Friday 16 October 2015




ਵਿਸ਼ਵ ਹਾਕੀ ਲੀਗ ਫਾਈਨਲ: ਭਾਰਤੀ ਹਾਕੀ ਟੀਮ ਲਈ ਇੱਕ ਹੋਰ ਚਣੌਤੀ


ਨਿਊਜੀਲੈਂਡ ਦੌਰੇ ਤੋਂ ਜਿੱਤ ਕੇ ਪਰਤੀ ਭਾਰਤੀ ਹਾਕੀ ਟੀਮ ਦੇ ਖਿਡਾਰੀ


ਭਾਰਤੀ ਹਾਕੀ ਟੀਮ ਨੇ ਅਕਤੂਬਰ ਮਹੀਨੇ ਨਿਊਜੀਲੈਂਡ ਦੌਰੇ ਤੇ ਖੇਡੀ ਚਾਰ ਟੈਸਟ ਮੈਚਾਂ ਦੀ ਲੜੀ 2-1 ਨਾਲ ਜਿੱਤ ਕਿ ਜਿੱਥੇ ਭਾਰਤੀ ਹਾਕੀ ਪ੍ਰਸ਼ੰਸਕਾ ਨੂੰ ਖੁਸ਼ ਕੀਤਾ ਉੱਥੇ ਨਾਲ ਹੀ ਨਵੰਬਰ ਮਹੀਨੇ, ਭਾਰਤ ਰਾਇਪੁਰ ਵਿਖੇ (27 ਨਵੰਬਰ ਤੋਂ 6 ਦਿਸੰਬਰ) ਏਫ਼ਆਈਏਚ ਵਿਸ਼ਵ ਹਾਕੀ ਲੀਗ ਦੇ ਫਾਈਨਲ ਦੌਰ ਲਈ ਵੀ ਆਪਣੀ ਦਾਅਵੇਦਾਰੀ ਨੂੰ ਮਜਬੂਤ ਕੀਤਾ| ਭਾਰਤੀ ਟੀਮ ਨੂੰ ਨਿਊਜੀਲੈਂਡ ਦੀ ਟੀਮ ਨੇ ਕਾਫੀ ਮਜਬੂਤ ਚਣੌਤੀ ਦਿੱਤੀ ਪਰ ਟੈਸਟ ਲੜੀ ਦਾ ਪਹਿਲਾ ਮੈਚ ਹਾਰਨ ਤੋਂ ਬਾਅਦ ਵੀ ਭਾਰਤੀ ਟੀਮ ਇਸ ਲੜੀ ਨੂੰ ਆਪਣੇ ਨਾਮ ਕਰਨ ਸਫਲ ਰਹੀ ਪਰ ਭਾਰਤੀ ਹਾਕੀ ਟੀਮ ਨੂੰ ਵਿਸ਼ਵ ਹਾਕੀ ਲੀਗ ਦੇ ਫਾਈਨਲ ਦੌਰ ਆਪਣੇ ਤੋਂ ਮਜਬੂਤ ਟੀਮਾਂ ਵਲੋਂ ਵੱਡੀ ਟੱਕਰ ਮਿਲੇਗੀ|


ਸਾਲ 2016 ਰਿਓ ਓਲੰਪਿਕ ਖੇਡਾਂ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਕੋਲ ਅੰਤਰ-ਰਾਸ਼ਟਰੀ ਟੀਮਾਂ ਨਾਲ ਬਹੁਤ ਘੱਟ ਮੈਚ ਖੇਡਣ ਦਾ ਮੌਕਾ ਰਹੇਗਾ, ਸੋ ਇਸਨੂੰ ਦੇਖਦਿਆਂ ਭਾਰਤੀ ਹਾਕੀ ਟੀਮ ਲਈ ਹਰ ਇੱਕ ਮੈਚ ਕਾਫੀ ਜਰੂਰੀ ਹੈ| ਨਿਊਜੀਲੈਂਡ ਦੌਰੇ ਤੇ ਜਿੱਤ ਹਾਸਿਲ ਕਰਨ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਲਈ ਹੁਣ ਅਗਲੀ ਚਣੌਤੀ ਵਿਸ਼ਵ ਲੀਗ ਦੇ ਫਾਈਨਲ ਦੌਰ , ਵੱਡੀਆਂ ਟੀਮਾਂ ਸਾਹਮਣੇ ਆਪਣੇ ਆਪਨੂੰ ਸਾਬਿਤ ਕਰਨ ਰਹੇਗੀ | ਜੇਕਰ ਭਾਰਤੀ ਹਾਕੀ ਟੀਮ ਵਿਸ਼ਵ ਲੀਗ ਦੇ ਫਾਈਨਲ ਦੌਰ ਵਧੀਆ ਪ੍ਰਦਰਸ਼ਨ ਕਰਦੀ ਹੈ ਤਾਂ ਇਸ ਨਾਲ ਓਲੰਪਿਕ ਖੇਡਾਂ ਲਈ ਤਿਆਰੀਆਂ ਨੂੰ ਹੋਰ ਦਮ ਮਿਲੇਗਾ|


ਵਿਸ਼ਵ ਲੀਗ ਦੇ ਫਾਈਨਲ ਦੌਰ ਭਾਰਤੀ ਹਾਕੀ ਟੀਮ ਤੋਂ ਇਲਾਵਾ ਅਰਜਨਟੀਨਾ, ਆਸਟ੍ਰੇਲੀਆ, ਬੇਲਜੀਅਮ, ਕੈਨੇਡਾ, ਬ੍ਰਿਟੇਨ, ਜਰਮਨ ਅਤੇ ਨੀਦਰਲੈਂਡ ਦੀਆਂ ਟੀਮਾਂ ਹਿੱਸਾ ਲੈਣਗੀਆਂ | ਇਨਾਂ ਟੀਮਾਂ ਚੋਂ ਕੈਨੇਡਾ ਦੀ ਇੱਕੋ-ਇੱਕ ਟੀਮ ਅਜਿਹੀ ਹੈ, ਜਿਸਦੀ ਰੈਂਕਿੰਗ ਭਾਰਤੀ ਹਾਕੀ ਟੀਮ ਦੇ ਮੁਕਾਬਲੇ ਘੱਟ ਹੈ, ਬਾਕੀ ਦੀਆਂ ਛੇ ਟੀਮਾਂ ਖਿਲਾਫ਼, ਭਾਰਤੀ ਹਾਕੀ ਟੀਮ ਨੂੰ ਆਪਣੇ ਆਪਨੂੰ ਸਾਬਿਤ ਕਰਨ ਦਾ ਸੁਨਿਹਰਾ ਮੌਕਾ ਰਹੇਗਾ | ਹਾਲਾਂਕਿ ਭਾਰਤੀ ਹਾਕੀ ਟੀਮ ਨੇ ਨਿਊਜੀਲੈਂਡ ਦੀ ਟੀਮ ਨੂੰ ਉਸਦੇ ਹੀ ਘਰ ਮਾਤ ਦੇ ਕਿ ਇਹ ਜਰੂਰ ਸਾਬਿਤ ਕੀਤਾ ਹੈ, ਕਿ ਭਾਰਤੀ ਹਾਕੀ ਟੀਮ ਹੁਣ ਆਪਣੇ ਤੋਂ ਉੱਪਰ ਰੈਂਕਿੰਗ ਵਾਲੀ ਕਿਸੇ ਵੀ ਟੀਮ ਨਾਲ ਟੱਕਰ ਲੈਣ ਲਈ ਤਿਆਰ ਹੈ, ਪਰ ਵਿਸ਼ਵ ਲੀਗ ਦੇ ਫਾਈਨਲ ਦੌਰ ਅਤੇ ਓਲੰਪਿਕ ਖੇਡਾਂ ਤੋਂ ਪਹਿਲਾਂ ਅਸਲ ਇਮਿਤਿਹਾਨ ਹੋਣਾ ਅਜੇ ਬਾਕੀ ਹੈ|


ਵਿਸ਼ਵ ਲੀਗ ਦੇ ਫਾਈਨਲ ਦੌਰ ਭਾਰਤੀ ਟੀਮ ਪੂਲ-ਬੀ ਸ਼ਾਮਿਲ ਹੈ, ਅਤੇ ਇਸ ਪੂਲ ਨੂੰ ਭਾਰਤੀ ਪ੍ਰਸ਼ੰਸਕਾ ਦੇ ਨਜਰੀਏ ਨਾਲ "ਡੇਥ ਪੂਲ" ਵੀ ਕਿਹਾ ਜਾ ਸਕਦਾ ਹੈ, ਕਿਓਂਕਿ ਇਸ ਪੂਲ ਭਾਰਤੀ ਟੀਮ ਤੋਂ ਇਲਾਵਾ ਅਰਜਨਟੀਨਾ, ਜਰਮਨ ਅਤੇ ਨੀਦਰਲੈਂਡ ਦੀਆਂ ਟੀਮਾਂ ਸ਼ਾਮਿਲ ਹਨ ਅਤੇ ਇਹ ਤਿੰਨੋਂ ਟੀਮਾਂ ਭਾਰਤੀ ਹਾਕੀ ਟੀਮ ਦੇ ਮੁਕਾਬਲੇ ਬੇਹਤਰ ਰੈਂਕਿੰਗ ਵਾਲੀਆਂ ਹਨ| ਭਾਰਤੀ ਹਾਕੀ ਟੀਮ ਨੂੰ ਆਖਰੀ ਚਾਰ ਤੱਕ ਪਹੁੰਚਣ ਲਈ ਖੂਬ ਮਿਹਨਤ ਕਰਨੀ ਪਵੇਗੀ ਅਤੇ ਕਿਸੇ ਵੀ ਇੱਕ ਮੈਚ ਨੂੰ ਹਲਕੇ ਲੈਣਾ ਵੀ ਗਲਤੀ ਹੋਵੇਗੀ | ਇੱਕ ਪਾਸੇ ਜਿੱਥੇ  ਭਾਰਤੀ ਹਾਕੀ ਟੀਮ ਆਪਣੇ ਪੂਲ ਉਲਟਫੇਰ ਕਰਨ ਦੀ ਇਛੁੱਕ ਰਹੇਗੀ, ਉੱਥੇ  ਦੂਸਰੇ ਪਾਸੇ ਬਾਕੀ ਟੀਮਾਂ ਆਪਣੀ ਰੈਂਕਿੰਗ ਦੇ ਮੁਤਾਬਿਕ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨਗੀਆਂ|


ਭਾਰਤੀ ਹਾਕੀ ਟੀਮ ਦੇ ਖਿਡਾਰੀ ਵਿਸ਼ਵ ਲੀਗ ਦੇ ਫਾਈਨਲ ਤੋਂ ਬਾਅਦ ਹਾਕੀ ਇੰਡੀਆ ਲੀਗ ਖੇਡਣਗੇ ਅਤੇ ਉਸਤੋਂ ਬਾਅਦ ਅਪ੍ਰੈਲ ਮਹੀਨੇ ਮਲੇਸ਼ਿਆ ਵਿਖੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਿੱਸਾ ਲਵੇਗੀ ਅਤੇ ਓਲੰਪਿਕ ਖੇਡਾਂ ਦੇ ਲਈ ਟ੍ਰੇਨਿੰਗ ਤੋਂ ਪਹਿਲਾਂ ਜੂਨ ਮਹੀਨੇ ਅਰਜਨਟੀਨਾ ਵਿਖੇ ਚੈਂਪੀਅਨ ਟਰਾਫੀ ਵਿਚ ਹਿੱਸਾ ਲਵੇਗੀ (ਹਾਕੀ ਇੰਡੀਆ ਦੀ ਵੈੱਬਸਾਈਟ ਮੁਤਾਬਿਕ)| ਸੋ ਇਸ ਸਾਰਣੀ ਮੁਤਾਬਿਕ ਭਾਰਤੀ ਹਾਕੀ ਟੀਮ ਕੋਲ ਆਪਣੇ ਆਪਨੂੰ ਪਰਖਣ ਅਤੇ ਆਪਣੇ ਤੋਂ ਤਾਕਤਵਰ ਟੀਮਾਂ ਨੂੰ ਚਣੌਤੀ ਦੇਣ ਲਈ ਵਿਸ਼ਵ ਲੀਗ ਦਾ ਫਾਈਨਲ ਦੌਰ ਇੱਕ ਖਾਸ ਮੌਕਾ ਰਹੇਗਾ ਅਤੇ ਉਮੀਦ ਕਰਦੇ ਹਾਂ ਕਿ ਭਾਰਤੀ ਹਾਕੀ ਟੀਮ ਆਪਣੇ ਪ੍ਰਦਰਸ਼ਨ ਦੇ ਨਾਲ ਆਉਣ ਵਾਲੇ ਹੋਰ ਮੁਕਾਬਲਿਆਂ ਲਈ ਆਪਣੀ ਦਾਅਵੇਦਾਰੀ ਹੋਰ ਮਜਬੂਤ ਕਰਦੀ ਚੱਲੇਗੀ|


ਅਮਰਿੰਦਰ (amrinder.gidda@gmail.com)