Friday 17 April 2015


ਛੋਟੀਆਂ ਟੀਮਾਂ ਨੂੰ ਨਕਾਰਨਾਂ ਕ੍ਰਿਕੇਟ ਦੇ ਹਿੱਤ ਵਿੱਚ ਨਹੀਂ


ਕ੍ਰਿਕਟ ਵਿਸ਼ਵ ਕੱਪ ਵਿੱਚ ਛੋਟੀਆਂ ਟੀਮਾਂ ਵਲੋਂ ਕੀਤੇ ਗਏ ਵੱਡੇ ਪ੍ਰਦਰਸ਼ਨ ਨੂੰ ਹਰ ਇੱਕ ਕ੍ਰਿਕਟ ਪ੍ਰੇਮੀ ਯਾਦ ਜਰੂਰ ਰੱਖਣਾ ਚਾਹੇਗਾ, ਪਰ ਇਸ ਪ੍ਰਦਰਸ਼ਨ ਦੇ ਨਾਲ ਆਉਣ ਵਾਲੇ ਵਿਸ਼ਵ ਕੱਪ ਵਿੱਚ ਆਈਸੀਸੀ ਵਲੋਂ ਟੀਮਾਂ ਦੀ ਗਿਣਤੀ ਚ ਵਾਧਾ ਕੀਤਾ ਜਾਵੇਗਾ ਕੇ ਨਹੀਂ, ਇਹ ਸਿਰਫ ਆਉਣ ਵਾਲਾ ਸਮਾਂ ਹੀ ਦੱਸ ਸਕੇਗਾ| ਆਈਸੀਸੀ ਦੇ ਇਸ ਫੈਸਲੇ ਨਾਲ ਇੱਕ ਪਾਸੇ ਕ੍ਰਿਕਟ ਪ੍ਰੇਮੀ ਵੀ ਕਾਫੀ ਪ੍ਰੇਸ਼ਾਨ ਹਨ, ਦੂਸਰੇ ਪਾਸੇ ਛੋਟੀਆਂ ਟੀਮਾਂ ਵਲੋਂ ਵੀ ਆਈਸੀਸੀ ਦੇ ਇਸ ਫੈਸਲੇ ਦੇ ਪ੍ਰਤੀ ਨਰਾਜਗੀ ਪ੍ਰਗਟ ਕੀਤੀ ਜਾ ਚੁੱਕੀ ਹੈ| ਆਈਸੀਸੀ ਵਲੋਂ ਲਿਆ ਗਿਆ ਇਹ ਫੈਸਲਾ ਜਿਥੇ ਇਨਾਂ ਟੀਮਾਂ ਦੇ ਹੱਕ ਚ ਬਿਲਕੁਲ ਵੀ ਨਹੀਂ ਭੁਗਤਦਾ ਦਿਖਾਈ ਦਿੰਦਾ, ਉਥੇ ਨਾਲ ਹੀ ਖੇਡ ਦੇ ਵਿਕਾਸ ਨੂੰ ਲੈ ਕੇ ਆਈਸੀਸੀ ਦੀਆਂ ਨੀਤੀਆਂ ਤੇ ਵੀ ਸਵਾਲੀਆ ਨਿਸ਼ਾਨ ਲਾਉਣ ਲਈ ਮਜਬੂਰ ਕਰਦਾ ਹੈ|

1975 ਤੋਂ ਲੈ ਕੇ 1983 ਤੱਕ ਦੇ ਸਮੇਂ ਚ ਹੋਏ ਵਿਸ਼ਵ ਕੱਪ ਚ ਭਾਗ ਲੈਣ ਵਾਲੀਆਂ ਟੀਮਾਂ ਦੀ ਗਿਣਤੀ 6 ਤੋਂ 8 ਦੇ ਵਿਚਕਾਰ ਰਹੀ| ਇਸ ਸਮੇਂ ਦੌਰਾਨ ਭਾਰਤੀ ਟੀਮ ਨੂੰ ਸਿਰਫ 1983 ਵਿੱਚ ਹੀ ਸਫਲਤਾ ਮਿਲੀ, ਜਿਸ ਤੋਂ ਬਾਅਦ ਭਾਰਤ ਵਿੱਚ ਇਸ ਖੇਡ ਪ੍ਰਤੀ ਹਰ ਇਕ ਦਾ ਨਜ਼ਰੀਆ ਬਦਲਿਆ ਅਤੇ ਉਸਦੇ ਨਤੀਜੇ ਅਸੀਂ ਅੱਜ ਵੀ ਦੇਖ ਰਹੇਂ ਹਾਂ| ਹੁਣ ਜੇਕਰ ਇਸ ਸਮੇਂ ਦੌਰਾਨ ਵੀ ਭਾਰਤੀ ਟੀਮ ਨੂੰ ਵਿਸ਼ਵ ਕੱਪ ਚ ਸ਼ਾਮਿਲ ਨਾ ਕੀਤਾ ਜਾਂਦਾ, ਤਾਂ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗਾ ਕੇ ਭਾਰਤੀ ਕ੍ਰਿਕਟ ਦੇ ਹਾਲਾਤ ਵੀ ਅੱਜ ਅਰਸ਼ਾਂ ਤੇ ਨਾ ਹੁੰਦੇ| ਇਹ ਕਹਿਣਾ ਵੀ ਬਿਲਕੁਲ ਗਲਤ ਨਹੀਂ ਹੋਵੇਗਾ ਕੇ ਭਾਰਤੀ ਟੀਮ ਦੀ ਸਥਿਤੀ ਵੀ ਉਸ ਸਮੇਂ ਦੇ ਕ੍ਰਿਕਟ ਜਗਤ ਵਿਚ ਅੱਜ ਦੀਆਂ ਕਮਜੋਰ ਟੀਮਾਂ ਦੇ ਬਰਾਬਰ ਹੀ ਸੀ| 

ਇਸੇ ਹੀ ਤਰਾਂ ਸ਼੍ਰੀਲੰਕਾ ਨੂੰ ਵੀ 1979 ਚ ਵਿਸ਼ਵ ਕੱਪ ਚ ਭਾਗ ਲੈਣ ਦਾ ਮੌਕਾ ਮਿਲਿਆ, ਭਾਂਵੇ ਉਸ ਸਮੇਂ ਸ਼੍ਰੀਲੰਕਾ ਟੈਸਟ ਮੈਚ ਖੇਡਾਂ ਵਾਲੇ ਦੇਸ਼ਾਂ ਵਿਚ ਸ਼ਾਮਿਲ ਨਹੀਂ ਸੀ, ਪਰ ਇਸੇ ਹੀ ਦੇਸ਼ ਦੇ ਹਰਫਨਮੌਲਾ ਖਿਡਾਰੀਆਂ ਵਲੋਂ 1996 ਵਿਚ ਵਿਸ਼ਵ ਕੱਪ ਜਿੱਤਿਆ ਗਿਆ| ਹੁਣ ਜੇਕਰ ਅਸੀਂ ਇਨਾ ਦੋ ਉਦਾਹਰਣਾਂ ਤੇ ਹੀ ਨਜ਼ਰ ਮਾਰੀਏ ਤਾਂ ਅਸੀਂ ਉਨਾਂ ਟੀਮਾਂ ਦੀ ਗੱਲ ਕਰ ਰਹੇਂ ਹਨ, ਜਿਨਾ ਵਲੋਂ ਲਗਾਤਾਰ ਅੰਤਰਰਾਸ਼ਟਰੀ ਕ੍ਰਿਕਟ ਵਿਚ ਵੱਡੀਆਂ ਮੱਲਾਂ ਮਾਰੀਆਂ ਗਈਆਂ ਹਨ ਅਤੇ ਇਹ ਤਾਂ ਹੀ ਸੰਭਵ ਹੋ ਸਕਿਆ ਹੈ, ਕਿਓਂਕਿ ਇਨਾਂ ਟੀਮਾਂ ਨੂੰ ਸਮੇਂ ਅਨੁਸਾਰ ਵੱਡੀਆਂ ਟੀਮਾਂ ਨਾਲ ਵੱਡੇ ਮੁਕਾਬਲਿਆਂ ਚ ਭਾਗ ਲੈਣ ਦਾ ਮੌਕਾ ਮਿਲਿਆ| ਇਨਾਂ ਟੀਮਾਂ ਦੇ ਵਿਸ਼ਵ ਕੱਪ ਵਿੱਚ ਭਾਗ ਲੈਣ ਤੋਂ ਬਾਅਦ ਸਚਿਨ, ਰਾਹੁਲ, ਗਾਂਗੁਲੀ, ਸੰਗਕਾਰਾ, ਜੈਵਰਧਨੇ, ਮੁਰਲੀਧਰਨ ਵਰਗੇ ਖਿਡਾਰੀ ਦੇਖਣ ਨੂੰ ਮਿਲੇ, ਜਿਨਾਂ ਵਲੋਂ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਗਏ|

ਕੁਝ ਖੇਡ ਮਾਹਿਰ ਇਸ ਗੱਲ ਦਾ ਤਰਕ ਵੀ ਦਿੰਦੇ ਹਨ, ਕਿ ਵਿਸ਼ਵ ਕੱਪ ਵਿੱਚ ਟੀਮਾਂ ਦੀ ਗਿਣਤੀ ਘੱਟ ਕਰਨਾ ਇਸ ਲੈ ਵੀ ਸਹੀ ਹੈ, ਕਿਓਂਕਿ ਫੁੱਟਬਾਲ ਵਿਸ਼ਵ ਕੱਪ ਵਿੱਚ ਵੀ ਸਾਰੇ ਵਿਸ਼ਵ ਕੱਪ ਖੇਡਾਂ ਵਾਲੇ ਦੇਸ਼ ਹਿੱਸਾ ਨਹੀਂ ਲੈਂਦੇ| ਸਭ ਤੋਂ ਪਹਿਲਾਂ ਤਾਂ ਇਹ ਸਾਫ਼ ਕੇਰ ਦੇਣਾ ਜਰੂਰੀ ਹੈ, ਕਿ ਖੇਡ ਜਗਤ ਵਿੱਚ ਫੁੱਟਬਾਲ ਸਭ ਤੋਂ ਵੱਧ ਖੇਡੀ ਅਤੇ ਦੇਖੇ ਜਾਂ ਵਾਲੀ ਖੇਡ ਹੈ ਅਤੇ ਕ੍ਰਿਕੇਟ ਨੂੰ ਅਜੇ ਇਹ ਸਥਾਨ ਹਾਸਿਲ ਕਰਨ ਲੰਬਾ ਪੈਂਡਾ ਤਹਿ ਕਰਨਾ ਪਵੇਗਾ| 1930 ਤੋਂ ਜਦੋਂ ਫੁੱਟਬਾਲ ਵਿਸ਼ਵ ਕੱਪ ਦੀ ਸ਼ੁਰੁਆਤ ਹੋਈ ਤਾਂ ਉਸ ਸਮੇਂ 13 ਟੀਮਾਂ ਵਲੋਂ ਇਸ ਵਿੱਚ ਭਾਗ ਲਿਆ ਗਿਆ ਸੀ ਜੋ ਕਿ ਆਈਸੀਸੀ ਵਲੋਂ ਆਉਣ ਵਾਲੇ ਕ੍ਰਿਕੇਟ ਵਿਸ਼ਵ ਕੱਪ ਵਿੱਚ ਨਿਰਧਾਰਿਤ ਕੀਤੀਆਂ ਗਈਆਂ 10 ਟੀਮਾਂ ਨਾਲੋਂ ਵੀ ਵੱਧ ਹੈ| ਅਜੋਕੇ ਫੁੱਟਬਾਲ ਵਿਸ਼ਵ ਕੱਪ ਵਿੱਚ 32 ਟੀਮਾਂ ਨੂੰ ਭਾਗ ਲੈਣ ਦਾ ਮੌਕਾ ਮਿਲਦਾ ਹੈ, ਹਾਲਾਂਕਿ ਇਸਤੋਂ ਇਲਾਵਾ ਭਾਰਤ ਵਰਗੀਆਂ ਕਮਜੋਰ ਟੀਮਾਂ ਅਜੇ ਵੀ ਫੁੱਟਬਾਲ ਵਿਸ਼ਵ ਕੱਪ ਦਾ ਕੁਆਲੀਫਾਈ ਰਾਉਂਡ ਖੇਡਦੀਆਂ ਹਨ| ਖੇਡ ਦੇ ਵਿਕਾਸ ਲਈ ਛੋਟੀਆਂ ਟੀਮਾਂ ਨੂੰ ਬਰਾਬਰ ਦੇ ਮੌਕੇ ਦੇਣੇ ਜਰੂਰੀ ਹਨ|

ਆਈਸੀਸੀ ਵਲੋਂ ਅਗਲੇ ਵਿਸ਼ਵ ਕੱਪ ਚ ਟੀਮਾਂ ਦੀ ਗਿਣਤੀ ਘਟਾਉਣ ਦਾ ਫੈਸਲਾ, ਛੋਟੀਆਂ ਟੀਮਾਂ ਵਲੋਂ ਵੀ ਲਗਭਗ ਰੱਦ ਹੀ ਕੀਤਾ ਜਾ ਰਿਹਾ ਹੈ| ਇਸ ਸਬੰਧੀ ਇੱਕ ਘਟਨਾਕ੍ਰਮ ਵੀ ਸਾਂਝਾ ਕੀਤਾ ਜਾ ਸਕਦਾ ਹੈ, ਜੋ ਸਾਨੂ ਇਸੇ ਹੀ ਵਿਸ਼ਵ ਕੱਪ ਚ ਦੇਖਣ ਨੂੰ ਮਿਲਿਆ| ਆਇਰਲੈਂਡ ਦੀ ਟੀਮ ਦਾ ਵਿਸ਼ਵ ਕੱਪ ਚੋਣ ਬਾਹਰ ਹੋ ਜਾਂ ਤੋਂ ਬਾਅਦ, ਆਈਸੀਸੀ ਵਲੋਂ ਸ਼ੋਸ਼ਲ ਮੀਡੀਆ ਤੇ ਆਇਰਲੈਂਡ ਦੀ ਟੀਮ ਲੈ ਕੁਝ ਪ੍ਰਸ਼ੰਸਾ ਵਾਲੇ ਸ਼ਬਦ ਲਿਖੇ ਗਏ ਅਤੇ ਨਾਲ ਇਹ ਵੀ ਲਿਖਿਆ ਦੇਖਣਾ ਹੋਵੇਗਾ ਕਿ ਇਸ ਸਬੰਧੀ ਆਇਰਲੈਂਡ ਟੀਮ ਦੇ ਕਪਤਾਨ ਦਾ ਕਿ ਕਹਿਣਾ ਹੈ| ਇਸਦੇ ਜਵਾਬ ਵਿਚ ਆਇਰਲੈਂਡ ਟੀਮ ਦੇ ਕਪਤਾਨ ਨੇ ਵੀ ਆਈਸੀਸੀ ਵਲੋਂ ਅਗਲੇ ਵਿਸ਼ਵ ਕੱਪ ਚ ਟੀਮਾਂ ਦੀ ਗਿਣਤੀ ਘੱਟ ਕਰੇ ਜਾਣ ਦੇ ਫੈਸਲੇ ਦੇ ਖਿਲਾਫ਼ ਟਿੱਪਣੀ ਕੀਤੀ ਅਤੇ ਨਾਲ ਹੀ ਆਈਸੀਸੀ ਵਲੋਂ ਇਸ ਖੇਡ ਪ੍ਰਤੀ ਅਪਨਾਈ ਜਾ ਰਹੀ ਨੀਤੀ ਪ੍ਰਤੀ ਵੀ ਸਵਾਲ ਖੜਾ ਕੀਤਾ| ਆਇਰਲੈਂਡ ਦੀ ਟੀਮ ਵਲੋਂ ਨਾ ਸਿਰਫ ਇਸ ਵਿਸ਼ਵ ਕੱਪ ਚ, ਬਲਕਿ ਇਸਤੋਂ ਪਹਿਲਾਂ ਹੋਏ ਦੋ ਹੋਰਨਾਂ ਵਿਸ਼ਵ ਕੱਪ ਮੁਕਾਬਲਿਆਂ ਵਿਚ ਵੀ ਵਧੀਆ ਪ੍ਰਦਰਸ਼ਨ ਕੀਤਾ ਗਿਆ| 2015 ਦੇ ਵਿਸ਼ਵ ਕੱਪ ਚ ਆਇਰਲੈਂਡ ਦੀ ਟੀਮ ਤੋਂ ਇਲਾਵਾ ਅਫਗਾਨਿਸਤਾਨ ਦੀ ਟੀਮ ਵਲੋਂ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਸਕਾਟਲੈਂਡ ਦੀ ਟੀਮ ਉੱਤੇ ਜਿੱਤ ਦਰਜ ਕਰਕੇ ਇਤਿਹਾਸ ਰਚਿਆ|



ਅਸਲ ਵਿੱਚ ਛੋਟੀਆਂ ਟੀਮਾਂ ਪ੍ਰਤੀ ਨਕਾਰਾਤਮਕ ਵਤੀਰੇ ਨੂੰ ਬਦਲਣ ਨਾਲ ਹੀ ਕ੍ਰਿਕੇਟ ਦਾ ਵਿਕਾਸ ਇਨਾਂ ਦੇਸ਼ਾਂ ਵਿੱਚ ਸੰਭਵ ਹੋ ਸਕੇਗਾ| ਵਿਸ਼ਵ ਕੱਪ ਦੇ ਦੌਰਾਨ ਛੋਟੀਆਂ ਟੀਮਾਂ ਵਲੋਂ ਕੀਤੇ ਗਏ ਪ੍ਰਦਰਸ਼ਨ ਦੇ ਅਧਾਰ ਤੇ ਆਈਸੀਸੀ ਵਲੋਂ ਆਪਣੇ ਵਲੋਂ ਨਿਰਧਾਰਿਤ ਕੀਤੇ ਜਾ ਚੁੱਕੇ ਫੈਸਲੇ ਨੂੰ ਮੁੜ ਤੋਂ ਵਿਚਾਰਨ ਦੀ ਜਰੂਰਤ ਹੈ, ਪਰ ਅਜੇ ਸ਼ਾਇਦ ਇਹ ਮਾਮਲਾ ਠੰਡੇ ਬਸਤੇ ਚ ਹੀ ਰਹੇਗਾ, ਤੇ ਇਸਦੇ ਕਈ ਕਾਰਨ ਨੇ ਜਿਨਾਂ ਵਿੱਚ ਆਈਸੀਸੀ ਦੇ ਪ੍ਰਸ਼ਾਸ਼ਕੀ ਪੱਧਰ ਤੇ ਹੋ ਘਮਾਸਾਨ ਮੁੱਖ ਕਾਰਨ ਜਰੂਰ ਕਿਹਾ ਜਾ ਸਕਦਾ ਹੈ|

ਅਮਰਿੰਦਰ ਸਿੰਘ ਗਿੱਦਾ