Thursday 2 November 2017

ਲੱਕੀ ਪੰਡਿਤ : ਸੁਪਨਿਆਂ ਨੂੰ ਜਿਉਣ ਦੀ ਮਿਸਾਲ



ਪੇਟ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ ਅਤੇ ਇਹ ਅਖਾਣ ਵਿਦੇਸ਼ ਚ ਪਰਵਾਸ ਕਰਨ ਵਾਲੇ ਪੰਜਾਬੀਆਂ 'ਤੇ ਹੋਰ ਵੀ ਦੂਣਾ ਹੋ ਢੁੱਕਦਾ ਹੈ | ਵਿਦੇਸ਼ ਦੀ ਤੇਜ਼ ਤਰਾਰ ਜਿੰਦਗੀ 'ਚੋਂ ਸਮਾਂ ਕੱਢ ਕੇ, ਆਪਣੇ ਬਹੁਤ ਸਾਰੇ ਸ਼ੌਂਕਾਂ ਨੂੰ ਭੁਲਾ ਕੇ, ਲੋਕਾਂ ਦੇ ਬੇ-ਹਿਸਾਬ ਸਵਾਲਾਂ ਦਾ ਸਾਹਮਣਾ ਅਤੇ ਪਰਿਵਾਰਕ ਤੌਰ ਤੇ ਵੀ ਕੁਰਬਾਨੀਆਂ ਦੇ ਕੇ ਆਪਣੇ ਸੁਪਨਿਆਂ ਨੂੰ ਜਿਓਣਾ ਇੱਕ ਵੱਡੀ ਮਿਸਾਲ ਹੈ | ਕੁਝ ਇਸੇ ਹੀ ਤਰਾਂ ਦੀ ਮਿਸਾਲ ਹੈ ਲੱਕੀ ਪੰਡਿਤ |

ਲੱਕੀ ਨੇ ਆਪਣੇ ਖਿਡਾਰੀ ਹੋਣ ਦਾ ਸਫ਼ਰ ਕੁਸ਼ਤੀ ਦੀ ਖੇਡ ਤੋਂ ਸ਼ੁਰੂ ਕੀਤਾ ਅਤੇ ਪਹਿਲਾਂ ਉਸਨੇ ਮਿੱਟੀ ਦੀ ਕੁਸ਼ਤੀ 'ਚ ਆਪਣੇ ਆਪ ਨੂੰ ਅਜਮਾਇਆ ਅਤੇ ਫਿਰ 1996 'ਚ ਇਸੇ ਹੀ ਖੇਡ ਨੂੰ ਨਿਖਾਰਦੇ ਹੋਏ ਗੱਦੇ ਦੀ ਕੁਸ਼ਤੀ ਤੱਕ ਦਾ ਸਫ਼ਰ ਤਹਿ ਕੀਤਾ | ਪਰ ਖੇਡਾਂ ਅਤੇ ਸੱਟਾਂ ਦਾ ਸਾਥ ਹਮੇਸ਼ਾ ਹੀ ਰਿਹਾ, ਜਿਸ ਕਾਰਣ ਕਈ ਚੋਟੀ ਦੇ ਖਿਡਾਰੀ ਵੀ ਆਪਣਾ ਨਾਮ ਖੇਡ ਜਗਤ ਦੇ ਨਾਮੀ ਮੁਕਾਬਲਿਆਂ 'ਚ ਦਰਜ ਨਹੀਂ ਕਰਵਾ ਸਕੇ | ਲੱਕੀ ਦੇ ਮੋਢੇ ਅਤੇ ਗੋਡੇ 'ਤੇ ਸੱਟ ਲੱਗਣ ਤੋਂ ਬਾਅਦ ਉਸਨੂੰ ਖੇਡ ਬਦਲਣੀ ਪਈ ਅਤੇ ਉਹ ਫਗਵਾੜਾ ਰਹਿੰਦਿਆਂ ਅਰਵਿੰਦਰ ਸਿੰਘ ਭੋਲਾ ਦੇ ਸੰਪਰਕ 'ਚ ਆਇਆ ਅਤੇ ਲੱਕੀ ਨੇ ਫਿਰ ਬਾਡੀ ਬਿਲਡਿੰਗ ਖੇਡ ਨੂੰ ਅਪਣਾਇਆ | ਅਰਵਿੰਦਰ ਨੇ ਲੱਕੀ ਦੀ ਮਿਹਨਤ ਨੂੰ ਦੇਖਦਿਆਂ ਕਦੇ ਵੀ ਉਸ ਕੋਲੋਂ ਜਿਮ 'ਚ ਟ੍ਰੇਨਿੰਗ ਕਰਨ ਦਾ ਨਿੱਕਾ ਪੈਸਾ ਨਹੀਂ ਲਿਆ |

ਬਾਡੀ ਬਿਲਡਿੰਗ ਖੇਡ 'ਚ ਲੱਕੀ ਨੇ ਡੇਕਸਟਰ ਜੈਕਸਨ ਨੂੰ ਆਦਰਸ਼ ਵਜੋਂ ਚੁਣਿਆ | ਡੇਕਸਟਰ ਜੈਕਸਨ ਨੂੰ ਬਾਡੀ ਬਿਲਡਿੰਗ ਖੇਡ 'ਚ ਬਲੇਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਉਹ 2008 ਚ ਮਿਸਟਰ ਓਲੰਪਿਆ ਵੀ ਰਹੇ ਨੇ | ਬਾਡੀ ਬਿਲਡਿੰਗ ਖੇਡ ਸ਼ੁਰੂ ਕਰਨ ਦੇ ਨਾਲ ਹੀ ਲੱਕੀ ਵਲੋਂ ਇਸ ਖੇਡ 'ਚ ਆਉਣ ਤੋਂ ਬਾਅਦ ਕੀਤੀ ਮਿਹਨਤ ਨੂੰ ਵੀ ਬੂਰ ਪੈਣਾ ਸ਼ੁਰੂ ਹੋ ਗਿਆ ਅਤੇ ਸਾਲ 2005 'ਚ ਲੱਕੀ ਮਿਸਟਰ ਫਗਵਾੜਾ ਅਤੇ 2006 'ਚ ਮਿਸਟਰ ਕਪੂਰਥਲਾ ਬਣਿਆ|  ਉਸਤੋਂ ਬਾਅਦ ਉਨਾਂ ਦੀ ਚੋਣ ਪੰਜਾਬ ਦੀ ਟੀਮ ਲਈ ਹੋਈ | ਸਾਲ 2005 ਚ ਲੱਕੀ ਨੇ ਪੰਜਾਬ ਵਲੋਂ ਖੇਡਦਿਆਂ ਕਾਂਸੀ ਦਾ ਮੈਡਲ ਜਿੱਤਿਆ ਅਤੇ ਇਸ ਸਾਲ ਪੰਜਾਬ ਦੀ ਟੀਮ ਓਵਰਆਲ ਚੈਂਪੀਅਨ ਵੀ ਰਹੀ ਸੀ | ਸਾਲ 2007 ਚ ਲੱਕੀ ਨੂੰ ਮਾਹਿਲਪੁਰ ਖਾਲਸਾ ਕਾਲਜ ਦੇ ਬੈਸਟ ਖਿਡਾਰੀ ਬਣਨ ਦਾ ਮਾਣ ਹਾਸਿਲ ਹੋਇਆ | ਇਸੇ ਦੌਰਾਨ ਲੱਕੀ ਨੇ ਗੁਰੂ ਨਾਨਕ ਦੇਵ ਯੂਨੀਵਰਸਟੀ ਵਲੋਂ ਖੇਡਦਿਆਂ 2005 -06 ਚਾਂਦੀ ਦਾ ਮੈਡਲ ਜਿੱਤਿਆ ਅਤੇ ਫਿਰ 2007 ਚ ਪੰਜਾਬੀ ਯੂਨੀਵਰਸਿਟੀ ਲਈ ਸੋਨੇ ਦਾ ਮੈਡਲ ਜਿੱਤਿਆ |

ਭਾਰਤ 'ਚ ਆਪਣੇ ਇਸ ਸਫਰ ਤੋਂ ਬਾਅਦ ਲੱਕੀ ਨੇ ਆਸਟ੍ਰੇਲੀਆ ਪਰਵਾਸ ਕੀਤਾ ਅਤੇ ਫਿਰ ਸੰਘਰਸ਼ ਦਾ ਅਸਲ ਸਫਰ ਸ਼ੁਰੂ ਹੋਇਆ | 2009 'ਚ ਆਸਟ੍ਰੇਲੀਆ ਆਉਣ ਤੋਂ ਬਾਅਦ ਜਿੰਦਗੀ ਚ ਆਈ ਤਬਦੀਲੀ ਅਤੇ ਜਿੰਮੇਵਾਰੀਆਂ ਨੇ ਲੱਕੀ ਦਾ ਭਾਰ 95 ਕਿੱਲੋ ਤੋਂ ਘਟਾ ਕੇ 60 ਕਿੱਲੋ ਕਰ ਦਿੱਤਾ | 2010 ਚ ਪਹਿਲੀ ਨੌਕਰੀ ਮਿਲੀ ਅਤੇ 6 ਕੁ ਮਹੀਨੇ ਬਾਅਦ ਵਾਪਿਸ ਆਪਣੀ ਖੇਡ ਸ਼ੁਰੂ ਕੀਤੀ | ਆਸਟ੍ਰੇਲੀਆ ਆ ਕੇ ਸਥਾਪਿਤ ਹੋਣ ਦੀ ਕੋਸ਼ਿਸ਼ ਚ ਲੱਕੀ ਪੰਡਿਤ ਆਪਣੇ ਕੰਮ ਤੇ ਪਹੁੰਚਣ ਲਈ 10 ਕਿੱਲੋਮੀਟਰ ਤੱਕ ਤੁਰ ਕੇ ਜਾਂਦਾ ਰਿਹਾ ਅਤੇ ਕਦੇ ਅਜਿਹਾ ਸਮਾਂ ਵੀ ਆਇਆ ਜਦ ਉਸਦੇ ਬੂਟਾਂ ਦਾ ਤਲਾ ਟੁੱਟਣ ਤੇ ਡਾਲਰ ਬਚਾਉਣ ਦੇ ਲਈ ਟੁੱਟੇ ਬੂਟਾਂ ਦੇ ਤਸਮਿਆਂ ਨੂੰ ਤਲੇ ਥੱਲਿਓਂ ਲੰਘਾ ਕੇ ਵੀ ਟੁੱਟੇ ਬੂਟ ਬੰਨਦਾ ਰਿਹਾ | ਇਸ ਦੌਰਾਨ ਲੱਕੀ ਆਪਣੀਆਂ ਪਰਿਵਾਰਕ ਜਿੰਮੇਵਾਰੀਆਂ ਨਿਭਾਉਂਦਾ ਰਿਹਾ, ਪਰ ਨਾਲ ਹੈ ਆਪਣੀ ਖੇਡ ਚ ਮੁੜ ਤੋਂ ਵਾਪਿਸ ਆਉਣ ਨਾਲ ਖੁਸ਼ ਵੀ ਸੀ | ਸਮੇਂ ਦੇ ਨਾਲ-ਨਾਲ ਅੱਗੇ ਵਧਦਿਆਂ ਲੱਕੀ ਨੇ ਟੈਕਸੀ ਚਲਾਉਣੀ ਸ਼ੁਰੂ ਕੀਤੀ ਅਤੇ ਟੈਕਸੀ ਤੋਂ ਹੁੰਦੀ ਕਮਾਈ ਨਾਲ ਉਸਨੇ ਆਪਣੇ ਖਾਣ-ਪੀਣ ਦਾ ਵੀ ਖਾਸ ਖਿਆਲ ਰੱਖਣਾ ਸ਼ੁਰੂ ਕੀਤਾ, ਕਿਓਂਕਿ ਬਾਡੀ ਬਿਲਡਿੰਗ ਦੀ ਖੇਡ ਮੁੱਖ ਤੌਰ ਤੇ ਖਾਣ-ਪੀਣ ਤੇ ਵੀ ਕੇਂਦਰਿਤ ਰਹਿੰਦੀ ਹੈ | 

