Thursday 9 August 2018


ਕਬੱਡੀ ਹੰਧਿਆਂ ਦੀ, ਰਾਹ ਪਈ ਕੰਡਿਆਂ ਦੀ !


ਕਬੱਡੀ (ਪੰਜਾਬ ਸਟਾਈਲ) ਦੇ ਅੱਜ-ਕੱਲ ਚੱਲਦੇ ਟੂਰਨਾਮੈਂਟ, ਓ ਮੁਆਫ ਕਰਨਾ ਕਬੱਡੀ ਦੇ ਚੱਲਦੇ ਵਿਸ਼ਵ ਕੱਪਾਂ ਦੌਰਾਨ ਅਕਸਰ ਇੱਕ ਗੱਲ ਕਮੈਂਟਰੀ ਕਰਦੇ ਕਮੈਂਟੇਟਰਾਂ ਵਲੋਂ ਕਹੀ ਜਾਂਦੀ ਹੈ, ਕੇ ਪਰਵਾਸੀ ਵੀਰਾਂ ਵਲੋਂ ਕਬੱਡੀ ਨੂੰ ਕੱਖਾਂ ਤੋਂ ਲੱਖਾਂ ਤੱਕ ਪਹੁੰਚਾਇਆ ਗਿਆ | ਬਿਨਾ ਸ਼ੱਕ, ਇਹ ਗੱਲ ਸੋਲਾਂ ਆਨੇ ਸੱਚ ਹੈ ਅਤੇ ਅੱਜ ਦੇ ਦੌਰ 'ਚ ਪਰਵਾਸੀ ਵੀਰਾਂ ਵਲੋਂ ਕਰਵਾਏ ਜਾਂਦੇ ਵਿਸ਼ਵ ਕੱਪਾਂ 'ਚ ਜੇਕਰ ਖਰਚੇ ਤੋਂ ਲੈ ਕੇ ਇਨਾਮੀ ਰਾਸ਼ੀ ਨੂੰ ਮਿਲਾਇਆ ਜਾਵੇ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕੇ ਕਬੱਡੀ ਕਰੋੜਾਂ ਦੀ ਹੋ ਚੁੱਕੀ ਹੈ | ਕੱਖਾਂ ਤੋਂ ਲੱਖਾਂ ਤੱਕ ਅਤੇ ਹੁਣ ਲੱਖਾਂ ਤੋਂ ਕਰੋੜਾਂ ਤੱਕ ਦਾ ਸਫਰ ਤਹਿ ਕਰਨ ਤੋਂ ਬਾਅਦ ਵੀ ਭਵਿੱਖ ਦੇ ਰਾਹ 'ਚ ਰੋੜੇ ਹੀ ਜਾਪਦੇ ਨੇ | ਕਰੋੜਾਂ ਤੋਂ ਵੀ ਕਬੱਡੀ ਭਾਂਵੇ ਅਰਬਾਂ ਦੀ ਹੋ ਜਾਵੇ ਪਰ ਇਸਦੇ ਰਾਹ ਓਦੋਂ ਤੱਕ ਰੋੜੇ ਹੀ ਰਹਿਣਗੇ ਜਦੋਂ ਤੱਕ ਈਰਖਾ ਛੱਡੀ ਨਹੀਂ ਜਾਂਦੀ ਤੇ ਢਾਂਚਾ ਬਣਾਇਆ ਨਹੀਂ ਜਾਂਦਾ | ਖੈਰ, ਜੇਕਰ ਇੱਕ ਨੇ ਢਾਂਚਾ ਬਣਾ ਵੀ ਲਿਆ ਤਾਂ ਈਰਖਾ ਦੇ ਸ਼ਿਕਾਰ ਬਹੁਤੇ ਪਰਵਾਸੀ ਕਬੱਡੀ ਪ੍ਰੋਮੋਟਰਾਂ ਵਲੋਂ ਦੂਸਰੇ ਦਿਨ ਆਪਣਾ ਨਵਾਂ ਢਾਂਚਾ ਬਣਾ ਲੈਣਾ | ਇਸ ਗੱਲ ਉੱਤੇ ਹੱਸਣਾ ਮਨਾ ਹੈ, ਨਹੀਂ ਤੁਸੀਂ ਵੀ ਈਰਖਾ ਦਾ ਸ਼ਿਕਾਰ ਹੋ ਸਕਦੇ ਹੋ | ਚਲੋ ਹੁਣ ਹੱਸ ਲਓ ਅਤੇ ਆਓ ਮਿਲਕੇ ਕਬੱਡੀ ਦੇ ਭਵਿੱਖ ਦੀ ਗੱਲ ਕਰੀਏ |

