ ਕਿਸੇ ਵੀ ਖਿਡਾਰੀ ਨੂੰ ਖੇਡ ਰਤਨ ਅਵਾਰਡ ਨਹੀਂ ਦਿੱਤਾ ਜਾ ਰਿਹਾ| ਇਹਨਾਂ ਹਲਾਤਾਂ ਵਿੱਚ ਦੋ ਸਵਾਲ ਜਰੂਰ ਸਾਹਮਣੇ ਆਉਂਦੇ ਹਨ, ਪਹਿਲਾ ਸਵਾਲ ਇਹ ਕਿ ਇਸ ਅਵਾਰਡ ਦੀ ਚੋਣ ਕਰਨ ਵਾਲੀ ਕਮੇਟੀ ਵਲੋਂ ਪੂਰੇ ਭਾਰਤ ਚੋਂ ਕੋਈ ਇੱਕ ਵੀ ਖਿਡਾਰੀ ਕਿਓਂ ਨਹੀਂ ਚੁਣਿਆ ਜਾ ਸਕਿਆ ਅਤੇ ਦੂਸਰਾ ਇਹ ਕਿ ਪੂਰੇ ਭਾਰਤ ਚ ਸਮੇਂ ਦੀਆਂ ਸਰਕਾਰਾਂ ਦੀਆਂ ਖੇਡਾਂ ਪ੍ਰਤੀ ਨੀਤੀਆਂ, ਕੋਈ ਖਿਡਾਰੀ ਕਿਓਂ ਨਹੀਂ ਬਣਾ ਸਕੀਆਂ ਜੋ ਇਸ ਅਵਾਰਡ ਦੇ ਕਾਬਿਲ ਹੋਵੇ?

ਸ਼ੁਰੁਆਤ ਪਹਿਲੇ ਸਵਾਲ ਤੋਂ ਕਰਦੇ ਚੱਲਦੇ ਹਾਂ| ਖੇਡ ਰਤਨ ਅਵਾਰਡ ਦੀ ਚੋਣ ਕਰਨ ਵਾਲੀ ਕਮੇਟੀ ਦੀ, ਇਸ ਅਵਾਰਡ ਦੇ ਸਹੀ ਹੱਕਦਾਰ ਖਿਡਾਰੀ ਦੀ ਚੋਣ ਕਰਨ ਚ ਖਾਸ ਭੂਮਿਕਾ ਰਹਿੰਦੀ ਹੈ| ਅਜੇ ਤੱਕ ਜਿਨ੍ਹਾਂ ਖੇਡਾਂ ਨੂੰ ਇਸ ਮਾਣਮੱਤੇ ਅਵਾਰਡ ਨੂੰ ਹਾਸਿਲ ਕਰਨ ਚ ਸਫਲਤਾ ਹਾਸਿਲ ਹੋਈ ਹੈ ਉਨਾਂ ਚ ਸ਼ਤਰੰਜ, ਬਿਲੀਅਰਡਸ, ਕਿਸ਼ਤੀ ਦੌੜ, ਮੁੱਕੇਬਾਜੀ, ਹਾਕੀ, ਭਾਰਤੋਲਨ, ਟੇਨਿਸ, ਕ੍ਰਿਕੇਟ, ਨਿਸ਼ਾਨੇਬਾਜੀ, ਅਥਲੈਟਿਕ, ਸਨੂਕਰ, ਬੈਡਮਿੰਨਟਨ ਅਤੇ ਕੁਸ਼ਤੀ ਸ਼ਾਮਿਲ ਹਨ| ਇਨਾਂ ਖੇਡਾਂ ਤੋਂ ਇਲਾਵਾ ਵੀ ਭਾਰਤ ਚ ਕਈ ਹੋਰ ਖੇਡਾਂ ਖੇਡੀਆਂ ਜਾਂਦੀਆਂ ਹਨ, ਜਿਨਾਂ ਦੇ ਖਿਡਾਰੀਆਂ ਨੂੰ ਕਦੇ ਕੋਈ ਮੌਕਾ ਨਹੀਂ ਮਿਲਿਆ| ਇਸ ਵਿੱਚ ਸਿਰਫ ਖਿਡਾਰੀਆਂ ਦਾ ਹੀ ਕਸੂਰ ਨਹੀਂ, ਕਸੂਰ ਉਨਾਂ ਖੇਡ ਸੰਸਥਾਵਾਂ ਦਾ ਵੀ ਹੈ ਜੋ ਆਪਣੇ ਅਵੇਸਲੇਪਨ ਕਾਰਨ ਖੇਡ ਰਤਨ ਅਵਾਰਡ ਦੇ ਲਈ ਖਿਡਾਰੀਆਂ ਦੇ ਨਾਮ ਤੱਕ ਪੇਸ਼ ਨਹੀਂ ਕਰਦੀਆਂ| ਚਲੋ ਖੈਰ ਮੁੱਦੇ ਤੇ ਵਾਪਿਸ ਆਉਂਦਿਆਂ ਗੱਲ ਕਰਦੇ ਹਾਂ ਉਨਾਂ ਖਿਡਾਰੀਆਂ ਦੀ ਜਿਨਾਂ ਦੇ ਨਾਮ ਇਸ ਅਵਾਰਡ ਲਈ ਪੇਸ਼ ਕੀਤੇ ਗਏ ਸਨ, ਪਰ ਉਨਾਂ ਵਿਚੋਂ ਕਿਸੇ ਇੱਕ ਨੂੰ ਵੀ ਇਸਦਾ ਹੱਕਦਾਰ ਹੋਣਾ ਠੀਕ ਨਹੀਂ ਸਮਝਿਆ ਗਿਆ| ਇਸ ਵਾਰ ਜਿਨਾਂ ਖਿਡਾਰੀਆਂ ਦੇ ਨਾਮ ਇਸ ਅਵਾਰਡ ਲਈ ਵਿਚਾਰਧੀਨ ਸਨ ਉਨਾਂ ਵਿੱਚ ਗੋਲਫਰ ਜੀਵ ਮਿਲਖਾ ਸਿੰਘ, ਟੇਨਿਸ ਖਿਡਾਰੀ ਸੋਮਦੇਵ ਵਰਮਨ, ਬੈਡਮਿੰਟਨ ਖਿਡਾਰੀ ਪੀਵੀ ਸਿੰਧੁ, ਅਥਲੇਟਿਕਸ ਚੋਂ ਕ੍ਰਿਸ਼ਨਾ ਪੂਨੀਆ ਅਤੇ ਵਿਕਾਸ ਗੌੜਾ, ਪੈਰਾ ਅਥਲੀਟ ਦਵਿੰਦਰ ਅਤੇ ਏਚ ਏਨ ਗਿਰੀਸ਼ਾ ਸ਼ਾਮਿਲ ਸਨ| ਮੀਡੀਆ ਚ ਪ੍ਰਕਾਸ਼ਿਤ ਹੋਈਆਂ ਖਬਰਾਂ ਅਨੁਸਾਰ ਜੀਵ ਮਿਲਖਾ ਸਿੰਘ ਦੇ ਨਾਮ ਦੇ ਕਾਫੀ ਚਰਚਾ ਹੋਈ ਪਰ ਉਸਦੇ ਨਾਲ ਹੀ ਟੇਨਿਸ ਖਿਡਾਰੀ ਸੋਮਦੇਵ ਵਰਮਨ ਦੇ ਨਾਮ ਨੂੰ ਲੈ ਕੇ ਵੀ ਚੋਣ ਕਮੇਟੀ ਵਲੋਂ ਕਾਫੀ ਚਰਚਾ ਕੀਤੀ ਗਈ, ਪਰ ਇਨਾਂ ਦੋਵਾਂ ਖਿਡਾਰੀਆਂ ਚੋਂ ਕਿਸੇ ਨੂੰ ਵੀ ਇਸ ਅਵਾਰਡ ਲਈ ਨਹੀਂ ਚੁਣਿਆ ਗਿਆ| ਹੁਣ ਇਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਇਸਤੋਂ ਪਹਿਲਾਂ ਇਸ ਅਵਾਰਡ ਦੀ ਚੋਣ ਕਾਰਨ ਵਾਲੀ ਕਮੇਟੀ ਵਲੋਂ ਇੱਕੋ ਸਾਲ ਦੋ ਖਿਡਾਰੀਆਂ ਦੇ ਨਾਮ ਵੀ ਚੁਣੇ ਜਾਂਦੇ ਰਹੇ ਹਨ ਅਤੇ ਅਜਿਹਾ ਕੁੱਲ ਮਿਲਾ ਕਿ ਪੰਜ ਵਾਰ ਹੋਇਆ ਹੈ ਜਦ ਕਮੇਟੀ ਵਲੋਂ ਇੱਕੋ ਸਾਲ ਦੋ ਜਾਂ ਦੋ ਤੋਂ ਜਿਆਦਾ ਖਿਡਾਰੀਆਂ ਨੂੰ ਇਹ ਅਵਾਰਡ ਦਿੱਤਾ ਗਿਆ ਹੋਵੇ| ਜੇਕਰ ਪਹਿਲਾਂ ਇਸ ਤਰਾਂ ਹੁੰਦਾ ਆਇਆ ਹੈ ਤਾਂ ਇਸ ਸਾਲ ਚੋਣ ਕਮੇਟੀ ਵਲੋਂ ਇਸ ਤਰਾਂ ਦਾ ਫੈਸਲਾ ਕਿਓਂ ਨਹੀਂ ਲਿਆ ਗਿਆ|

ਯਾਦ ਰਹੇ ਕਿ ਇਸਤੋਂ ਪਹਿਲਾਂ ਵੀ ਸਾਲ 2013 ਚ ਜਦ ਕ੍ਰਿਸ਼ਨਾ ਪੂਨੀਆ ਨੂੰ ਇਸ ਅਵਾਰਡ ਦਾ ਦਾਅਵੇਦਾਰ ਮੰਨਿਆ ਗਿਆ ਸੀ ਤਾਂ ਅਵਾਰਡ ਸਬੰਧੀ ਆਪਣਾ ਨਾਮ ਦੇਰੀ ਨਾਲ ਦੇਣ ਦੇ ਬਾਵਜੂਦ ਵੀ ਨਿਸ਼ਾਨੇਬਾਜੀ ਦੇ ਖਿਡਾਰੀ ਰੰਜਨ ਸੋਢੀ ਨੂੰ ਇਹ ਅਵਾਰਡ ਦਿੱਤਾ ਗਿਆ ਸੀ| ਇਸ ਤੋਂ ਬਾਅਦ ਕ੍ਰਿਸ਼ਨਾ ਪੂਨੀਆ ਵਲੋਂ ਵੀ ਚੋਣ ਕਮੇਟੀ ਖਿਲਾਫ਼ ਵੱਡਾ ਮੋਰਚਾ ਖੋਲਿਆ ਗਿਆ ਸੀ ਅਤੇ ਫਿਰ ਚੋਣ ਕਮੇਟੀ ਦੀ ਕਈ ਦਿੱਗਜ ਖਿਡਾਰੀਆਂ ਵਲੋਂ ਵੀ ਆਲੋਚਨਾ ਕੀਤੀ ਗਈ ਸੀ|  ਹੁਣ ਇਸ ਵਾਰ ਵੀ ਕ੍ਰਿਸ਼ਨਾ ਪੂਨੀਆ ਦਾ ਨਾਮ ਸੰਭਾਵਿਤ ਖਿਡਾਰੀਆਂ ਚ ਸ਼ਾਮਿਲ ਸੀ, ਪਰ ਇਸ ਵਾਰ ਉਸਦੇ ਨਾਮ ਉੱਤੇ ਕੋਈ ਬਹੁਤੀ ਚਰਚਾ ਨਹੀਂ ਹੋਈ ਕਈ ਅਖਬਾਰਾਂ ਚ ਪ੍ਰਕਾਸ਼ਿਤ ਖਬਰਾਂ ਦੇ ਮੁਤਾਬਿਕ ਇਸ ਵਾਰ ਕਮੇਟੀ ਪਿਛਲੀ ਵਾਰ ਹੋਈ ਆਲੋਚਨਾ ਨੂੰ ਵੀ ਠੱਲ ਪਾਉਣੀ ਚਾਹੁੰਦੀ ਸੀ| ਹੁਣ ਸਵਾਲ ਇਹ ਹੈ, ਕਿ ਜੇਕਰ ਇਸ ਤਰਕ ਨੂੰ ਸਹੀ ਮੰਨ ਲਿਆ ਜਾਵੇ ਤਾਂ ਕਿ ਇਸ ਵਾਰ ਕਿਸੇ ਵੀ ਇੱਕ ਖਿਡਾਰੀ ਨੂੰ ਕਮੇਟੀ ਵਲੋਂ ਖੇਡ ਰਤਨ ਅਵਾਰਡ ਨਾ ਦਿੱਤੇ ਜਾਣ ਕਾਰਨ ਜਿੱਥੇ ਚੋਣ ਕਮੇਟੀ ਗਲਤ ਸਾਬਿਤ ਹੁੰਦੀ ਹੈ ਉੱਥੇ ਨਾਲ ਹੀ ਚੋਣ ਕਮੇਟੀ ਵਲੋਂ ਇੱਕ ਵਾਰ ਫਿਰ ਇਸ ਅਵਾਰਡ ਦੇ ਬਣਦੇ ਹੱਕਦਾਰ ਨਾਲ ਧੱਕਾ ਕੀਤਾ ਗਿਆ| ਸੋ ਵਾਪਿਸ ਜੇਕਰ ਪਹਿਲੇ ਸਵਾਲ ਦਾ ਨਿਚੋੜ ਕੱਡਦੇ ਚੱਲੀਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਚੋਣ ਕਮੇਟੀ ਨੇ ਇਸ ਵਾਰ ਆਪਣੀਆਂ ਗਲਤੀਆਂ ਨੂੰ ਸਹੀ ਕਰਨ ਜਾਂ ਲੁਕਾਉਣ ਲਈ ਇਸ ਵਾਰ ਕਿਸੇ ਵੀ ਖਿਡਾਰੀ ਨੂੰ ਖੇਡ ਰਤਨ ਅਵਾਰਡ ਨਾਲ ਸਨਮਾਨਿਤ ਨਹੀਂ ਕੀਤਾ| ਇਸਤੋਂ ਇਲਾਵਾ ਪੈਰਾ ਅਥਲੀਟ ਏਚ ਏਨ ਗਿਰੀਸ਼ਾ ਵਲੋਂ ਵੀ ਚੋਣ ਕਮੇਟੀ ਦੇ ਇਸ ਫੈਸਲੇ ਤੇ ਹੈਰਾਨੀ ਪ੍ਰਗਟਾਈ ਗਈ ਅਤੇ ਬਿਨਾ ਸ਼ੱਕ ਚੋਣ ਕਮੇਟੀ ਨੇ ਸੱਤ ਖਿਡਾਰੀਆਂ ਦੀ ਮਿਹਨਤ ਨੂੰ ਇੱਕ ਪਾਸੇ ਰੱਖਦੇ ਹੋਏ ਆਪਣੀਆਂ ਗਲਤੀਆਂ ਤੇ ਪਰਦਾ ਪਾਉਣਾ ਜਿਆਦਾ ਜਰੂਰੀ ਸਮਝਿਆ, ਜਿਸ ਕਾਰਨ ਇਸ ਵਾਰ ਕਿਸੇ ਵੀ ਖਿਡਾਰੀ ਨੂੰ ਖੇਡ ਰਤਨ ਅਵਾਰਡ ਨਹੀ ਮਿਲਿਆ|

ਚੋਣ ਕਮੇਟੀ ਨੂੰ ਇੱਕ ਪਾਸੇ ਰੱਖਦਿਆਂ, ਹੁਣ ਗੱਲ ਕਰਦੇ ਚੱਲਦੇ ਹਾਂ ਦੂਸਰੇ ਸਵਾਲ ਦੀ, ਕਿ ਪੂਰੇ ਭਾਰਤ ਚ ਸਮੇਂ ਦੀਆਂ ਸਰਕਾਰਾਂ ਦੀਆਂ ਖੇਡਾਂ ਪ੍ਰਤੀ ਨੀਤੀਆਂ, ਕੋਈ ਖਿਡਾਰੀ ਕਿਓਂ ਨਹੀਂ ਬਣਾ ਸਕੀਆਂ ਜੋ ਇਸ ਅਵਾਰਡ ਦੇ ਕਾਬਿਲ ਹੋਵੇ? ਖੈਰ ਭਾਰਤ ਦੀਆਂ ਸਰਕਾਰਾਂ ਦੀ ਖੇਡਾਂ ਪ੍ਰਤੀ ਸੋਚ ਤੇ ਨੀਅਤ ਦਾ ਅੰਦਾਜਾ ਅਸੀਂ ਏਸ਼ੀਅਨ ਖੇਡਾਂ 2014 ਚ ਜਾ ਰਹੇ ਭਾਰਤੀ ਦਲ ਤੋਂ ਵੀ ਲਗਾ ਸਕਦੇ ਹਾਂ ਜਿਸ ਵਿੱਚ ਭਾਰਤੀ ਓਲੰਪਿਕ ਸੰਘ ਵਲੋਂ 942 (ਖਿਡਾਰੀ ਅਤੇ ਕੋਚਿੰਗ ਸਟਾਫ਼) ਮੈਂਬਰਾਂ ਦੀ ਸੂਚੀ ਸੌਂਪੀ ਗਈ ਸੀ ਜਦਕਿ ਇਹ ਗਿਣਤੀ ਘਟਾ ਕੇ 679 (ਖਿਡਾਰੀ ਅਤੇ ਕੋਚਿੰਗ ਸਟਾਫ਼) ਕਰ ਦਿੱਤੀ ਗਈ ਹੈ| ਖੈਰ ਇਹ ਵਿਸ਼ਾ ਵੀ ਆਪਨੇ ਆਪ ਚ ਇੱਕ ਵੱਡਾ ਵਿਸ਼ਾ ਹੈ, ਜਿਸਨੂੰ ਫਿਰ ਕਦੇ ਵਿਚਰਦੇ ਚੱਲਾਂਗੇ, ਪਰ ਖਿਡਾਰੀਆਂ ਦੀ ਗਿਣਤੀ ਘੱਟ ਕਰਨ ਨਾਲ ਕੀ ਭਾਰਤ ਚ ਖੇਡਾਂ ਦਾ ਵਿਸਥਾਰ ਕੀਤਾ ਜਾ ਸਕਦਾ ਹੈ ਜਾਂ ਫਿਰ ਅਸੀਂ ਖੇਡ ਰਤਨ ਅਵਾਰਡ ਨੂੰ ਹਾਸਿਲ ਕਰਨ ਵਾਲੇ ਖਿਡਾਰੀ ਮਿਲ ਸਕਣਗੇ| ਜੇਕਰ ਏਸ਼ੀਆ ਖੇਡਾਂ ਚ ਭਾਰਤੀ ਦਲ ਦੀ ਗੱਲ ਕਰੀਏ ਤਾਂ ਉਸ ਵਿਚ 263 ਵਿਅਕਤੀਆਂ (ਖਿਡਾਰੀ ਅਤੇ ਕੋਚਿੰਗ ਸਟਾਫ਼) ਦੀ ਕਟੌਤੀ ਕੀਤੀ ਗਈ, ਅਤੇ ਜਿਨਾਂ ਖੇਡਾਂ ਨੂੰ ਭਾਰਤੀ ਦਲ ਚ ਸ਼ਾਮਿਲ ਕੀਤਾ ਗਿਆ, ਉਨਾਂ ਖੇਡਾਂ ਦੇ ਖਿਡਾਰੀਆਂ ਨੂੰ ਪਹਿਲਾਂ ਹੀ ਖੇਡ ਰਤਨ ਅਵਾਰਡ ਮਿਲ ਚੁੱਕੇ ਨੇ|

ਖੇਡ ਰਤਨ ਅਵਾਰਡ ਦੇ ਨਾ ਦਿੱਤੇ ਜਾਂ ਦੇ ਕਾਰਨ ਜਿੱਥੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨਾਲ ਵਧੀਕੀ ਹੋਈ ਹੈ, ਉੱਥੇ ਨਾਲ ਹੀ ਇਸ ਤੋਂ ਵੀ ਜਿਆਦਾ ਵਧੀਕੀ ਪਿਛਲੇ ਚਾਰ ਸਾਲਾਂ ਤੋਂ ਏਸ਼ੀਅਨ ਖੇਡਾਂ ਦੀ ਤਿਆਰੀ ਕਰ ਰਹੇ ਖਿਡਾਰੀਆਂ ਨੂੰ ਏਸ਼ੀਅਨ ਖੇਡਾਂ ਤੋਂ ਬਾਹਰ ਕਰਕੇ ਵੀ ਕੀਤੀ ਗਈ ਹੈ| ਮੈਂ ਇੱਥੇ ਭਾਰਤੀ ਖੇਡ ਪ੍ਰਸ਼ੰਸਕਾਂ ਦੇ ਇੱਕ ਖੇਡ ਪ੍ਰਤੀ ਪਿਆਰ ਤੇ ਵੀ ਚੋਟ ਕਰਨੀ ਚਾਹਾਂਗਾ, ਜਿਨਾਂ ਵਲੋਂ ਅਕਸਰ ਕਿਸੇ ਇੱਕ ਖਿਡਾਰੀ ਨੂੰ ਕਿਸੇ ਇੱਕ ਖੇਡ ਟੂਰਨਾਮੇਂਟ ਚੋਂ ਬਾਹਰ ਕੀਤੇ ਜਾਣ ਤੇ ਵੱਡੇ ਪੱਧਰ ਤੇ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਹਨ, ਅੱਜ 263 (ਖਿਡਾਰੀ ਅਤੇ ਕੋਚਿੰਗ ਸਟਾਫ਼) ਵਿਅਕਤੀਆਂ ਨੂੰ ਬਾਹਰ ਕੀਤੇ ਜਾਣ ਦੇ ਬਾਵਜੂਦ ਵੀ ਖੇਡ ਪ੍ਰਸ਼ੰਸ਼ਕ ਕਾਫੀ ਸੁਸਤ ਨਜਰ ਆ ਰਹੇ ਨੇ, ਪਰ ਯਾਦ ਰਹੇ ਇਸੇ ਹੀ ਸੁਸਤ ਵਤੀਰੇ ਦਾ ਫਾਇਦਾ ਸਰਕਾਰ ਵਲੋਂ ਖੇਡਾਂ ਨਾਲ ਸਬੰਧਿਤ ਹਰ ਮਸਲੇ ਚ ਜਰੂਰ ਉਠਾਇਆ ਹੈ| 263 ਵਿਅਕਤੀ ਜਿਨਾਂ ਵਿੱਚ ਬਹੁਤੇ ਖਿਡਾਰੀ ਨੇ, ਉਨਾਂ ਦੀ ਏਸ਼ੀਅਨ ਖੇਡਾਂ ਲਈ ਵਾਰੀ ਹੋਰ ਚਾਰ ਸਾਲਾਂ ਬਾਅਦ ਆਵੇਗੀ, ਪਰ ਹੋ ਸਕਦਾ ਹੈ ਉਨਾਂ ਚੋਂ ਕੁਝ ਜਾਂ ਫਿਰ ਬਹੁਤੇ ਖੇਡ ਜਗਤ ਨੂੰ ਅਲਵਿਦਾ ਹੀ ਕਹਿ ਚੁੱਕੇ ਹੋਣ| ਜੇਕਰ ਅਜਿਹਾ ਹੁੰਦਾ ਹੈ ਤਾਂ, ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਨਾਂ ਚੋਂ ਬਹੁਤੇ ਖਿਡਾਰੀਆਂ ਨੂੰ ਖੇਡ ਰਤਨ ਅਵਾਰਡ ਤਾਂ ਦੂਰ ਅਰਜੁਨ ਅਵਾਰਡ ਵੀ ਨਹੀਂ ਮਿਲੇਗਾ|

ਹੁਣ ਜਦੋਂ ਅਸੀਂ ਇਨਾਂ ਹਾਲਾਤਾਂ ਉੱਤੇ ਨਜਰਸਾਨੀ ਕਰਦੇ ਹਾਂ ਅਤੇ ਇਹ ਗੱਲ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਭਾਰਤੀ ਖੇਡ ਮੰਤਰਾਲੇ, ਸਾਈ ਅਤੇ ਖੇਡ ਸੰਸਥਾਵਾਂ ਵਲੋਂ ਖਿਡਾਰੀਆਂ ਦੇ ਸੁਪਨਿਆਂ ਵੱਲ ਨਾ ਮਾਤਰ ਧਿਆਨ ਹੀ ਹੈ| ਇੱਕ ਪਾਸੇ ਵੱਖ-ਵੱਖ ਅੰਤਰਰਾਸ਼ਟਰੀ ਖੇਡ ਸੰਸਥਾਵਾਂ ਭਾਰਤ ਚ ਖੇਡਾਂ ਨੂੰ ਪ੍ਰੋਤਸਾਹਿਤ ਕਰਨ ਲਈ ਆਪਣਾ ਪੂਰਾ ਜੋਰ ਲਗਾ ਰਹੀਆਂ ਨੇ (ਫਿਰ ਭਾਂਵੇ ਓਹ ਫ਼ੀਫ਼ਾ ਹੀ ਕਿਓਂ ਨਾ ਹੋਵੇ), ਦੂਸਰੇ ਪਾਸੇ ਭਾਰਤੀ ਖੇਡ ਮੰਤਰਾਲਾ ਆਪਣੇ ਹੀ ਦੇਸ਼ ਦੀਆਂ ਖੇਡ ਸੰਸਥਾਵਾਂ ਵਾਸਤੇ ਕੋਈ ਸਟੀਕ ਯੋਜਨਾ ਨਹੀਂ ਪੇਸ਼ ਕਰ ਸਕਿਆ, ਜਿਸਦਾ ਅੰਦਾਜਾ ਅਸੀਂ ਹਰ ਵਿਸ਼ਵ ਪੱਧਰ ਦੀਆਂ ਖੇਡਾਂ ਚ ਭਾਰਤ ਦੀ ਨੁਮਾਇੰਦਗੀ ਅਤੇ ਨਤੀਜਿਆਂ ਤੋਂ ਲਗਾ ਸਕਦੇ ਹਾਂ| ਸਵਾਲ ਸਿਰਫ ਖੇਡ ਰਤਨ ਅਵਾਰਡ ਦਾ ਕਿਸੇ ਇੱਕ ਖਿਡਾਰੀ ਨੂੰ ਨਾਂ ਦਿੱਤੇ ਜਾਣ ਦਾ ਨਹੀਂ ਹੈ, ਸਵਾਲ ਹੈ ਕਿ ਭਾਰਤ ਚ ਹਮੇਸ਼ਾ ਖੇਡ ਨੀਤੀਆਂ ਬਨਾਉਣ ਦੀ ਗੱਲ ਨੂੰ ਅਸੀਂ ਕਦੋਂ ਤੱਕ ਅਣਗੋਲਿਆਂ ਕਰਦੇ ਰਹਾਂਗੇ, ਕਦੋਂ ਤੱਕ ਆਪਣੀ ਉਮਰ ਦੇ 20-25 ਸਾਲ ਮਿਹਨਤ ਕਰਨ ਵਾਲੇ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਮੁਕਾਬਲਿਆਂ ਚ ਖਰਚਾ ਨਾ ਕਰਨ ਦੇ ਬਹਾਨੇ ਨਾਲ ਘਰ ਬੈਠਣ ਲਈ ਮਜਬੂਰ ਕਰਦੇ ਰਹਾਂਗੇ, ਕਦੋਂ ਤੱਕ ਰਾਜਸੀ ਸੱਤ ਮਾਣ ਰਹੇ ਲੋਕ ਖੇਡਾਂ ਦਾ ਘਾਣ ਕਰਦੇ ਰਹਿਣਗੇ, ਕਦੋਂ ਤੱਕ ਆਪਣੀ ਇੱਜ਼ਤ ਬਚਾਉਣ ਲਈ ਖੇਡ ਸੰਸਥਾਵਾਂ ਖਿਡਾਰੀਆਂ ਦਾ ਘਾਣ ਕਰਦੀਆਂ ਰਹਿਣਗੀਆਂ, ਸਾਡੀਆਂ ਖੁਦ ਦੀਆਂ ਖੇਡਾਂ ਚ ਸਰਦਾਰੀ ਗੁਆਉਣ ਤੋਂ ਬਾਅਦ ਕਦੋਂ ਤੱਕ ਅਸੀਂ ਦਰਬਾਰੀ ਵਜੋਂ ਵੀ ਪੂਰੀ ਦੁਨੀਆ ਸਾਹਮਣੇ ਸ਼ਰਮਿੰਦੇ ਹੁੰਦੇ ਰਹਾਂਗੇ? ਜੇਕਰ ਇਨਾਂ ਸਵਾਲਾਂ ਦਾ ਜਵਾਬ ਅੱਜ ਸਾਡੇ ਕੋਲ ਹੁੰਦਾ, ਤਾਂ ਸ਼ਾਇਦ ਦੁਨੀਆ ਦੀ ਦੂਸਰੀ ਵੱਡੀ ਆਬਾਦੀ ਵਾਲੇ ਦੇਸ਼ ਚੋਂ ਸਾਡੇ ਕੋਲ ਸਾਲ 2013-14 ਚ ਖੇਡ ਰਤਨ ਅਵਾਰਡ ਦਾ ਹੱਕ ਰੱਖਣ ਵਾਲਾ ਕੋਈ ਇੱਕ ਖਿਡਾਰੀ ਵੀ ਜਰੂਰ ਹੁੰਦਾ|ਮੇਰਾ ਮੰਨਣਾ ਹੈ ਕਿ, ਖੇਡ ਰਤਨ ਚੁਣਨਾ ਸੌਖਾ ਤਾਂ ਹੁੰਦਾ ਜੇਕਰ ਖੇਡ ਰਤਨ ਦੇ ਯੋਗ ਖਿਡਾਰੀ ਬਨਾਉਣ ਦੇ ਲਈ ਵੀ ਸਮੇਂ ਦੀਆਂ ਸਰਕਾਰਾਂ ਨੇ ਖੇਡਾਂ ਦੇ ਪ੍ਰਤੀ ਆਪਣੀ ਸੋਚ ਚ ਕੋਈ ਰਤਨ ਸ਼ਾਮਿਲ ਕੀਤਾ ਹੁੰਦਾ|

  ​"ਖੇਡ ਰਤਨ ਅਵਾਰਡ" ਦੇ ਇਤਿਹਾਸ ਤੇ ਇੱਕ ਨਜ਼ਰ
- ਖੇਡ ਰਤਨ ਅਵਾਰਡ 1991-92 ਵਿੱਚ ਸ਼ੁਰੂ ਕੀਤਾ ਗਿਆ ਸੀ|
- ਪਹਿਲੀ ਵਾਰ ਇਹ ਅਵਾਰਡ ਵਿਸ਼ਵ ਪ੍ਰਸਿੱਧ ਸ਼ਤਰੰਜ ਖਿਡਾਰੀ ਵਿਸ਼ਵਨਾਥਨ ਆਨੰਦ ਨੂੰ ਦਿੱਤਾ ਗਿਆ ਸੀ|
- 1993-94 ਦੇ ਖੇਡ ਵਰ੍ਹੇ ਲਈ ਇਹ ਅਵਾਰਡ ਕਿਸੇ ਵੀ ਖਿਡਾਰੀ ਨੂੰ ਨਹੀਂ ਦਿੱਤਾ ਗਿਆ|
- 1994-95 ਵਿੱਚ ਪਹਿਲੀ ਵਾਰ ਇਹ ਅਵਾਰਡ ਇੱਕ ਤੋਂ ਵੱਧ ਖਿਡਾਰੀਆਂ ਨੂੰ ਦਿੱਤਾ ਗਿਆ|
- ਅਜੇ ਤੱਕ ਦੇ ਇਤਿਹਾਸ ਵਿੱਚ ਇਹ ਅਵਾਰਡ ਸੱਤ ਵਾਰ ਨਿਸ਼ਾਨੇਬਾਜੀ ਦੇ ਖਿਡਾਰੀਆਂ ਨੇ ਆਪਣੇ ਨਾਮ ਕੀਤਾ|
- ਇਸ ਅਵਾਰਡ ਦੀ ਸ਼ੁਰੁਆਤੀ ਇਨਾਮੀ ਰਾਸ਼ੀ ਪੰਜ ਲੱਖ ਸੀ ਜੋਕਿ 2005 ਚ ਵਧਾ ਕਿ ਸਾਢੇ ਸੱਤ ਲੱਖ ਕਰ ਦਿੱਤੀ ਗਈ ਸੀ|

Amrinder Singh Gidda