ਦੋ ਸਾਲ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਲੱਕੀ ਦੇ ਇੱਕ ਵਾਰ ਸੱਟ ਲੱਗੀ ਅਤੇ ਸਾਲ 2013-14 'ਚ ਲੱਕੀ ਫਿਰ ਆਪਣੀ ਖੇਡ ਤੋਂ ਦੂਰ ਰਿਹਾ ਅਤੇ ਜਦੋਂ ਸ਼ਰੀਰਕ ਸੱਟ ਠੀਕ ਹੋਈ ਤਾਂ ਲੱਕੀ ਨੂੰ ਪਰਿਵਾਰਕ ਤੌਰ ਤੇ ਇੱਕ ਸਦਮਾ ਲੱਗਾ ਅਤੇ ਸਾਲ 2015 ਚ ਲੱਕੀ ਦੇ ਪਿਤਾ ਦੀ ਸ਼੍ਰੀ ਚਮਨ ਲਾਲ ਸ਼ਰਮਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ | ਸ਼ਰੀਰਕ ਅਤੇ ਪਰਿਵਾਰਕ ਸੱਟਾਂ ਵੀ ਲੱਕੀ ਦੀ ਮਿਹਨਤ ਘੱਟ ਨਾ ਕਰ ਸਕੀਆਂ ਅਤੇ ਉਹ ਆਪਣੇ ਸੁਪਨਿਆਂ ਨੂੰ ਜਿਓਂਦੇ ਰੱਖਦੇ ਹੋਏ ਆਪਣੀ ਖੇਡ ਚ ਮਿਹਨਤ ਕਰਦਾ ਰਿਹਾ ਤਾਂਕਿ ਚੰਗੇ ਨਤੀਜੇ ਸਾਹਮਣੇ ਆ ਸਕਣ | ਲੱਕੀ ਨੇ ਆਪਣੇ ਮਨ ਚ ਮਿਸਟਰ ਵਿਕਟੋਰੀਆ ਬਨਣ ਦੀ ਠਾਣੀ ਹੋਈ ਸੀ ਅਤੇ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸਨੇ ਆਪਣੇ ਪਿਤਾ ਜੀ ਦੇ ਸਵਰਗਵਾਸ ਹੋਣ ਤੋਂ ਬਾਅਦ ਆਪਣੀ ਮਾਤਾ ਸ਼੍ਰੀਮਤੀ ਤੀਰਥ ਦੇਵੀ ਦੇ ਨਾਲ ਭਾਰਤ ਰਹਿੰਦੀਆਂ ਵੀ ਮਿਸਟਰ ਵਿਕਟੋਰੀਆ ਬਨਣ ਲਈ ਮਿਹਨਤ ਜਾਰੀ ਰੱਖੀ | ਲਗਭਗ 8 ਮਹੀਨੇ ਲੱਕੀ ਨੇ ਨਾ ਸਿਰਫ ਆਪਣੀ ਮਿਹਨਤ ਜਾਰੀ ਰੱਖੀ, ਪਰ ਨਾਲ ਹੀ ਸਰਵਣ ਪੁੱਤ ਬਣਕੇ ਆਪਣੀ ਮਾਂ ਨੂੰ ਵੀ ਭਾਵਨਾਤਮਕ ਸਹਾਰਾ ਦਿੰਦਾ ਰਿਹਾ | ਇਸ ਦੌਰਾਨ ਲੱਕੀ ਦੇ ਪਤਨੀ ਨੇ ਵੀ ਉਨਾਂ ਦਾ ਬਹੁਤ ਸਾਥ ਦਿੱਤਾ ਅਤੇ ਕਿਓਂਕਿ ਆਪਣੀ 2 ਮਹੀਨੇ ਦੀ ਬੇਟੀ ਅਤੇ ਪਤਨੀ ਪ੍ਰੀਤੀ ਸ਼ਰਮਾ ਇਸ ਪੂਰੇ ਸਮੇਂ ਦੌਰਾਨ ਆਸਟ੍ਰੇਲੀਆ 'ਚ ਹੀ ਰਹੇ |

ਮਿਸਟਰ ਵਿਕਟੋਰੀਆ ਦੇ ਮੁਕਾਬਲੇ ਲਈ ਲੱਕੀ ਵਾਪਿਸ ਆਸਟ੍ਰੇਲੀਆ ਆਇਆ ਅਤੇ 2016 ਦਾ ਮਿਸਟਰ ਵਿਕਟੋਰੀਆ (90 ਕਿੱਲੋ) ਬਣਿਆ | ਪਰ ਇਸਦੇ ਨਾਲ ਲੱਕੀ ਦੇ ਸੁਪਨੇ ਪੂਰੇ ਨਹੀਂ ਹੋਏ, ਇਹ ਉਸਦੇ ਸੁਪਨਿਆਂ ਦਾ ਸਿਰਫ ਇੱਕ ਹਿੱਸਾ ਸੀ | ਬਿਨਾ ਸ਼ੱਕ ਬਾਡੀ ਬਿਲਡਿੰਗ ਚ ਡੇਕਸਟਰ ਜੈਕਸਨ ਨੂੰ ਆਪਣਾ ਆਦਰਸ਼ ਮੰਨਣ ਵਾਲੇ ਇਸ ਖਿਡਾਰੀ ਤੋਂ ਲੰਬੀਆਂ ਉਡਾਣਾਂ ਦੀ ਆਸ ਰਾਖੀ ਜਾ ਸਕਦੀ ਹੈ ਅਤੇ ਅਸੀਂ ਆਸ ਕਰਦੇ ਹਾਂ ਕੇ ਆਉਣ ਵਾਲੇ ਸਮੇਂ ਚ ਲੱਕੀ ਆਪਣੇ ਸਿਰੜ ਨਾਲ ਇਸੇ ਤਰਾਂ ਬੁਲੰਦੀਆਂ ਹਾਸਿਲ ਕਰਦਾ ਰਹੇ | ਲੱਕੀ ਨੇ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਬਹੁਤ ਮਿਹਨਤ ਕੀਤੀ, ਖੈਰ ਉਸਦੇ ਕਹਿਣ ਮੁਤਾਬਿਕ ਅਜੇ ਉਸਦੀ ਮਿਹਨਤ ਦਾ ਅਸਲ ਅਰਕ ਨਿੱਕਲਣਾ ਬਾਕੀ ਹੈ, ਜਿਸਦੇ ਲਈ ਸਾਡੀਆਂ ਦੁਆਵਾਂ ਉਸਦੇ ਨਾਲ ਨੇ |

ਅਮਰਿੰਦਰ ਗਿੱਦਾ