ਈਰਖਾ ਕਾਰਣ ਕਬੱਡੀ ਵਿਸ਼ਵ ਕੱਪਾਂ ਦੀ ਭਰਮਾਰ:
ਕਬੱਡੀ ਦੇ ਵਿਸ਼ਵ ਕੱਪ ਬਹੁਤ ਸੁਨਣ ਨੂੰ ਮਿਲੇ ਨੇ ਅਤੇ ਬਹੁਤਿਆਂ ਨੂੰ ਸਿਰਫ ਈਰਖਾ ਦੇ ਕਾਰਣ ਹੀ ਕਰਵਾਇਆ ਜਾਂਦਾ ਹੈ | "ਲੈ ਇਨਾਂ ਦੇ ਨਹਿਲੇ ਉੱਤੇ ਦਹਿਲਾ ਮਾਰਾਂਗੇ ਆਪਾਂ", "ਲੈ ਇਨਾਂ ਨੇ ਤਾਂ ਖਿਡਾਰੀਆਂ ਦੇ ਪੈਸੇ ਹੀ ਨੀ ਦਿੱਤੇ ਅਜੇ ਤੱਕ", "ਲੈ ਇਨਾਂ ਨੂੰ ਕੀ ਪਤਾ ਕਬੱਡੀ ਦਾ", "ਲੈ ਅਸੀਂ ਨੀ ਇਨਾਂ ਦੇ ਖਿਡਾਰੀ ਖਿਡਾਉਣੇ" ਅਤੇ ਆਖ਼ਿਰੀ ਪਰ ਸਭ ਤੋਂ ਮਸ਼ਹੂਰ ਜਿਸਤੋਂ ਬਾਅਦ ਪਹਿਲਾ ਜਾਂ ਦੂਸਰਾ ਵਿਸ਼ਵ ਕੱਪ ਕਰਵਾਇਆ ਜਾਂਦਾ "ਲੈ ਇਨਾਂ ਨੇ ਸਾਡੇ ਨਾਲ ਧੱਕਾ ਕੀਤਾ" ਅਤੇ ਹੁਣ ਜੋ ਨਵਾਂ ਚੱਲਿਆ "ਲੈ ਇਨਾਂ ਦੇ ਤਾਂ ਸਾਰੇ ਨਸ਼ਾ ਕਰਕੇ ਖੇਡਦੇ ਪਰ ਸਾਡਾ ਤਾਂ ਇੱਕੋ ਹੀ ਫੜਿਆ ਗਿਆ " | ਇਹ ਸਭ ਕੁਝ ਹੋ ਰਿਹਾ ਕਬੱਡੀ 'ਚ, ਗੱਲ ਕੀ ਪ੍ਰੋਮੋਟਰਾਂ ਵਲੋਂ ਖਿਡਾਰੀ ਵੰਡ ਦਿੱਤੇ ਗਏ ਤੇ ਕਈਆਂ ਨੇ ਤਾਂ ਗੁਰੂਘਰ ਵੀ ਵੰਡ ਲਏ |

ਇੰਨੀ ਈਰਖਾ ਦੇ ਸ਼ਿਕਾਰ ਨੇ ਕੇ ਜਿਸ ਖੇਡ ਮੈਦਾਨ ਉੱਤੇ ਕੋਈ ਪਹਿਲਾਂ "ਵਿਸ਼ਵ ਕੱਪ" ਕਰਵਾ ਲਵੇ ਉਸ ਖੇਡ ਮੈਦਾਨ ਨੂੰ ਵੀ ਨਹੀਂ ਵਰਤਦੇ | ਚਲੋ ਥੋੜਾ ਹੱਸ ਲਈਏ, ਇਥੋਂ ਤੱਕ ਕੇ ਕਲਾਕਾਰ ਵੀ ਇੱਕੋ ਨਹੀਂ ਬਲਾਉਂਦੇ | ਇੰਨੀ ਈਰਖਾ ਦੇ ਮਾਹੌਲ 'ਚ ਜੇਕਰ ਕੋਈ ਇਹ ਸੋਚ ਰੱਖਦਾ ਹੋਵੇ ਕੇ ਉਹ ਅਜੇ ਵੀ ਕਬੱਡੀ ਨੂੰ ਉੱਚੇ ਪੱਧਰ ਤੱਕ ਲੈ ਕੇ ਜਾ ਸਕਣਗੇ, ਤਾਂ ਤੁਹਾਨੂੰ ਮੁਬਾਰਕ ਤੁਹਾਡੀ ਸੋਚ | ਦੇਖਣ 'ਚ ਇਹ ਵੀ ਆਇਆ ਹੈ ਕੇ ਇਸੇ ਈਰਖਾ ਕਾਰਣ ਕਈ ਜਗਾ ਕਬੱਡੀ ਦਾ ਫਾਈਨਲ ਵੀ ਨਹੀਂ ਖੇਡਿਆ ਜਾਂਦਾ, ਭਾਂਵੇ ਦਰਸ਼ਕ ਉਡੀਕੀ ਜਾਣ | ਆਪਣੀ ਬੱਲੇ-ਬੱਲੇ ਅਤੇ ਈਰਖਾ ਨੂੰ ਛੱਡਕੇ, ਪ੍ਰੋਮੋਟਰ ਕਦੇ ਵੀ ਕੋਈ ਅਜਿਹੀ ਸੰਸਥਾ ਨਹੀਂ ਬਣਾਉਣਗੇ ਜਿਸ ਨਾਲ ਕਬੱਡੀ ਨੂੰ ਇੱਕ ਹੀ ਧਾਗੇ ਚ ਪਰੋਇਆ ਜਾ ਸਕੇ, ਚਲੋ ਜੇ ਬਣਾ ਵੀ ਲੈਣ ਤਾਂ ਉਸਤੋਂ ਅਗਲੇ ਮਹੀਨੇ ਹੀ ਦੂਸਰੀ ਧਿਰ ਓਹੋ ਜਿਹੀ ਇੱਕ ਹੋਰ ਸੰਸਥਾ ਬਣਾਵੇਗੀ ਅਤੇ ਪਹਿਲਾਂ ਵਾਲੀ ਤੋਂ ਵੱਡਾ ਨਾਮ ਵੀ ਹੋਵੇਗਾ ਉਸਦਾ | ਈਰਖਾ ਦੇ ਇਸ ਮਾਹੌਲ 'ਚ ਅਜੇ ਤੁਸੀਂ ਘਬਰਾਓ ਨਾ, ਅਜੇ ਹੋਰ ਵਿਸ਼ਵ ਕੱਪ ਦੇਖਣ ਨੂੰ ਮਿਲਣਗੇ ਤੇ ਫਿਰ ਸ਼ਾਇਦ ਸਦਾ ਲਈ ਬੰਦ ਹੋ ਜਾਣਗੇ, ਕਿਓਂਕਿ ਆਉਣ ਵਾਲੀਆਂ ਨਸਲਾਂ ਨੇ ਈਰਖਾ ਦਾ ਸ਼ਿਕਾਰ ਹੋ ਕੇ ਵਿਸ਼ਵ ਕੱਪ ਨਹੀਂ ਕਰਵਾਉਣੇ | ਮੈਂ ਅਕਾਲੀ-ਭਾਜਪਾ ਸਰਕਾਰ ਦੇ ਹਰ ਸਾਲ ਵਿਸ਼ਵ ਕੱਪ ਕਰਵਾਉਣ ਉੱਤੇ ਵੀ ਸਵਾਲ ਚੁੱਕੇ ਸਨ, ਪਰ ਕਈ ਜਗਾ ਤਾਂ ਹੁਣ ਇੱਕੋ ਸੰਸਥਾ ਸਾਲ 'ਚ ਦੋ ਕਰਵਾ ਦਿੰਦੀ ਹੈ, ਇਸ ਵਿਚ ਈਰਖਾ ਤੋਂ ਇਲਾਵਾ ਕੁਝ ਨਹੀਂ |

ਕਬੂਤਰਬਾਜ਼ੀ ਤੋਂ ਬਾਅਦ ਸ਼ੋਸ਼ੇਬਾਜੀ: 
ਇੱਕ ਸਮਾਂ ਸੀ ਜਦ ਕਬੱਡੀ ਨੂੰ ਕਬੂਤਰਬਾਜ਼ੀ ਨਾਲ ਜੋੜਕੇ ਦੇਖਿਆ ਜਾਂਦਾ ਸੀ, ਅੱਜ ਕੱਲ ਇਸ ਵਾਰੇ ਕੋਈ ਜਿਆਦਾ ਜਾਣਕਾਰੀ ਬਾਹਰ ਨਹੀਂ ਆਉਂਦੀ ਜਾ ਕਹੀਏ ਕੇ ਕਬੂਤਰਬਾਜ਼ੀ ਬੰਦ ਹੋ ਗਈ | ਹੋ ਸਕਦਾ ਕਿਤੇ ਨਾ ਕਿਤੇ ਅੱਜ ਵੀ ਇੱਕ-ਦੁੱਕਾ ਕੇਸ ਹੁੰਦੇ ਹੋਣ, ਪਰ ਕਦੇ ਕੋਈ ਕੇਸ ਉਜਾਗਰ ਨਹੀਂ ਹੋਇਆ ਜਾਂ ਕਹੀਏ ਕੇ ਇਸ ਉੱਤੇ ਮਿਹਨਤ ਹੀ ਇੰਨੀ ਕਰ ਲਈ ਕੇ ਕੋਈ ਮਸਲਾ ਬਾਹਰ ਹੀ ਨਹੀਂ ਆਉਂਦਾ | ਉਮੀਦ ਕਰਦੇ ਹਾਂ, ਇਸ ਪੱਖੋਂ ਕਬੱਡੀ ਸਾਫ ਹੋ ਗਈ ਹੋਵੇਗੀ, ਜੇਕਰ ਨਹੀਂ ਤਾਂ ਪ੍ਰੋਮੋਟਰਾਂ ਨੂੰ ਜੋ ਮੰਦਾ ਚੰਗਾ ਆਖਿਆ ਜਾਵੇ ਤਾਂ ਸਹੀ ਹੋਵੇਗਾ | ਹੁਣ ਮਸਲਾ ਸ਼ੋਸ਼ੇਬਾਜੀ ਦਾ ਵੀ ਹੈ, ਉਹ ਵੀ ਬਿਲਕੁਲ ਨਵੇਂ ਪੱਧਰ ਦੀ | ਕਬੱਡੀ ਦੇ ਵਿਕਾਸ ਲਈ ਇੱਕ ਵੀ ਨਵਾਂ ਪੈਸਾ ਨਹੀਂ ਲਾਇਆ ਜਾ ਰਿਹਾ ਅਤੇ ਵਿਸ਼ਵ ਕੱਪ ਕਰਵਾਉਣੇ ਕੋਈ ਵਿਕਾਸ ਨਹੀਂ, ਕਦੇ ਵੀ ਵਿਦੇਸ਼ਾਂ 'ਚ ਕਿਤੇ ਵੀ ਸਬ-ਜੂਨੀਅਰ ਅਤੇ ਜੂਨੀਅਰ ਵਰਗ ਦੇ ਮੁਕਾਬਲੇ ਦੇਖਣ ਨੂੰ ਨਹੀਂ ਮਿਲੇ, ਸਿਰਫ ਵਿਸ਼ਵ ਕੱਪਾਂ ਉੱਤੇ ਹੀ ਆਵਾਗੌਣ ਪੈਸਾ ਵਹਾਇਆ ਜਾ ਰਿਹਾ | ਇਸ ਨਾਲੋਂ ਅੱਧਾ ਪੈਸਾ ਵੀ ਜੇਕਰ ਕਿਸੇ ਹੋਰ ਖੇਡ ਤੇ ਲਾਇਆ ਜਾਵੇ ਤਾਂ ਸਾਨੂੰ ਬੇਹਤਰ ਨਤੀਜੇ ਦੇਖਣ ਨੂੰ ਮਿਲਣਗੇ, ਪਰ ਅਜਿਹਾ ਕਬੱਡੀ ਦੇ ਕੁਝ ਪ੍ਰੋਮੋਟਰਾਂ ਨੇ ਕਰਨਾ ਨਹੀਂ, ਕਿਓਂਕਿ ਫਿਰ "ਵਾਹ-ਵਾਹ ਵੀਰ ਜੀ" ਦਾ ਛੱਜ ਨਹੀਂ ਬੰਨਿਆ ਜਾਣਾ |

ਆਪਣੇ ਪਸੰਦੀਦਾ ਖਿਡਾਰੀਆਂ ਨੂੰ ਪੰਜਾਬ ਤੋਂ ਬੁਲਾਇਆ ਜਾਂਦਾ, ਖਿਡਾਇਆ ਜਾਂਦਾ ਅਤੇ ਸਨਮਾਨਿਤ ਕੀਤਾ ਜਾਂਦਾ, ਚੰਗੀ ਗੱਲ ਹੈ ਪਰ ਕਬੱਡੀ ਦੀ ਅਗਲੀ ਪਨੀਰੀ ਤਿਆਰ ਕਰਨ ਲਈ ਜਿੰਨੇ ਕੁ ਉਪਰਾਲੇ ਨੇ, ਉਹ ਬਿਲਕੁੱਲ ਨਾ-ਮਾਤਰ ਨੇ | ਇਸੇ ਹੀ ਸ਼ੋਸ਼ੇਬਾਜੀ ਕਾਰਣ ਅੱਜ ਤੱਕ ਕਬੱਡੀ ਦਾ ਕੋਈ "ਇੱਕ" ਢਾਂਚਾ ਨਹੀਂ ਬਣ ਸਕਿਆ, ਕੋਈ ਇੱਕ ਵੀ ਨਹੀਂ, ਇਸੇ ਕਾਰਣ ਤਾਂ ਸਾਨੂੰ ਕਬੱਡੀ ਵਿਸ਼ਵ ਕੱਪ 'ਚ ਵੀ ਇੱਕੋ ਦੇਸ਼ ਦੀਆਂ ਦੋ ਟੀਮਾਂ ਖੇਡਦੀਆਂ ਮਿਲ ਜਾਂਦੀਆਂ ਹਨ ਅਤੇ ਕਦੀ ਵਿਸ਼ਵ ਕੱਪ ਚ ਇੱਕ ਦੇਸ਼ ਦੀ ਟੀਮ 'ਚ ਖੇਡਾਂ ਵਾਲੇ ਖਿਡਾਰੀ ਵੀ ਇੱਕੋ ਦੇਸ਼ ਦੇ ਨਹੀਂ ਹੁੰਦੇ, ਸ਼ਾਬਾਸ਼ ਤੁਹਾਡੇ | ਇਨਾਂ ਉਦਾਹਰਨਾਂ ਨਾਲ ਹੀ ਤਾਂ ਇਹ ਦਾਅਵਾ ਕਰਦੇ ਨੇ ਕਬੱਡੀ ਨੂੰ ਓਲੰਪਿਕ ਤੱਕ ਲੈ ਕੇ ਜਾਣ ਦਾ | ਜਿੰਨੇ ਵੀ ਢਾਂਚੇ ਬਣੇ ਨੇ, ਉਹ ਆਪਣੇ ਆਪ ਨੂੰ ਦੂਸਰਿਆਂ ਤੋਂ ਸਰਬੋਤਮ ਹੀ ਮੰਨਦੇ ਨੇ | ਕਈ ਵਾਰ ਤਾਂ ਦਰਸ਼ਕਾਂ ਦੀ ਗਿਣਤੀ ਵਧਾਉਣ ਲਈ ਪਰਵਾਸੀ ਪੰਜਾਬੀ ਪ੍ਰੋਮੋਟਰ ਵੀ ਇਹੋ ਜਿਹੇ ਐਲਾਨ ਕਰਦੇ ਨੇ, ਜੋ ਕਦੇ ਉਹ ਪੂਰੇ ਨਹੀਂ ਕਰਦੇ, ਪਰ ਲੋਕ ਕਬੱਡੀ ਨਾਲ ਪਿਆਰ ਹੋਣ ਦੀ ਖਾਤਰ ਹਰ ਵਾਰ ਉਨਾਂ ਉੱਤੇ ਯਕੀਨ ਕਰਦਿਆਂ ਕਬੱਡੀ ਦੇਖਣ ਜਾਂਦੇ ਨੇ | ਇਨਾਂ ਪ੍ਰੋਮਟਰਾਂ ਦੇ ਕਦੀ ਵੀ ਨਾ ਪੂਰੇ ਹੋ ਸਕਣ ਵਾਲੇ ਐਲਾਨਾਂ 'ਚ ਸ਼ੋਸ਼ੇਬਾਜੀ ਤੋਂ ਇਲਾਵਾ ਕੁਝ ਨਹੀਂ ਹੁੰਦਾ |

ਗੱਪੀਆਂ ਦੇ ਬਿਆਨਾਂ ਦੀ ਜਵਾਬਦੇਹੀ ਕਿਓਂ ਨਹੀਂ:
ਇਹ ਵੀ ਬਹੁਤ ਜਰੂਰੀ ਹੈ, ਬੀਤੇ ਸਾਲਾਂ ਦੌਰਾਨ ਪੰਜਾਬ 'ਚ ਸੱਤਾ 'ਤੇ ਕਾਬਿਜ਼ ਰਹੀ ਅਕਾਲੀ ਭਾਜਪਾ ਸਰਕਾਰ ਦੇ ਕਈ ਲੀਡਰਾਂ ਨੇ (ਬਾਦਲ ਪਰਿਵਾਰ ਸਮੇਤ) ਕਬੱਡੀ ਵਿਸ਼ਵ ਕੱਪ ਕਰਵਾਉਂਦਿਆਂ ਕਬੱਡੀ ਨੂੰ ਓਲੰਪਿਕ ਤੱਕ ਪਹੁੰਚਾਉਣ ਦੀਆਂ ਡੀਂਗਾਂ ਮਾਰ ਦਿੱਤੀਆਂ | ਖੈਰ, ਅਕਾਲੀ-ਭਾਜਪਾ ਸੱਤਾ ਦੇ ਆਖ਼ਿਰੀ ਸਾਲ ਅਖੌਤੀ ਵਿਸ਼ਵ ਕੱਪ ਨਹੀਂ ਕਰਵਾ ਸਕੀ, ਜਿਸ ਦਾ ਮੁੱਖ ਕਾਰਣ ਕਾਫੀ ਟੀਮਾਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੱਸਿਆ ਗਿਆ ਸੀ | ਚੰਗੀ ਗੱਲ ਹੈ, ਪਰ ਵਿਦੇਸ਼ਾ 'ਚੋਂ ਪੰਜਾਬ ਵਿਸ਼ਵ ਕੱਪ ਖੇਡ ਕੇ ਆਈਆਂ ਟੀਮਾਂ ਦੇ ਸੰਚਾਲਕਾਂ ਜਾਂ ਫਿਰ ਪ੍ਰੋਮੋਟਰਾਂ ਵਲੋਂ ਕਦੇ ਇਨਾਂ ਲੀਡਰਾਂ ਵਲੋਂ ਦਿੱਤੇ ਗਏ ਬਿਆਨਾਂ ਵਾਰੇ ਪੁੱਛਿਆ ਹੋਵੇ ਤਾਂ ਮੇਰੀ ਜਾਣਕਾਰੀ ਚ ਵੀ ਵਾਧਾ ਜਰੂਰ ਕਰਨਾ | 

ਓਲੰਪਿਕ ਖੇਡਾਂ ਵਿੱਚ ਕਿਸੇ ਖੇਡ ਨੂੰ ਸ਼ਾਮਿਲ ਕਰਨ ਲਈ ਸਿਰਫ ਗੱਲਾਂ ਦਾ ਕੜਾਹ ਹੀ ਕਾਫੀ ਨਹੀਂ, ਜੋਕਿ ਸਾਡੇ ਨੇਤਾ ਕਬੱਡੀ ਨੂੰ ਓਲੰਪਿਕ ਤੱਕ ਪਹੁੰਚਾਉਣ ਲਈ ਕਰ ਰਹੇ ਨੇ | ਓਲੰਪਿਕ ਵਿੱਚ ਕਿਸੇ ਖੇਡ ਨੂੰ ਆਪਣਾ ਨਾਮ ਸ਼ਾਮਿਲ ਕਰਨ ਲਈ ਉਸ ਖੇਡ ਨਾਲ ਸਬੰਧਿਤ ਖੇਡ ਸੰਸਥਾਵਾਂ ਨੂੰ ਕਾਫੀ ਕੰਮ ਕਰਨ ਦੀ ਜਰੂਰਤ ਹੁੰਦੀ ਹੈ ਅਤੇ ਇਸ ਲਈ ਹਰ ਸਾਲ ਇੱਕ ਵਿਸ਼ਵ ਕੱਪ ਕਰਵਾ ਦੇਣਾ ਹੀ ਕਾਫੀ ਨਹੀਂ | ਓਲੰਪਿਕ ਕਮੇਟੀ ਵਲੋਂ ਬੀਤੇ ਸਾਲਾਂ ਦੌਰਾਨ ਓਲੰਪਿਕ ਵਿੱਚ ਸ਼ਾਮਿਲ ਕੀਤੀਆਂ ਗਈਆਂ ਖੇਡਾਂ ਨੂੰ ਓਲੰਪਿਕ 'ਚ ਬਰਕਰਾਰ ਰੱਖਣ ਲਈ ਸਾਰੀਆਂ ਖੇਡਾਂ ਦਾ ਮੁਲਾਂਕਣ ਕੀਤਾ ਗਿਆ, ਜਿਸ ਵਿੱਚ ਸਿਰਫ ਇਹ ਨਹੀਂ ਦੇਖਿਆ ਗਿਆ ਕਿ ਕਿਸ ਖੇਡ ਨੂੰ ਕਿੰਨੇ ਦੇਸ਼ ਖੇਡਦੇ ਨੇ, ਇਸ ਮੁਲਾਂਕਣ ਵਿੱਚ ਹਰ ਖੇਡ ਨੂੰ ਓਲੰਪਿਕ ਵਿੱਚ ਆਪਣੀ ਭਾਗੀਦਾਰੀ ਜਾਰੀ ਰੱਖਣ ਲਈ ਇੱਕ ਪੇਸ਼ਕਾਰੀ ਦੇਣੀ ਪਈ, ਜਿਸ ਵਿੱਚ ਹਰ ਅੰਤਰਰਾਸ਼ਟਰੀ ਖੇਡ ਸੰਸਥਾ ਵਲੋਂ ਇਹ ਦੱਸਿਆ ਗਿਆ ਕਿ, ਕਿਓਂ ਉਨਾਂ ਦੀ ਖੇਡ ਨੂੰ ਓਲੰਪਿਕ ਵਿੱਚ ਸ਼ਾਮਿਲ ਕੀਤਾ ਜਾਵੇ | ਕਬੱਡੀ ਨੂੰ ਸ਼ਾਮਿਲ ਕਰਨ ਲਈ ਕਿਸੇ ਵਲੋਂ ਵੀ ਕੋਈ ਪੇਸ਼ਕਾਰੀ ਨਹੀਂ ਦਿੱਤੀ ਗਈ, ਖੈਰ ਬਾਦਲ ਅਤੇ ਕੰਪਨੀ ਵਲੋਂ ਦਿੱਤੇ ਜਾਂਦੇ ਬਿਆਨ ਮੇਰੇ ਅੱਗੇ ਸਵਾਲ ਜਰੂਰ ਖੜੇ ਕਰ ਦਿੰਦੇ ਨੇ, ਕਿ ਕਿਓਂ ਇਹ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਅਤੇ ਅਸੀਂ ਆਪਣੇ ਵਾਹ-ਵਾਹ ਦੇ ਛੱਜ ਨੂੰ ਬਚਾਉਣ ਲਈ ਇਨਾਂ ਤੋਂ ਸਵਾਲ ਕਿਓਂ ਨਹੀਂ ਪੁੱਛਦੇ |

ਓਲੰਪਿਕ ਕਮੇਟੀ ਵਲੋਂ ਜਿਨਾਂ ਸ਼ਰਤਾ ਤੇ ਕਿਸੇ ਖੇਡ ਨੂੰ ਓਲੰਪਿਕ ਚ ਸ਼ਾਮਿਲ ਕੀਤਾ ਜਾਂਦਾ ਹੈ, ਉਨਾਂ ਵਿੱਚ ਓਲੰਪਿਕ ਕਮੇਟੀ ਕਿਸੇ ਖੇਡ ਦੇ ਜੂਨੀਅਰ ਅਤੇ ਸੀਨੀਅਰ ਪੱਧਰ ਦੇ ਮੁਕਾਬਲਿਆਂ ਤੇ ਵੀ ਨਜਰ ਮਾਰਦੀ ਹੈ | ਓਲੰਪਿਕ ਕਮੇਟੀ ਇਹ ਵੀ ਦੇਖੇਗੀ ਕਿ ਜੋ ਦੇਸ਼ ਇਸ ਖੇਡ ਨੂੰ ਖੇਡ ਰਹੇ ਹਨ ਕੀ ਉਨਾਂ ਦੇਸ਼ਾਂ ਵਿੱਚ ਰਾਸ਼ਟਰੀ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਕਿ ਨਹੀਂ, ਕੀ ਇਸ ਖੇਡ ਦੇ ਜੂਨੀਅਰ ਪੱਧਰ ਦੇ ਅੰਤਰਰਾਸ਼ਟਰੀ ਮੁਕਾਬਲੇ ਹੁੰਦੇ ਹਨ ਕਿ ਨਹੀਂ? ਕਮੇਟੀ ਇਹ ਵੀ ਦੇਖੇਗੀ ਕਿ ਇਸ ਖੇਡ ਦੀ ਲੋਕਪ੍ਰਿਯਤਾ ਕਿੰਨੀ ਕੁ ਹੈ | ਓਲੰਪਿਕ ਵਿਚ ਕਿਸੇ ਵੀ ਖੇਡ ਨੂੰ ਸ਼ਾਮਿਲ ਹੋਣ ਲਈ ਲਗਭਗ 30 ਮਾਪਦੰਡਾ ਦੇ ਅਧਾਰ ਤੇ ਪਰਖਿਆ ਜਾਂਦਾ ਹੈ | ਵਿਦੇਸ਼ਾਂ ਚ ਬੈਠਕੇ ਇਥੋਂ ਦੇ ਢਾਂਚੇ ਵਾਰੇ ਪੰਜਾਬ ਵਾਸੀਆਂ ਨੂੰ ਦੱਸਣ ਵਾਲਿਆਂ ਨੂੰ ਇਹ ਵੀ ਚਾਹੀਦਾ ਹੈ ਕੇ ਵਿਦੇਸ਼ੀ ਢਾਂਚੇ ਤੋਂ ਨੇਤਾਵਾਂ ਦੇ ਗ਼ਲਤ ਅਤੇ ਬੇਤੁਕੇ ਬਿਆਨਾਂ ਉੱਤੇ ਆਮ ਲੋਕਾਂ ਦਾ ਨਜ਼ਰੀਆ ਵੀ ਜਰੂਰ ਸਿੱਖਣ ਅਤੇ ਪੁੱਛਣ ਉਨਾਂ ਨੇਤਾਵਾਂ ਨੂੰ ਜਿਨ੍ਹਾਂ ਕਿਹਾ ਸੀ ਕੇ ਕਬੱਡੀ 2020 ਦੀਆਂ ਓਲੰਪਿਕ ਖੇਡਾਂ 'ਚ ਦੇਖਣ ਨੂੰ ਮਿਲੇਗੀ, ਨਾਲੇ ਇੱਕਮੁੱਠ ਹੋ ਕੇ ਸੁਖਵੀਰ ਬਾਦਲ ਦਾ ਸੁਪਨਾ ਵੀ ਪੂਰਾ ਕਰੋ |

ਜਦ ਕਿਸੇ ਦੀ ਕਿਸੇ ਪ੍ਰਤੀ ਕੋਈ ਜਵਾਬਦੇਹੀ ਨਹੀਂ ਅਤੇ ਕਬੱਡੀ ਪ੍ਰਤੀ ਆਮ ਲੋਕਾਂ ਦੇ ਪਿਆਰ ਨੂੰ ਛੱਡ ਕੇ ਕਬੱਡੀ ਦਾ ਖੇਤਰ ਪ੍ਰੋਮਟਰਾਂ ਦੀ ਈਰਖਾ ਨਾਲ ਭਰਿਆ ਪਿਆ ਹੋਵੇ ਤੇ ਸ਼ੋਸ਼ੇਬਾਜੀ ਦੀ ਹੱਦ ਹੋ ਚੁੱਕੀ ਹੋਵੇ ਤਾਂ ਇਨਾਂ ਹਾਲਾਤਾਂ 'ਚ ਹੰਧਿਆਂ ਦੀ ਕਬੱਡੀ, ਕੰਡਿਆਂ ਦੇ ਰਾਹ ਪਈ ਜਾਪਦੀ ਹੈ | ਮੇਰੀ ਅਪੀਲ ਹੈ, ਐਵੇਂ ਨਾ ਕਬੱਡੀ ਦਾ ਅਤੇ ਪੈਸੇ ਦਾ ਘਾਣ ਕਰੀ ਜਾਓ, ਕੁਝ ਵੱਖਰਾ ਕਰੋ ਜਿਸਦੇ ਨਤੀਜੇ ਵੀ ਵੱਖਰੇ ਦੇਖਣ ਨੂੰ ਮਿਲਣ ਅਤੇ ਜਿਨਾਂ ਦੇਸ਼ਾਂ ਚ ਰਹਿ ਰਹੇ ਹੋ ਉਨਾਂ ਨੂੰ ਵੀ ਕੁਝ ਦਿੰਦੇ ਚੱਲੀਏ | ਹੁਣ ਸ਼ਾਇਦ ਮੇਰੇ ਤੇ ਕੁਝ ਪ੍ਰੋਮੋਟਰ ਸਵਾਲ ਵੀ ਉਠਾਉਣਗੇ, ਕੇ ਇਸਨੇ ਕਬੱਡੀ ਲਈ ਕੀ ਕੀਤਾ ਪਰ ਵਾਅਦਾ ਕਰਦਾ ਮੈਂ ਈਰਖਾ ਦਾ ਸ਼ਿਕਾਰ ਹੋ ਕੇ ਇੱਕ ਹੋਰ ਵਿਸ਼ਵ ਕੱਪ ਨਹੀਂ ਕਰਵਾਉਂਦਾ, ਸਿਰਫ ਅਗਲੇ ਲੇਖ ਦਾ ਇੰਤਜਾਰ ਕਰਨਾ ਜਰੂਰ ਦੱਸਾਂਗਾ ਕੇ ਕੀ ਕੁਝ ਹੋਰ ਹੋ ਸਕਦਾ, ਪਰ ਗੱਲ "ਈਰਖਾ ਦਾ ਛੱਜ" ਛੱਡ ਕੇ ਸੁਣਿਓ |

ਅਮਰਿੰਦਰ ਗਿੱਦਾ