Wednesday 13 March 2013


ਕੱਖਾਂ ਤੋਂ ਲੱਖਾਂ ਤੋਂ ਬਾਅਦ, ਕਬੱਡੀ ਦੀਆਂ ਸੰਭਾਵਨਾਵਾਂ


ਪੰਜਾਬ ਸਟਾਇਲ ਕਬੱਡੀ ਜਿਸਨੂੰ ਕਿ ਅਸੀਂ ਮਾਂ ਖੇਡ ਵੀ ਕਹਿੰਦੇ ਹਾਂ, ਇਸ ਖੇਡ ਨੇ ਪਿਛਲੇ ਦੋ ਦਹਾਕਿਆਂ ਤੋਂ ਕਾਫੀ ਕੁਝ ਹਾਸਿਲ ਕੀਤਾ| ਇਨ੍ਹਾਂ ਦੋ ਦਹਾਕਿਆਂ ਦੇ ਸਫ਼ਰ ਤੋਂ ਬਾਅਦ ਹੁਣ ਜਦ ਅਕਸਰ ਅਸੀਂ ਕਬੱਡੀ ਦੇ ਮੁਕਾਬਲੇ ਦੇਖਦੇ ਹਾਂ, ਤਾਂ ਅਕਸਰ ਕਿਹਾ ਜਾਂਦਾ ਹੈ ਕਿ ਕੱਖਾਂ ਦੀ ਕਬੱਡੀ ਲੱਖਾਂ ਦੀ ਹੋ ਗਈ, ਪਰ ਹੁਣ ਇਹ ਵੀ ਕਿਹਾ ਜਾ ਸਕਦਾ ਹੈ ਕਿ ਕਬੱਡੀ ਲੱਖਾਂ ਤੋਂ ਕਰੋੜਾਂ ਦੀ ਹੋ ਚੁੱਕੀ ਹੈ| ਪੰਜਾਬ ਦੀ ਮਾਂ ਖੇਡ ਲਈ ਇਹ ਖੁਸ਼ੀ ਦੀ ਗੱਲ ਹੈ, ਪਰ ਪਿਛਲੇ ਦੋ ਦਹਾਕਿਆਂ ਵਿੱਚ ਕਬੱਡੀ ਤੇ ਰਾਜਨੀਤੀ ਹਾਵੀ ਨਹੀਂ ਸੀ, ਜਿਸ ਕਾਰਣ ਇਸਦਾ ਵਿਕਾਸ ਪੰਜਾਬ ਵਿੱਚ ਬਾਕੀ ਖੇਡਾਂ ਨਾਲੋਂ ਜਿਆਦਾ ਤੇਜੀ ਨਾਲ ਹੋਇਆ, ਪਰ ਬਿਨਾ ਰਾਜਨੀਤੀ ਤੋਂ ਕੱਖਾਂ ਤੋਂ ਲੱਖਾਂ ਤੱਕ ਅਤੇ ਰਾਜਨੀਤੀ ਤੋਂ ਬਾਅਦ ਲੱਖਾਂ ਤੋਂ ਕਰੋੜਾਂ ਤੱਕ ਪਹੁੰਚਣ ਵਾਲੀ ਇਸ ਮਾਂ ਖੇਡ ਦੀਆਂ ਸੰਭਾਵਨਾਵਾਂ ਪ੍ਰਤੀ ਕਈ ਵੱਡੇ ਸਵਾਲ ਵੀ ਸਾਹਮਣੇ ਆਉਂਦੇ ਹਨ|
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਬੱਡੀ ਹਰ ਇੱਕ ਪੰਜਾਬੀ ਦੀ ਲਾਡਲੀ ਖੇਡ ਹੈ, ਤੇ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇਸੇ ਹੀ ਲਾਡ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਕਬੱਡੀ ਨੂੰ ਇਸ ਮੁਕਾਮ ਤਕ ਪਹੁੰਚਾਇਆ ਹੈ, ਪਰ ਇਸ ਵਿੱਚ ਆਈ ਰਾਜਨੀਤੀ ਕਾਰਣ ਕਬੱਡੀ ਦੇ ਅਕਸ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਕਾਫੀ ਵਧ ਚੁੱਕੀਆਂ ਨੇ| ਹਾਕੀ ਵਿੱਚ ਹਾਲਾਂਕਿ ਰਾਜਨੀਤੀ ਨਹੀ ਪਰ ਧੜੇਬਾਜੀ ਹੋਣ ਕਾਰਣ ਹੀ ਅਸੀਂ ਹਾਕੀ ਦਾ ਓਹ ਹਸ਼ਰ ਦੇਖ ਰਹੇਂ ਹਾਂ, ਜਿਸਨੂੰ ਕੋਈ ਵੀ ਦੇਖਣਾ ਪਸੰਦ ਨਹੀਂ ਕਰਦਾ, ਹਾਲਾਂਕਿ ਹਾਕੀ ਦਾ ਇਹ ਹਸ਼ਰ ਕਾਫੀ ਲੰਬੇ ਸਮੇਂ ਤੋਂ ਚੱਲੀ ਆ ਰਾਜੀ ਧੜੇਬਾਜੀ ਕਾਰਣ ਹੈ, ਪਰ ਕਬੱਡੀ ਵਿੱਚ ਧੜੇਬਾਜੀ ਹਾਕੀ ਨਾਲੋਂ ਕਿਤੇ ਜਿਆਦਾ ਹੈ, ਪਰ ਰਾਜਨੀਤੀ ਦੇ ਕਾਰਣ ਇਸ ਖੇਡ ਵਿੱਚ ਧੜੇਬਾਜੀ ਉੱਤੇ ਬਲਦੀ ਤੇ ਤੇਲ ਪੈਣ ਦੇ ਆਸਾਰ ਕੁਝ ਜਿਆਦਾ ਨਜਰ ਆ ਰਹੇ ਹਨ|
ਝਾਤ ਮਾਰਦੇ ਚੱਲਦੇ ਹਾਂ 2011 ਚ ਹੋਏ ਕਬੱਡੀ ਵਿਸ਼ਵ ਕੱਪ ਤੇ, ਜਿਸ ਵਿੱਚ "ਵਿਸ਼ਵ ਕੱਪ" ਦੀ ਆਪਣੀ ਪਰਿਭਾਸ਼ਾ ਹੀ ਰਾਜਨੀਤੀ ਦੇ ਮਕਸਦਾਂ ਕਾਰਣ ਬਦਲ ਦਿੱਤੀ ਗਈ, ਕਿਓਂਕਿ ਕੋਈ ਵੀ ਵਿਸ਼ਵ ਕੱਪ ਚਾਰ ਸਾਲਾਂ ਬਾਅਦ ਆਜੋਯਿਤ ਕੀਤਾ ਜਾਂਦਾ ਹੈ, ਪਰ ਖੇਡਾਂ ਦਾ ਸਹਾਰਾ ਲੈ ਕੇ ਰਾਜਨੀਤੀ ਕਰਨ ਦੇ ਇਰਾਦੇ ਅਤੇ ਪੰਜਾਬ ਦੇ ਲੋਕਾਂ ਦਾ ਧਿਆਨ ਹੋਰ ਸਮਾਜਿਕ ਮੁੱਦਿਆਂ ਤੋ ਹਟਾਉਣ ਲਈ, ਇਸ ਵਿਸ਼ਵ ਕੱਪ ਦਾ ਆਜੋਯਨ ਇੱਕ ਸਾਲ ਬਾਅਦ ਹੀ ਕਰ ਦਿੱਤਾ ਗਿਆ| ਖੈਰ ਜੇਕਰ ਮੈਂ ਖੁਦ ਦਾ ਰਾਜਨੀਤੀ ਵਾਲਾ ਵਿਚਾਰ ਤਿਆਗ ਵੀ ਦਿੰਦਾ ਹਾਂ, ਤਾਂ ਵੀ ਹਰ ਸਾਲ ਕਬੱਡੀ ਵਿਸ਼ਵ ਕੱਪ ਦੇ ਆਜੋਯਨ ਸਬੰਧੀ ਖੇਡਾਂ ਦੇ ਨਿਯਮਾਂ ਦਾ ਹਵਾਲਾ ਦੇ ਸਕਦਾ ਹਾਂ| ਹਰ ਕੋਈ ਕਬੱਡੀ ਨੂੰ ਓਲੰਪਿਕ ਤੱਕ ਦੇਖਣ ਦੀ ਉਮੀਦ ਲਗਾਈ ਬੈਠਾ ਹੈ, ਪਰ ਹੁਣ ਕਬੱਡੀ ਕਰਕੇ ਓਲੰਪਿਕ ਖੇਡਾਂ ਤਾਂ ਹਰ ਸਾਲ ਤਾਂ ਨਹੀਂ ਹੋ ਸਕਦੀਆਂ? ਬੇਸ਼ੱਕ ਅਸੀਂ ਕਬੱਡੀ ਨੂੰ ਲੈ ਕੇ ਆਪਣੇ ਮੁੱਢਲੇ ਸਫ਼ਰ ਵਿੱਚ ਹਾਂ, ਪਰ ਇਨਾਂ ਮੁੱਢਲੇ ਸਾਲਾਂ ਦੌਰਾਨ ਸਾਨੂੰ ਹੋਰ ਵੀ ਜਿਆਦਾ ਸੁਚੇਤ ਹੋਣ ਦੀ ਜਰੂਰਤ ਹੈ, ਤਾਂ ਹੀ ਅਸੀਂ ਆਉਣ ਵਾਲੇ ਸਾਲਾਂ ਦੌਰਾਨ ਕਬੱਡੀ ਦਾ ਵਿਸ਼ਵ ਵਿਆਪੀ ਵਿਸਥਾਰ ਵੇਖ ਸਕਦੇ ਹਾਂ|
ਕਬੱਡੀ ਦੇ ਵਿਕਾਸ ਲਈ ਜੋ ਮੁੱਢਲੀਆਂ ਜਰੂਰਤਾਂ ਹਨ, ਉਨ੍ਹਾਂ ਵਿੱਚ ਖਾਸ ਤੌਰ ਤੇ ਇੱਕ ਵਿਧਾਨ ਦਾ ਹੋਣਾ ਬਹੁਤ ਜਰੂਰੀ ਹੈ, ਤਾਂ ਕਿ ਕਬੱਡੀ ਨੂੰ ਓਲੰਪਿਕ ਤੱਕ ਦੇਖਣ ਤੋਂ ਪਹਿਲਾਂ ਅਸੀਂ ਸਾਰੇ ਦੇਸ਼ਾ ਨੂੰ ਇਕ ਸੂਤਰ ਚ ਪਰੋ ਸਕੀਏ, ਨਹੀਂ ਤਾਂ ਕਬੱਡੀ ਦਾ ਹਾਲ ਵੀ ਹਾਕੀ ਤੇ ਸ਼ਤਰੰਜ ਵਰਗਾ ਹੀ ਹੋਵੇਗਾ, ਕਿਓਂਕਿ ਇਨਾਂ ਖੇਡਾਂ ਨੂੰ ਜਨਮ ਦੇਣ ਦੇ ਬਾਵਜੂਦ ਵੀ ਅਸੀਂ ਇਨਾਂ ਖੇਡਾਂ ਵਿਚ ਆਪਣੀ ਸਰਦਾਰੀ ਗੁਆ ਬੈਠੇਂ ਹਾਂ| ਕਬੱਡੀ ਵਿਸ਼ਵ ਕੱਪ ਦਾ ਹਿੱਸਾ ਰਹੇ ਕੁਝ ਸੂਝਵਾਨ ਵੀਰਾਂ ਨਾਲ ਵੀ ਗੱਲ ਕੀਤੀ, ਉਨਾਂ ਵੀ ਬੇਝਿਜਕ ਕਿਹਾ, ਕਿ ਕਬੱਡੀ ਵਿਸ਼ਵ ਕੱਪ ਦਾ ਪੱਧਰ ਅਜੇ ਵੀ ਪਿੰਡ ਪੱਧਰ ਦੇ ਕਿਸੇ ਟੂਰਨਾਮੇਂਟ ਵਾਂਗ ਹੀ ਹੈ, ਪਰ ਖੇਡਾਂ ਵਿਚ ਰਾਜਨੀਤੀ ਦੇ ਆਉਣ ਨਾਲ ਸਾਡੀ ਬਦਕਿਸਮਤੀ ਇਹ ਹੈ ਕਿ ਕੌਡੀ ਕੌਡੀ ਬੋਲਣ ਦੀ ਥਾਂ ਜਦ ਹੁਣ 30 ਸੇਕੇੰਡ ਤੇ ਹੂਟਰ ਵਜਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਕਈ ਅਖਬਾਰਾਂ ਤਾਂ ਉਸਨੂੰ  ਵੀ ਸਿਆਸੀ ਸ਼ਾਬਾਸ਼ੀ ਲੈਣ ਦੀ ਖਾਤਰ ਵੱਡੀ ਪ੍ਰਾਪਤੀ ਦੱਸ ਚੁੱਕੀਆਂ ਹਨ, ਪਰ ਮੈਂ ਇੱਕ ਗੱਲ ਬੜੇ ਦਾਅਵੇ ਨਾਲ ਆਖਦਾ ਹਾਂ, ਕਿ ਅਸਲ ਵਿਚ ਇਸ ਸਿਆਸੀ ਰੰਗ ਕਾਰਣ ਖੇਡਾਂ ਦੇ ਅਸਲ ਮੰਤਵ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ| ਵੈਸੇ ਇਨਾਂ ਕੋਲੋ ਇਸ ਖੇਡ ਦੇ ਵਿਧਾਨ ਦੀ ਉਮੀਦ ਕਰਨਾ ਵੀ ਗਲਤ ਹੈ, ਕਿਓਂਕਿ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਗਏ ਕੁਝ ਵਿਅਕਤੀਆਂ ਨੇ ਦੱਸਿਆ ਕਿ ਕੁਝ ਕੁ ਨਿਯਮ ਤਾਂ ਉਨਾਂ ਨੂੰ ਵਿਸ਼ਵ ਕੱਪ ਵਿੱਚ ਜਾ ਕਿ ਹੀ ਪਤਾ ਲੱਗੇ ਅਤੇ ਓਹ ਵੀ ਉਸ ਸਮੇਂ ਜਦ ਕਿਸੇ ਖਾਸ ਮੌਕੇ ਕੋਈ ਮੁੱਦਾ ਸਾਹਮਣੇ ਆਉਂਦਾ ਸੀ ਤਾਂ|
ਕੋਈ ਵੀ ਵਿਸ਼ਵ ਕੱਪ ਹਰ ਸਾਲ ਨਹੀਂ ਹੁੰਦਾ, ਪਰ ਸੁਖਵੀਰ ਬਾਦਲ ਦੇ ਸਿਆਸੀ ਇਰਾਦਿਆਂ ਕਾਰਣ ਅਜਿਹਾ ਪੰਜਾਬ ਵਿੱਚ ਸੰਭਵ ਹੋ ਚੁੱਕਾ ਹੈ, ਪਰ ਆਉਣ ਵਾਲੇ ਅਸਲ ਹਾਲਾਤਾਂ ਤੋ ਜਾਣੂ ਹੋਣ ਦੀ ਸਖ਼ਤ ਜਰੂਰਤ ਹੈ| ਸਿਆਸੀ ਹਵਾ ਦੇ ਬੁੱਲੇ ਨਾਲ ਕਬੱਡੀ ਦੀਆਂ ਗੱਲਾਂ ਵਿਦੇਸ਼ਾ ਵਿਚ ਹੋਣ ਲੱਗੀਆਂ ਨੇ, ਇਸ ਦੌਰਾਨ ਕਬੱਡੀ ਨੂੰ ਵੱਖ ਵੱਖ ਦੇਸ਼ਾਂ ਦੇ ਖੇਡ ਮੰਤਰਾਲਿਆ ਨਾਲ ਰਜਿਸਟਰਡ ਕਰਵਾਉਣ ਦੀ ਗੱਲ ਵੀ ਕੀਤੀ ਜਾ ਰਹੀ ਹੈ, ਪਰ ਜਦ ਰਜਿਸਟਰਡ ਹੋਣ ਤੋਂ ਬਾਅਦ ਕਬੱਡੀ ਦੇ ਨਿਯਮਾਂ ਸਬੰਧੀ ਸਵਾਲ ਸਾਹਮਣੇ ਆਉਣਗੇ ਤਾਂ ਫਿਰ ਸੁਖਬੀਰ ਬਾਦਲ ਵਲੋਂ ਉਸ ਦੇਸ਼ ਨੂੰ ਕਬੱਡੀ ਵਿਸ਼ਵ ਕੱਪ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ| ਖੈਰ ਆਉਣ ਵਾਲੇ ਸਿਆਸੀ ਮਾਹੌਲ ਦਾ ਵੀ ਕੱਲ ਨੂੰ ਕੋਈ ਭਰੋਸਾ ਨਹੀਂ, ਫਿਰ ਉਨਾਂ ਹਾਲਾਤਾਂ ਵਿੱਚ ਸੁਖਵੀਰ ਬਾਦਲ ਦਾ ਕਬੱਡੀ ਪ੍ਰੇਮ ਕਿੰਨਾ ਕੁ ਦੇਖਣ ਨੂੰ ਮਿਲਦਾ ਹੈ, ਇਹ ਗੱਲ ਵੀ ਆਉਣ ਵਾਲਾ ਸਮਾਂ ਜਰੂਰ ਦੱਸ ਦੇਵੇਗਾ, ਕਿਓਂਕਿ ਫਿਰ ਖੇਡਾਂ ਨੂੰ ਇਸਤੇਮਾਲ ਕਰਨ ਵਾਲੇ ਮੋਤੀਆਂ ਵਰਗੇ ਪ੍ਰਮੋਟਰ ਵੀ ਸਾਥ ਨਹੀਂ ਦੇਣਗੇ, ਕਿਓਂਕਿ ਉਨਾਂ ਨੂੰ ਸਿਆਸਤ ਦੇ ਪਲਟਵਾਰ ਦਾ ਖਮਿਆਜਾ ਵੀ ਭੁਗਤਨਾ ਪੈਣਾ ਹੈ| 

ਕੁਝ ਲੇਖਕਾਂ ਵਲੋਂ ਇਸ ਕਬੱਡੀ ਵਿਸ਼ਵ ਕੱਪ ਨੂੰ ਸਮਾਜਿਕ ਅਤੇ ਆਰਥਿਕ ਸਰੋਕਾਰ ਨਾਲ ਜੋੜ ਕੇ ਵੀ ਦੇਖਿਆ ਗਿਆ ਹੈ, ਉਸ ਵਿੱਚ ਗਲਤ ਗੱਲ ਵੀ ਕੋਈ ਨਹੀਂ, ਪਰ ਖੇਡਾਂ ਦੇ ਸੰਦਰਭ ਦੀ ਜੇਕਰ ਗੱਲ ਕਰੀਏ ਤਾਂ ਸਿਆਸਤ ਦੇ ਹਾਵੀ ਹੋਣ ਨਾਲ ਭਾਰਤ ਤੇ ਪਹਿਲਾਂ ਤੋਂ ਹੀ ਓਲੰਪਿਕ 2016 ਚ ਕੁਆਲੀਫਾਈ ਕਰਨ ਦਾ ਖਤਰਾ ਮੰਡਰਾ ਰਿਹਾ ਹੈ, ਪਰ ਕਬੱਡੀ ਨੂੰ ਓਲੰਪਿਕ ਤੱਕ ਪਹੁੰਚਦਾ ਕਰਨ ਲਈ ਸੁਖਵੀਰ ਬਾਦਲ ਸਿਆਸੀ ਇਰਾਦਿਆਂ ਦੀ ਪੂਰਤੀ ਲਈ ਕਾਫੀ ਯਤਨਸ਼ੀਲ ਹੈ| ਪੰਜਾਬ ਸਿਰ ਦਿਨ ਪਰ ਦਿਨ ਵਧ ਰਹੇ ਕਰਜੇ ਵੱਲ ਵੱਡੇ ਬਾਦਲ ਦਾ ਵੀ ਕੋਈ ਧਿਆਨ ਨਹੀਂ ਲੱਗਦਾ| ਵੱਡੇ ਬਾਦਲ ਦੇ ਮੁਤਾਬਿਕ ਸੁਖਵੀਰ ਦਾ ਇਹ ਸੁਪਨਾ ਹੈ ਕਿ ਕਬੱਡੀ ਨੂੰ ਓਲੰਪਿਕ ਤੱਕ ਪਹੁੰਚਾਇਆ ਜਾਵੇ, ਪਰ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਉਨਾਂ ਨੂੰ ਪੰਜਾਬ ਦੀ ਜਵਾਨੀ ਦੇ ਸੁਪਨਿਆ ਦੀ ਕੋਈ ਚਿੰਤਾ ਨਹੀਂ, ਪਿਤਾ ਹੋਣ ਦੇ ਨਾਤੇ ਸੁਖਵੀਰ ਦੇ ਸੁਪਨਿਆ ਦੀ ਚਿੰਤਾ ਬਹੁਤ ਹੈ| ਕੁਝ ਕੁ ਲਿਖਤਾਂ ਵਿੱਚ ਇਹ ਵੀ ਕਿਹਾ ਗਿਆ ਕਿ, ਖੇਡਾਂ ਕਾਰਣ ਹੀ ਕਈ ਦੇਸ਼ਾਂ ਦੀ ਬਰਬਾਦੀ ਵੀ ਹੋ ਗਈ, ਪਰ ਮੈਂ ਇਸ ਗੱਲ ਨਾਲ ਹਾਂ ਨਹੀਂ ਮਿਲਾ ਸਕਦਾ, ਉਸਦਾ ਕਾਰਣ ਹੈ ਕਿ ਜਦੋਂ ਕਦੇ ਵੀ ਕੋਈ ਦੇਸ਼ ਓਲੰਪਿਕ, ਕੌਮਨਵੈਲਥ ਜਾਂ ਵਿਸ਼ਵ ਕੱਪ ਦਾ ਆਯੋਜਨ ਕਰਦਾ ਹੈ, ਤਾਂ ਉਸਤੋਂ ਪਹਿਲਾਂ ਓਹ ਦੇਸ਼ ਆਪਣੀ ਦਾਵੇਦਾਰੀ ਖੁਦ ਪੇਸ਼ ਕਰਦਾ ਹੈ ਅਤੇ ਉਸਤੋਂ ਬਾਅਦ ਉਸ ਕੋਲ 8 ਸਾਲ ਤੱਕ ਦਾ ਸਮਾਂ ਹੁੰਦਾ ਹੈ, ਤਾਂਕਿ ਪੂਰਾ ਆਯੋਜਨ ਠੀਕ ਹੋ ਸਕੇ| ਯੂਰਪ ਦੀ ਆਰਥਿਕ ਮੰਦੀ ਲਈ ਖੇਡਾਂ ਦਾ ਹੀ ਕਸੂਰ ਨਹੀਂ, ਕਿਓਂਕਿ ਉਸ ਲਈ ਕਈ ਹੋਰ ਬਹੁਤ ਸਾਰੇ ਕਾਰਣ ਵੀ ਸ਼ਾਮਿਲ ਨੇ, 1896 ਤੋਂ ਸ਼ੁਰੂ ਹੋਈਆਂ ਓਲੰਪਿਕ ਖੇਡਾਂ ਨੇ ਇੱਕ ਸਦੀ ਵਿੱਚ ਤਾਂ ਕਿਸੇ ਦੇਸ਼ ਦੀ ਆਰਥਿਕਤਾ ਨੂੰ ਨੁਕਸਾਨ ਨਹੀਂ ਪਹੁੰਚਾਇਆ, ਹਾਂ ਸਿਆਸਤ ਦੇ ਲੋਭ ਕਾਰਣ ਬਿਨਾਂ ਸ਼ੱਕ ਨਾ ਸਿਰਫ ਖੇਡਾਂ ਦਾ ਬਲਕਿ ਆਰਥਿਕ ਨੁਕਸਾਨ ਵੀ ਜਰੂਰ ਹੋ ਰਿਹਾ ਹੈ| ਪਰ ਇਸ ਨੁਕਸਾਨ ਦੇ ਲਈ ਜਿੰਮੇਂਵਾਰ ਖੇਡ ਜਗਤ ਚ ਘੁਣ ਵਾਂਗ ਲੱਗੇ ਸਿਆਸੀ ਇਰਾਦਿਆਂ ਵਾਲੇ ਖੇਡ ਜਗਤ ਦੇ ਬਰਸਾਤੀ ਸ਼ੁਭਚਿੰਤਕ ਹਨ| 

ਕਬੱਡੀ ਵਿਸ਼ਵ ਕੱਪ ਦੇ ਇਸ ਆਯੋਜਨ ਨਾਲ ਕਬੱਡੀ ਦਾ ਫਾਇਦਾ ਘੱਟ ਤੇ ਨੁਕਸਾਨ ਜਿਆਦਾ ਹੋ ਰਿਹਾ ਲੱਗਦਾ ਹੈ| ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਦੀ ਟੀਮ ਨੂੰ ਇਸ ਵਾਰ ਬਾਹਰ ਕਰ ਦਿੱਤਾ ਗਿਆ, ਜਦਕਿ ਪਿਛਲੇ ਸਾਲ ਆਸਟ੍ਰੇਲੀਆ ਦੀਆਂ ਦੋ ਟੀਮਾਂ ਨੂੰ ਐਂਟਰੀ ਦਿੱਤੀ ਗਈ ਸੀ, ਹੁਣ ਸੁਖਵੀਰ ਬਾਦਲ ਅਤੇ ਉਨਾਂ ਦੇ ਨਾਲ ਕਬੱਡੀ ਵਿਸ਼ਵ ਕੱਪ ਦੇ ਕਰਤਾ ਧਰਤਾ ਇਸ ਗੱਲ ਦਾ ਜਵਾਬ ਤਾਂ ਹੀ ਦੇਣਗੇ ਜਦ ਕਿਸੇ ਸਵਾਲ ਦਾ ਜਵਾਬ ਦੇਣ ਲਈ ਉਨਾਂ ਕੋਲ ਖੇਡਾਂ ਦਾ ਕੋਈ ਗਿਆਨ ਹੋਵੇਗਾ| ਪਰ ਸ਼ਾਇਦ  ਇਸ ਪਿੰਡ ਪੱਧਰ ਦੇ ਵਿਸ਼ਵ ਕੱਪ ਦੇ ਆਯੋਜਕ ਵੀ ਪਿੰਡ ਪੱਧਰ ਦੀ ਸੋਚ ਹੀ ਲਗਾਈ ਬੈਠੇ ਹਨ, ਜਿਨਾਂ ਤੋਂ ਆਸ ਕਰਨਾ ਵੀ ਗਲਤ ਹੀ ਲੱਗਦਾ ਹੈਕਈ ਦੇਸ਼ਾਂ ਨੂੰ ਤਾਂ ਵਿਸ਼ਵ ਕੱਪ ਵਿੱਚ ਸ਼ਾਮਿਲ ਹੀ ਇਸ ਕਰਕੇ ਕੀਤਾ ਜਾਂਦਾ ਹੈ ਕਿ ਚਲੋ ਜੇਕਰ ਇੱਕ ਦੇਸ਼ ਦੀ ਟੀਮ ਨਹੀਂ ਆਈ ਤਾਂ ਫਿਰ ਭੇਜ ਦਿਓ ਸੁਨੇਹਾ, ਵੈਸੇ ਇੱਕ ਗੱਲ ਦਾ ਲਿਖਣਾ ਸਹੀ ਹੋਵੇਗਾ ਕਿ ਅੱਜ ਸੁਖਵੀਰ ਬਾਦਲ ਜੇਕਰ ਸਿਆਸੀ ਲਾਹੇ ਲਈ ਜਿਨਾਂ ਦੇਸ਼ਾਂ ਦੀ ਚੋਣ ਕਰਕੇ ਜਾਂ ਨਾਂ ਕਰਕੇ ਕਬੱਡੀ ਨੂੰ ਪ੍ਰਫੁਲਿੱਤ ਕਰਨ ਦੀ ਗੱਲ ਕਰ ਰਿਹਾ ਹੈ, ਉਨਾਂ ਦੇਸ਼ਾਂ ਵੱਸ ਕਿ ਹੀ ਪਰਵਾਸੀ ਵੀਰਾਂ ਨੇ ਕਬੱਡੀ ਨੂੰ ਕੱਖਾਂ ਤੋਂ ਲੱਖਾਂ ਤੱਕ ਪਹੁੰਚਾਇਆ ਹੈ, ਜੇਕਰ ਇਹ ਸਹੀ ਹੈ ਤਾਂ ਆਸਟ੍ਰੇਲੀਆ ਦੀ ਟੀਮ ਨੂੰ ਬਾਹਰ ਰੱਖਣ ਦਾ ਹੱਕ ਵੀ ਕਿਸੇ ਨੂੰ ਨਹੀਂ ਹੈ| ਪਰ ਅਜਿਹਾ ਹੁੰਦਾ ਰਹੇਗਾ, ਜਦ ਤਕ ਖੇਡਾਂ ਸਿਆਸੀ ਮਕਸਦ ਲਈ ਕਰਵਾਈਆਂ ਜਾਣਗੀਆਂ|

ਵੈਸੇ ਇਸ ਵਾਰ ਡੋਪ ਵਾਲਾ ਮਸਲਾ ਕਾਫੀ ਹੱਦ ਤੱਕ ਠੀਕ ਰਿਹਾ, ਪਰ ਇਸਨੂੰ ਯਕੀਨੀ ਰੂਪ ਵਜੋਂ ਮੰਨ ਲੈਣਾ ਵੀ ਗਲਤ ਹੋਵੇਗਾ, ਕਿਓਂਕਿ ਇਸ ਵਾਰ ਇਸ ਮੁੱਦੇ ਉੱਤੇ ਅਖਵਾਰਾਂ ਵਲੋਂ ਵੀ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਗਈ, ਪਰ ਕਬੱਡੀ ਵਾਸਤੇ ਇਹ ਸੁਖਦ ਅਹਿਸਾਸ ਰਿਹਾ| ਆਖਿਰ ਹੁਣ ਗੱਲ ਕਰਦੇ ਚੱਲਦੇ ਹਨ, ਅਕਸ਼ੇ ਕੁਮਾਰ ਅਤੇ ਕਟਰੀਨਾ ਕੈਫ਼ ਦੇ ਉੱਤੇ ਖਰਚੇ ਗਏ ਕਰੋਂੜਾਂ ਰੁਪਿਆਂ ਦੀ, ਚਲੋ ਇਕ ਵਾਰ ਮੰਨ ਲੈਂਦੇ ਹਾਂ ਕਿ ਖੇਡਾਂ ਦੇ ਉਦਘਾਟਨ ਤੇ ਸਮਾਪਨ ਲਈ ਰੰਗਾਰੰਗ ਪ੍ਰੋਗ੍ਰਾਮ ਉਲੀਕਿਆ ਗਿਆ ਸੀ, ਪਰ ਆਪ ਸ਼ਾਹ ਸਵਾਰ ਬਣਕੇ ਅਕਸ਼ੇ ਕੁਮਾਰ ਨਾਲ ਫਿਰ ਤੋਂ ਗੇੜੀ ਲਾਉਣ ਨਾਲ ਸਿਆਸੀ ਸੋਚ ਸਾਫ਼ ਨਸ਼ਰ ਹੋ ਜਾਂਦੀ ਹੈ|

ਕਬੱਡੀ ਦਾ ਵਧੀਆ ਭਵਿੱਖ  ਦੇਖਣ ਲਈ ਸਾਨੂੰ ਇਸਦੇ ਰਾਜਨੀਤੀਕਰਨ ਤੋਂ ਹੋਣ ਨੂੰ ਬਚਾਉਣਾ ਬਹੁਤ ਜਰੂਰੀ ਹੈ, ਨਹੀਂ ਤਾਂ ਜਿਸ ਤਰਾਂ ਮੁੱਕੇਬਾਜੀ ਤੇ ਰਾਜਨੀਤੀ ਕਾਰਣ 2016 ਓਲੰਪਿਕ ਕੁਆਲੀਫਾਈ ਨਾਂ ਹੋਣ ਦੇ ਬੱਦਲ ਮੰਡਰਾ ਰਹੇ ਹਨ, ਕਬੱਡੀ ਦਾ ਵੀ ਇਹੋ ਹਸ਼ਰ ਹੋ ਸਕਦਾ ਹੈ| ਇਸ ਤੋਂ ਇਲਾਵਾ ਹਰ ਇੱਕ ਕਬੱਡੀ ਖੇਡਣ ਦੇ ਚਾਹਵਾਨ ਦੇਸ਼ ਕੋਲ ਇੱਕੋ ਇੱਕ ਵਿਧਾਨ ਦਾ ਹੋਣਾ ਬਹੁਤ ਜਰੂਰੀ ਹੈ, ਤਾਂਕਿ ਹਰ ਥਾਂ ਕਬੱਡੀ ਇੱਕੋ ਹੀ ਨਿਯਮਾਂ ਦੇ ਅਨੁਸਾਰ ਖੇਡੀ ਜਾ ਸਕੇ| ਕਬੱਡੀ ਵਿਸ਼ਵ ਕੱਪ ਦੇ ਨਿਯਮ ਟੀਮਾਂ ਨੂੰ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਪਤਾ ਹੋਣੇ ਬਹੁਤ ਜਰੂਰੀ ਨੇ| ਵਿਸ਼ਵ ਕੱਪ ਦੇ ਹਰ ਸਾਲ ਆਯੋਜਨ ਨਾਲ ਇਸਦੇ ਅਰਥ ਬਦਲਣ ਦੀ ਬਜਾਏ, ਇਸਨੂੰ ਹਰ ਚਾਰ ਸਾਲ ਬਾਅਦ ਵਧੀਆ ਤਰੀਕੇ ਨਾਲ ਕਰਵਾ ਲੇਣਾ ਜਿਆਦਾ ਬੇਹਤਰ ਰਹੇਗਾ, ਪਰ ਫਿਰ ਸਿਆਸੀ ਲਾਭ ਲੈਣ ਦੀਆਂ ਸੰਭਾਵਨਾਵਾਂ ਘਟ ਜਾਣਗੀਆਂ, ਜਿਸ ਕਾਰਣ ਅਜਿਹਾ ਹੋਣਾ ਵੀ ਹਾਲ ਦੀ ਘੜੀ ਅਸੰਭਵ ਹੈ| ਕੁੱਲ ਮਿਲਾ ਕੇ ਜੇਕਰ ਇਹੋ ਹਾਲ ਰਿਹਾ ਤਾਂ ਕਬੱਡੀ ਦੇ ਓਲੰਪਿਕ ਤੱਕ ਪਹੁੰਚਣ ਦੀ ਗੱਲ ਤਾਂ ਦੂਰ, ਸਿਆਸੀ ਕਾਰਣਾਂ ਕਰਕੇ ਕਿਤੇ ਪਰਵਾਸੀ ਵੀਰ ਵੀ ਕਬੱਡੀ ਤੋਂ ਪਾਸਾ ਨਾਂ ਵੱਟ ਲੈਣ, ਜਿਸ ਤਰਾਂ ਮਤਰੇਈ ਮਾਂ ਵਾਲਾ ਵਤੀਰਾ ਆਸਟ੍ਰੇਲੀਆ ਨਾਲ ਹੋ ਰਿਹਾ ਹੈ, ਉਹ ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ ਹੈ, ਤੇ ਨਿਊਜੀਲੈਂਡ ਨਾਲ ਵੀ ਹੋ ਚੁੱਕਾ ਹੈ, ਜਦ ਕੀ ਪਰਵਾਸੀ ਵੀਰਾਂ ਦੇ ਕਬੱਡੀ ਪ੍ਰਤੀ ਪਿਆਰ ਕਾਰਣ ਅੱਜ ਕੁਝ ਲੋਕ ਸਿਆਸੀ ਲਾਹਾ ਲੈ ਰਹੇ ਹਨ, ਜਿਸ ਕਾਰਣ ਕਬੱਡੀ ਦੀਆਂ ਸੰਭਾਵਨਾਵਾਂ ਕੋਈ ਬਹੁਤੀਆਂ ਵਧੀਆ ਦਿਖਾਈ ਨਹੀਂ ਦਿੰਦੀਆਂ|

ਅਮਰਿੰਦਰ ਸਿੰਘ ਗਿੱਦਾ
amrinder.gidda@gmail.com

No comments:

Post a Comment